ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਡੀਸੀ ਦਫ਼ਤਰ ਦੇ ਬਾਹਰ ਦਿੱਤਾ ਵਿਸ਼ਾਲ ਧਰਨਾ

ਨਬਜ਼-ਏ-ਪੰਜਾਬ, ਮੁਹਾਲੀ, 28 ਮਾਰਚ:
ਸੰਯੁਕਤ ਕਿਸਾਨ ਮੋਰਚੇ (ਐਸਕੇਐਮ) ਦੇ ਸੱਦੇ ’ਤੇ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਮੁਹਾਲੀ ਵਿੱਚ ਡੀਸੀ ਦਫ਼ਤਰ ਬਾਹਰ ਵਿਸ਼ਾਲ ਧਰਨਾ ਦਿੱਤਾ ਅਤੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਯੂਨੀਅਨ (ਰਾਜੇਵਾਲ), ਕਿਸਾਨ ਯੂਨੀਅਨ (ਲੱਖੋਵਾਲ), ਕਿਸਾਨ ਯੂਨੀਅਨ (ਉਗਰਾਹਾਂ), ਕਿਸਾਨ ਯੂਨੀਅਨ (ਕਾਦੀਆ), ਕਿਸਾਨ ਯੂਨੀਅਨ (ਏਕਤਾ-ਡਕੌਂਦਾ), ਕਿਸਾਨ ਯੂਨੀਅਨ (ਪੁਆਧ), ਕ੍ਰਾਂਤੀਕਾਰੀ ਤੇ ਚੜੂਨੀ ਗਰੁੱਪ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਬਾਅਦ ਵਿੱਚ ਕਿਸਾਨਾਂ ਨੇ ਪੰਜਾਬ ਦੇ ਰਾਜਪਾਲ ਦੇ ਨਾਂ ਲਿਖਿਆ ਮੰਗ ਪੱਤਰ ਦਿੱਤਾ।
ਇਸ ਮੌਕੇ ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਨ, ਕਿਰਪਾਲ ਸਿੰਘ ਸਿਆਊ, ਲਖਵਿੰਦਰ ਸਿੰਘ ਕਰਾਲਾ, ਜਸਪਾਲ ਸਿੰਘ ਨਿਆਮੀਆਂ, ਦਵਿੰਦਰ ਸਿੰਘ ਦੇਹਕਲਾਂ, ਅੰਗਰੇਜ਼ ਸਿੰਘ, ਤਰਲੋਚਨ ਸਿੰਘ ਅਤੇ ਕੁਲਵੰਤ ਸਿੰਘ ਤ੍ਰਿਪੜੀ ਨੇ ਕਿਹਾ ਕਿ ਮੋਰਚਿਆਂ ’ਚੋਂ ਉੱਭਰੀ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਵੱਲੋਂ ਕੇਂਦਰ ਸਰਕਾਰ ਨਾਲ ਮਿਲ ਕੇ ਕਿਸਾਨਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਤਾਰਪੀਡੋ ਕਰਨ ਅਤੇ ਕਿਸਾਨਾਂ ਦੀ ਸੰਘੀ ਘੁੱਟਣ ਲਈ ਪੁਲੀਸ ਰਾਹੀਂ ਦਮਨ ਚੱਕਰ ਚਲਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੇ ਸੰਵਿਧਾਨ ਅਨੁਸਾਰ ਹਰੇਕ ਨਾਗਰਿਕ ਨੂੰ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਨ ਦਾ ਮੌਲਿਕ ਜਮਹੂਰੀ ਅਧਿਕਾਰ ਪ੍ਰਾਪਤ ਹੈ ਪ੍ਰੰਤੂ ਬੀਤੀ 5 ਮਾਰਚ ਨੂੰ ਸੰਯੁਕਤ ਕਿਸਾਨ ਮੋਰਚਾ ਵੱਲੋਂ ਚੰਡੀਗੜ੍ਹ ਵਿੱਚ ਦਿੱਤੇ ਜਾਣ ਵਾਲੇ ਸੱਤ ਰੋਜ਼ਾ ਧਰਨੇ ਤੋਂ ਪਹਿਲਾਂ ਹੀ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਵਿੱਚ ਡੱਕਿਆ ਗਿਆ। ਇਸ ਮਗਰੋਂ 19 ਮਾਰਚ ਨੂੰ ਪੰਜਾਬ ਦੇ ਮੰਤਰੀਆਂ ਦੀ ਮੌਜੂਦਗੀ ਵਿੱਚ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਲਈ ਸੱਦ ਕੇ ਪਿੱਛੋਂ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਬੁਲਡੋਜ਼ਰ ਚਲਾਇਆ ਗਿਆ ਅਤੇ ਮੀਟਿੰਗ ਤੋਂ ਵਾਪਸ ਪਰਤ ਰਹੇ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਕਿਸਾਨਾਂ ਨੇ ਦੋਸ਼ ਲਾਇਆ ਕਿ ਪੁਲੀਸ ਨੇ ਉਨ੍ਹਾਂ ਦੇ ਟਰੈਕਟਰ-ਟਰਾਲੀਆਂ ਅਤੇ ਹੋਰ ਵਾਹਨ ਅਤੇ ਕਾਫ਼ੀ ਸਮਾਨ ਵੀ ਗਾਇਬ ਕਰ ਦਿੱਤਾ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਗ੍ਰਿਫ਼ਤਾਰ ਕੀਤੇ ਸਾਰੇ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ ਅਤੇ ਟਰੈਕਟਰ-ਟਰਾਲੀਆਂ ਅਤੇ ਬਾਕੀ ਸਮਾਨ ਵਾਪਸ ਮੋੜਿਆ ਜਾਵੇ।
ਇਸ ਮੌਕੇ ਬਲਜਿੰਦਰ ਸਿੰਘ ਭਾਗੋਮਾਜਰਾ, ਅਕਾਲੀ ਆਗੂ ਪਰਮਜੀਤ ਸਿੰਘ ਕਾਹਲੋਂ, ਲੋਕ ਹਿੱਤ ਮਿਸ਼ਨ ਦੇ ਆਗੂ ਰਵਿੰਦਰ ਸਿੰਘ ਵਜੀਦਪੁਰ ਤੇ ਗੁਰਮੀਤ ਸਿੰਘ ਮਾਟੂ, ਦਰਸ਼ਨ ਸਿੰਘ ਖੇੜਾ, ਕਰਮ ਸਿੰਘ ਬਰੋਲੀ, ਲਖਵਿੰਦਰ ਸਿੰਘ, ਹੈਪੀ ਉਗਰਾਹਾ ਬਲਾਕ ਪ੍ਰਧਾਨ ਡੇਰਾਬੱਸੀ, ਜਗਜੀਤ ਸਿੰਘ ਡਕੌਂਦਾ, ਰਜਿੰਦਰ ਸਿੰਘ ਢੋਲਾ, ਜ਼ਿਲ੍ਹਾ ਪ੍ਰਧਾਨ, ਬਲਜੀਤ ਸਿੰਘ ਭਾਊ, ਗੁਰਪ੍ਰੀਤ ਸਿੰਘ ਪਲਹੇੜੀ, ਕਰਮ ਸਿੰਘ ਡੇਰਾਬੱਸੀ, ਜਗਵਿੰਦਰ ਸਿੰਘ ਕੰਡਾਲਾ, ਤੇਜਿੰਦਰਪੁਰੀ, ਅਮਨ ਹੰਡੇਸਰਾ, ਬੀਬੀ ਬਲਜੀਤ ਕੌਰ, ਗੁਰਪ੍ਰੀਤ ਸਿੰਘ, ਸਤਨਾਮ ਸਿੰਘ ਚੜੂਨੀ ਗਰੁੱਪ, ਇੰਦਰਜੀਤ ਸਿੰਘ, ਦਰਸ਼ਨ ਸਿੰਘ ਦੁਰਾਲੀ, ਕਮਲਜੀਤ ਲਾਂਡਰਾਂ ਵੀ ਹਾਜ਼ਰ ਸਨ।

Load More Related Articles

Check Also

ਸੀਐਮ ਦੀ ਯੋਗਸ਼ਾਲਾ: ਮਿਉਂਸੀਪਲ ਹਾਈਟਸ ਵਿੱਚ ਸਾਲ ਪੂਰਾ ਹੋਣ ’ਤੇ ਕੇਕ ਕੱਟ ਕੇ ਮਨਾਇਆ ਜਸ਼ਨ

ਸੀਐਮ ਦੀ ਯੋਗਸ਼ਾਲਾ: ਮਿਉਂਸੀਪਲ ਹਾਈਟਸ ਵਿੱਚ ਸਾਲ ਪੂਰਾ ਹੋਣ ’ਤੇ ਕੇਕ ਕੱਟ ਕੇ ਮਨਾਇਆ ਜਸ਼ਨ ਰੋਜ਼ਾਨਾ ਯੋਗ ਅਭਿਆ…