Nabaz-e-punjab.com

ਵਿਰੋਧੀ ਧਿਰ ਦੇ ਵੱਖ ਵੱਖ ਗਰੁੱਪਾਂ ਨੇ 14 ਨੂੰ ਸੱਦੀ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀ ਜਨਰਲ ਬਾਡੀ ਮੀਟਿੰਗ

ਜਥੇਬੰਦੀ ਦਾ ਕਾਰਜਕਾਲ ਪੂਰੇ ਹੋਏ ਨੂੰ 6 ਮਹੀਨੇ ਤੋਂ ਵੱਧ ਸਮਾਂ ਬੀਤਿਆਂ, ਨਹੀਂ ਹੋਈ ਚੋਣ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜੂਨ:
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀ ਵਿਰੋਧੀ ਧਿਰ ਦੇ ਵੱਖ ਵੱਖ ਗਰੁੱਪਾਂ ਦੇ ਆਗੂਆਂ ਵੱਲੋਂ ਐਸੋਸੀਏਸ਼ਨ ਦੀਆਂ ਚੋਣਾਂ ਨੂੰ ਲੈ ਕੇ ਸਰਗਰਮੀਆ ਤੇਜ ਕਰਦਿਆਂ ਕਰ ਦਿੱਤੀਆਂ ਹਨ। ਇਸ ਸਬੰਧੀ ਸਰਬ ਸਾਝਾ ਭਲਾਈ ਗਰੁੱਪ ਦੇ ਆਗੂਆਂ ਬਲਜਿੰਦਰ ਸਿੰਘ ਅਤੇ ਸੁਨੀਲ ਅਰੋੜਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸਨ ਦੀ ਜਨਰਲ ਬਾਡੀ ਦੀ ਮੀਟਿੰਗ 14 ਜੂਨ ਨੂੰ ਬੁਲਾਉਣ ਸਬੰਧੀ ਸਮੂਹ ਕਰਮਚਾਰੀਆਂ/ ਅਧਿਕਾਰੀਆਂ ਦੇ ਨਾਅ ਪੱਤਰ ਜਾਰੀ ਕੀਤਾ ਗਿਆ ਹੈ। ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਜਥੇਬੰਦੀ ਦਾ ਕਾਰਜਕਾਲ ਪੂਰੇ ਹੋਏ ਨੂੰ 6 ਮਹੀਨੇ ਤੋਂ ਵੱਧ ਦਾ ਸਮਾਂ ਲੰਘ ਚੱੁਕਿਆ ਹੈ। ਜਥੇਬੰਦੀ ਦੇ ਵੱਖ ਵੱਖ ਗਰੁੱਪਾਂ ਅਤੇ 600-700 ਮੁਲਾਜ਼ਮਾਂ ਵਲੋਂ ਸਾਲਾਨਾ ਚੋਣਾਂ ਕਰਵਾਉਣ ਸਬੰਧੀ ਆਗੂਆਂ ਨੂੰ ਲਿਖਤੀ ਪੱਤਰ ਦਿੱਤਾ ਗਿਆ ਸੀ ਪਰ ਜਥੇਬੰਦੀ ਦੇ ਆਗੂਆਂ ਵਲੋਂ ਚੋਣਾਂ ਨਹੀ ਕਰਵਾਈਆਂ ਜਾ ਰਹੀਆਂ, ਆਗੂਆਂ ਨੇ ਦੋਸ ਲਗਾਇਆ ਕਿ ਐਸੋਸੀਏਸ਼ਨ ਤੇ ਕਾਬਜ਼ ਧਿਰ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਵਰਸਜ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਵਿਰੁੱਧ ਕੇਸ ਦਾਇਰ ਕੀਤਾ ਹੋਇਆ ਹੈ ਅਤੇ ਅਦਾਲਤ ਵੱਲੋਂ ਬੋਰਡ ਦੇ 300 ਮੀਟਰ ਦੇ ਦਾਇਰੇ ਅੰਦਰ ਰੈਲੀਆਂ/ਧਰਨੇ ਕਰਨ ਤੇ ਰੋਕ ਲਗਾਈ ਗਈ ਹੈ ਅਤੇ ਕਰਮਚਾਰੀ ਐਸੋਸੀਏਸ਼ਨ ਵਲੋਂ ਮਾਨਯੋਗ ਅਦਾਲਤ ਤੋਂ ਚੋਣਾਂ ਕਰਵਾਉਣ ਸਬੰਧੀ ਇਜਾਜ਼ਤ ਮੰਗੀ ਗਈ ਹੈ।
ਸਰਬ ਸਾਝਾ ਭਲਾਈ ਗਰੁੱਪ ਦੇ ਆਗੂਆਂ ਬਲਜਿੰਦਰ ਸਿੰਘ ਅਤੇ ਸੁਨੀਲ ਅਰੋੜਾ ਨੇ ਕਿਹਾ ਕਿ ਮਾਨਯੋਗ ਅਦਾਲਤ ਨੇ ਬੋਰਡ ਦਫ਼ਤਰ ਦੀ ਹਦੂਦ ਤੋਂ 300 ਮੀਟਰ ਤੱਕ ਕੇਵਲ ਰੈਲੀਆਂ/ਧਰਨਿਆਂ ਕਰਨ ਤੇ ਪਾਬੰਦੀ ਲਗਾਈ ਹੈ, ਚੋਣਾਂ ਨਾ ਕਰਵਾਉਣ ਸਬੰਧੀ ਕੋਈ ਹੁਕਮ ਜਾਰੀ ਨਹੀ ਕੀਤੇ। ਇਸ ਲਈ ਆਗੂਆਂ ਵਲੋਂ ਚੋਣਾਂ ਲੇਟ ਕਰਵਾਉਣ ਦੀ ਮੰਦੀ ਭਾਵਨਾ ਦੇ ਚੱਲਦਿਆਂ ਬੋਰਡ ਮੁਲਾਜ਼ਮਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਬੋਰਡ ਮੁਲਜ਼ਮਾਂ ਦਾ ਬੋਰਡ ਕਰਮਚਾਰੀ ਐਸੋਸੀਏਸ਼ਨ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ ਅਤੇ ਬੋਰਡ ਦੇ ਮੁਲਾਜ਼ਮਾਂ ਦੀਆਂ ਕੈਟਾਗਰੀ ਵਾਈਜ ਜਥੇਬੰਦੀਆਂ ਹੋਂਦ ਵਿਚ ਆ ਰਹੀਆਂ ਹਨ ਅਤੇ ਬੋਰਡ ਦੇ ਹਾਲਾਤ ਦਿਨ ਵ ਦਿਨ ਖਰਾਬ ਹੋ ਰਹੇ ਹਨ। ਅਜਿਹੇ ਹਾਲਾਤਾਂ ਨੂੰ ਮੁੱਖ ਰੱਖਦਿਆਂ ਸਾਰੇ ਗਰੁੱਪਾਂ ਦੇ ਸਰਗਰਮ ਮੈਂਬਰਾਂ ਨੇ ਲੋਕਤੰਤਰੀ ਹੱਕਾਂ ਤਹਿਤ ਫ਼ੈਸਲਾ ਲੈਦੇ ਹੋਏ ਐਸੋਸੀਏਸ਼ਨ ਦੇ ਸੰਵਿਧਾਨ ਦੀ ਧਾਰਾ -10 ਤਹਿਤ 14 ਜੂਨ ਨੂੰ ਬੋਰਡ ਕੰਪਲੈਕਸ ‘ਚ ਦੁਪਹਿਰ 1.30 ਤੋਂ 2 ਵਜੇ ਤੱਕ ਜਨਰਲ ਬਾਡੀ ਦੀ ਮੀਟਿੰਗ ਰੱਖੀ ਗਈ ਹੈ।
ਉਧਰ, ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਸੁਖਚੈਨ ਸਿੰਘ ਸੈਣੀ ਅਤੇ ਜਨਰਲ ਸਕੱਤਰ ਪਰਮਿੰਦਰ ਸਿੰਘ ਖੰਗੂੜਾ ਅਤੇ ਹੋਰਨਾਂ ਆਗੂਆਂ ਨੇ ਸਪੱਸ਼ਟ ਆਖਿਆ ਕਿ ਵਿਰੋਧੀ ਧਿਰ ਆਪਣੇ ਪੱਧਰ ’ਤੇ ਜਨਰਲ ਇਜਲਾਸ ਸੱਦਣ ਦਾ ਕੋਈ ਹੱਕ ਅਧਿਕਾਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕਰਮਚਾਰੀ ਐਸੋਸੀਏਸ਼ਨ ਦੀ ਚੋਣ ਹਰੇਕ ਸਾਲ ਅਕਤੂਬਰ ਮਹੀਨੇ ਵਿੱਚ ਕਰਵਾਈ ਜਾਂਦੀ ਹੈ ਪ੍ਰੰਤੂ ਪਿਛਲੇ ਸਾਲ ਮੁਲਾਜ਼ਮਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਕੀਤੀਆਂ ਜਾਣ ਵਾਲੀਆਂ ਗੇਟ ਰੈਲੀਆਂ ਅਤੇ ਰੋਸ ਮੁਜ਼ਾਹਰਿਆਂ ’ਤੇ ਰੋਕ ਲਗਾਉਣ ਲਈ ਬੋਰਡ ਮੈਨੇਜਮੈਂਟ ਵੱਲੋਂ ਮੁਹਾਲੀ ਅਦਾਲਤ ਵਿੱਚ ਕੇਸ ਦਾਇਰ ਕੀਤਾ ਗਿਆ ਸੀ ਅਤੇ ਅਦਾਲਤ ਨੇ ਬੋਰਡ ਭਵਨ ਦੇ 300 ਮੀਟਰ ਘੇਰੇ ਅੰਦਰ ਰੋਸ ਮੁਜ਼ਾਹਰੇ ਅਤੇ ਰੈਲੀਆਂ ਕਰਨ ’ਤੇ ਪਾਬੰਦੀ ਲਗਾਈ ਗਈ ਸੀ। ਇਸੇ ਦੌਰਾਨ ਮੁਲਾਜ਼ਮ ਜਥੇਬੰਦੀ ਵੱਲੋਂ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਰੈਲੀਆਂ ਕਰਨ ਅਤੇ ਚੋਣ ਕਰਵਾਉਣ ਦੀ ਆਗਿਆ ਦੇਣ ਦੀ ਗੁਹਾਰ ਲਗਾਈ ਗਈ। ਅਦਾਲਤ ਨੇ ਮੁਲਾਜ਼ਮਾਂ ਦੀ ਇਸ ਅਰਜ਼ੀ ’ਤੇ ਸੁਣਵਾਈ 17 ਜੁਲਾਈ ਨੂੰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਦਾਲਤ ਦਾ ਜੋ ਵੀ ਫੈਸਲਾ ਹੋਵੇਗਾ। ਉਸ ਦੀ ਪਾਲਣਾ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…