ਕਾਂਗਰਸ ਸਰਕਾਰ ਸਮੇਂ ਸ਼ਹਿਰ ਵਿੱਚ ਆਏ ਵੱਖ-ਵੱਖ ਪ੍ਰਾਜੈਕਟ ‘ਆਪ’ ਦੇ ਏਜੰਡੇ ’ਚੋਂ ਗਾਇਬ

ਚੰਨੀ ਸਰਕਾਰ ਸਮੇਂ ਮੁਹਾਲੀ ਵਿੱਚ ਰੱਖੇ ਗਏ ਸੀ ਵੱਖ-ਵੱਖ ਪ੍ਰਾਜੈਕਟਾਂ ਦੇ ਨੀਂਹ ਪੱਥਰ

ਜ਼ਿਲ੍ਹਾ ਸਿਵਲ ਹਸਪਤਾਲ, ਆਡੀਟੋਰੀਅਮ, ਨਵਾਂ ਬੱਸ ਸਟੈਂਡ ਤੇ ਹੋਰ ਕੰਮਾਂ ’ਤੇ ਨਹੀਂ ਲੱਗੀ ਇੱਕ ਵੀ ਇੱਟ

ਨਬਜ਼-ਏ-ਪੰਜਾਬ, ਮੁਹਾਲੀ, 23 ਸਤੰਬਰ:
ਮੁਹਾਲੀ ਦੇ ਵਿਕਾਸ ਨੂੰ ਚਾਰ-ਚੰਨ ਲਗਾਉਣ ਲਈ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪਿਛਲੀ ਕਾਂਗਰਸ ਸਰਕਾਰ ਸਮੇਂ ਸ਼ਹਿਰ ਵਿੱਚ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੇ ਰੱਖੇ ਗਏ ਨੀਂਹ ਪੱਥਰ ਪੰਜਾਬ ਦੀ ਮੌਜੂਦਾ ‘ਆਪ’ ਸਰਕਾਰ ਦੇ ਏਜੰਡੇ ’ਚੋਂ ਗਾਇਬ ਹਨ। ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਉਪ ਮੁੱਖ ਮੰਤਰੀ ਓਪੀ ਸੋਨੀ ਅਤੇ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਵੱਲੋਂ ਕ੍ਰਮਵਾਰ ਇੱਥੋਂ ਦੇ ਸੈਕਟਰ-66 ਵਿੱਚ ਜ਼ਿਲ੍ਹਾ ਸਿਵਲ ਹਸਪਤਾਲ, ਸੈਕਟਰ-77 ਵਿੱਚ ਨਵਾਂ ਬੱਸ ਅੱਡਾ ਬਣਾਉਣ, ਸੈਕਟਰ-78 ਵਿੱਚ ਅਤਿ-ਆਧੁਨਿਕ ਆਡੀਟੋਰੀਅਮ ਅਤੇ ਫੇਜ਼-6 ਵਿੱਚ ਸਰਕਾਰੀ ਨਰਸਿੰਗ ਕਾਲਜ ਦਾ ਨੀਂਹ ਪੱਥਰ ਰੱਖਿਆ ਗਿਆ। ਇਨ੍ਹਾਂ ਪ੍ਰਾਜੈਕਟਾਂ ’ਤੇ ਕਰੀਬ 2400 ਕਰੋੜ ਰੁਪਏ ਖ਼ਰਚੇ ਜਾਣੇ ਸਨ ਪ੍ਰੰਤੂ ਸੱਤਾ ਪਰਿਵਰਤਨ ਤੋਂ ਬਾਅਦ ‘ਆਪ’ ਸਰਕਾਰ ਨੇ ਇਨ੍ਹਾਂ ਪ੍ਰਾਜੈਕਟਾਂ ’ਤੇ ਹੁਣ ਤੱਕ ਇੱਕ ਇੱਟ ਤੱਕ ਨਹੀਂ ਲਾਈ। ਜਿਸ ਕਾਰਨ ਹੁਣ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਇਹ ਸਾਰੇ ਪ੍ਰਾਜੈਕਟ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਅਣਥੱਕ ਯਤਨਾਂ ਸਦਕਾ ਮੁਹਾਲੀ ਵਿੱਚ ਆਏ ਸੀ। ਜਿਨ੍ਹਾਂ ਦਾ ਲੋਕਾਂ ਨੂੰ ਬਹੁਤ ਫਾਇਦਾ ਮਿਲਣਾ ਸੀ।
ਚਰਨਜੀਤ ਚੰਨੀ ਨੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਪੀਲ ’ਤੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਇੱਥੋਂ ਦੇ ਸੈਕਟਰ-66 ਵਿਖੇ 350 ਬਿਸਤਰਿਆਂ ਵਾਲੇ ਨਵੇਂ ਅਤਿ-ਆਧੁਨਿਕ ਸਰਕਾਰੀ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਸੀ। ਜਿਸ ’ਤੇ 40 ਕਰੋੜ ਰੁਪਏ ਖ਼ਰਚ ਕਰਨ ਸਮੇਤ ਇਸ ਦਾ ਨਾਂ ਸਾਹਿਬਜ਼ਾਦਾ ਅਜੀਤ ਸਿੰਘ ਸਿਵਲ ਹਸਪਤਾਲ ਰੱਖਣ ਦਾ ਐਲਾਨ ਕੀਤਾ ਸੀ। ਚੰਨੀ ਨੇ ਮੁਹਾਲੀ ਵਿੱਚ ਆਡੀਟੋਰੀਅਮ ਲਈ 10 ਕਰੋੜ ਰੁਪਏ ਮਨਜ਼ੂਰ ਕਰਨ ਕੀਤਾ ਸੀ। ਨਾਲ ਹੀ ਖੇਡ ਸਟੇਡੀਅਮ ਸੈਕਟਰ-78 ਵਿਖੇ ਸਿੰਥੈਟਿਕ ਟਰੈਕ ਵਿਛਾਉਣ ਲਈ 7 ਕਰੋੜ, ਪਿੰਡ ਸਨੇਟਾ ਅਤੇ ਘੜੂੰਆਂ ਦੀਆਂ ਡਿਸਪੈਂਸਰੀਆਂ ਨੂੰ ਕ੍ਰਮਵਾਰ ਪੀਐਚਸੀ ਅਤੇ ਸੀਐਚਸੀ ਅਤੇ ਨਵਾਂ ਬੱਸ ਸਟੈਂਡ ਬਣਾਉਣ ਅਤੇ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ 10 ਕਰੋੜ ਦੇਣ ਦਾ ਐਲਾਨ ਕੀਤਾ ਸੀ।

ਇੰਜ ਹੀ ਤਤਕਾਲੀ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਸੈਕਟਰ-77 ਵਿੱਚ 150 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਅੰਤਰਰਾਜੀ ਬੱਸ ਅੱਡਾ, ਸੈਕਟਰ-78 ਵਿੱਚ 15 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਭਗਤ ਆਸਾ ਰਾਮ ਬੈਦਵਾਨ ਆਡੀਟੋਰੀਅਮ ਅਤੇ ਸੈਕਟਰ-83 ਵਿੱਚ 145 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਟਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਰੱਖਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਮੁਹਾਲੀ ਵਾਸੀਆਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੰਦੇ ਹੋਏ ‘ਸਿਟੀ ਬੱਸ ਸਰਵਿਸ’ ਸ਼ੁਰੂ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਇਨ੍ਹਾਂ ਸਾਰੇ ਪ੍ਰਾਜੈਕਟਾਂ ਦਾ ਨਿਰਮਾਣ ਮਿੱਥੇ ਸਮੇਂ ਵਿੱਚ ਨੇਪਰੇ ਚਾੜ੍ਹਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਏਅਰਪੋਰਟ ਸੜਕ ’ਤੇ 14 ਏਕੜ ਵਿੱਚ ਸ਼ਹਿਰ ਦੇ ਕੇਂਦਰੀ ਸਥਾਨ ਉੱਤੇ ਅੰਤਰਰਾਜੀ ਬੱਸ ਅੱਡਾ ਬਣਨ ਮਗਰੋਂ ਮੁਸਾਫ਼ਰਾਂ ਨੂੰ ਚੰਡੀਗੜ੍ਹ ਦੇ ਸੈਕਟਰ-43 ਸਥਿਤ ਬੱਸ ਅੱਡੇ ਅਤੇ ਚੰਡੀਗੜ੍ਹ ਤੋਂ ਵਾਇਆ ਮੁਹਾਲੀ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਜਾਣ ਵਿੱਚ ਸੌਖ ਹੋਵੇਗੀ। ਕਾਂਗਰਸ ਸਰਕਾਰ ਨੇ ਮੁਹਾਲੀ ਨਗਰ ਨਿਗਮ ਦਾ ਘੇਰਾ ਤਿੰਨ ਕਿੱਲੋਮੀਟਰ ਤੱਕ ਵਧਾਉਣ ਦਾ ਐਲਾਨ ਵੀ ਕੀਤਾ ਸੀ। ਹੁਣ ਜਦੋਂ ਪੰਚਾਇਤ ਚੋਣਾਂ ਸਿਰ ’ਤੇ ਹਨ ਪ੍ਰੰਤੂ ਸੂਬਾ ਸਰਕਾਰ ਨਗਰ ਨਿਗਮ ਦਾ ਖੇਤਰਫਲ ਵਧਾਉਣ ਬਾਰੇ ਅੰਤਿਮ ਫ਼ੈਸਲਾ ਨਹੀਂ ਲੈ ਸਕੀ।

ਤਤਕਾਲੀ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਸਰਕਾਰੀ ਕਾਲਜ ਨੇੜੇ ਡਾ. ਬੀਆਰ ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਅਧੀਨ 600 ਕਰੋੜ ਦੀ ਲਾਗਤ ਬਣਨ ਵਾਲੇ ਸਰਕਾਰੀ ਨਰਸਿੰਗ ਕਾਲਜ ਦਾ ਨੀਂਹ ਪੱਥਰ ਰੱਖਿਆ ਸੀ। ਜਦੋਂਕਿ ਫੇਜ਼-3ਬੀ1 ਵਿੱਚ ਸਿਵਲ ਡਿਸਪੈਂਸਰੀ ਨੂੰ ਅਪਗਰੇਡ ਕਰਕੇ ਕਮਿਊਨਿਟੀ ਹੈਲਥ ਸੈਂਟਰ ਬਣਾਇਆ ਗਿਆ ਸੀ ਪ੍ਰੰਤੂ ‘ਆਪ’ ਸਰਕਾਰ ਨੇ ਇਹ ਇਮਾਰਤ ਲਿਵਰ ਇੰਸਟੀਚਿਊਟ ਨੂੰ ਦੇ ਦਿੱਤੀ ਅਤੇ ਸਿਹਤ ਸੰਸਥਾਨ ਨੂੰ ਸ਼ਹਿਰ ਤੋਂ ਦੂਰ ਖਰੜ ਹਲਕੇ ਦੇ ਪਿੰਡ ਸੰਤੇਮਾਜਰਾ ਵਿੱਚ ਸ਼ਿਫ਼ਟ ਕਰ ਦਿੱਤਾ। ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੱਲੋਂ ਇਸ ਸਬੰਧੀ ਹਾਈ ਕੋਰਟ ਵਿੱਚ ਕੇਸ ਦਾਇਰ ਕੀਤਾ ਹੋਇਆ ਹੈ। ਹਾਈ ਕੋਰਟ ਨੇ ਪੰਜਾਬ ਦੇ ਮੁੱਖ ਸਕੱਤਰ ਤੇ ਹੋਰਨਾਂ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਕੇ ਆਪਣਾ ਪੱਖ ਰੱਖਣ ਲਈ ਕਿਹਾ ਗਿਆ ਸੀ। ਮਾਮਲਾ ਉੱਚ ਅਦਾਲਤ ਦੇ ਵਿਚਾਰ ਅਧੀਨ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ, ਮੁਹਾਲੀ ਵਿੱਚ ਬਣਾਏਗੀ ਅਤਿ-ਆਧੁਨਿਕ ਵਰਕਿੰਗ ਵਿਮੈਨ ਹੋਸਟਲ, ਮਨਜ਼ੂਰੀ ਤੇ ਫ਼ੰਡ ਵੀ ਮਿਲੇ

ਪੰਜਾਬ ਸਰਕਾਰ, ਮੁਹਾਲੀ ਵਿੱਚ ਬਣਾਏਗੀ ਅਤਿ-ਆਧੁਨਿਕ ਵਰਕਿੰਗ ਵਿਮੈਨ ਹੋਸਟਲ, ਮਨਜ਼ੂਰੀ ਤੇ ਫ਼ੰਡ ਵੀ ਮਿਲੇ ਮੁੱਖ …