ਵੱਖ-ਵੱਖ ਸੜਕ ਹਾਦਸੇ: ਦੋ ਅੌਰਤਾਂ ਸਣੇ ਤਿੰਨ ਜਣਿਆਂ ਦੀ ਮੌਤ

ਪੁਲੀਸ ਕਰਮਚਾਰੀਆਂ ’ਤੇ ਜ਼ਖ਼ਮੀ ਲੜਕੀ ਨੂੰ ਹਸਪਤਾਲ ਲਿਜਾਉਣ ਤੋਂ ਕੋਰਾ ਜਵਾਬ ਦੇਣ ਦਾ ਦੋਸ਼, ਐਬੂਲੈਂਸ ਵੀ ਨਹੀਂ ਪੁੱਜੀ

ਨਿਊਜ਼ ਡੈਸਕ, ਮੁਹਾਲੀ, 15 ਦਸੰਬਰ
ਮੁਹਾਲੀ ਖੇਤਰ ਵਿੱਚ ਵਾਪਰੇ ਵੱਖ-ਵੱਖ ਸੜਕ ਹਾਦਸਿਆਂ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਜਿਨ੍ਹਾਂ ਵਿੱਚ ਦੋ ਅੌਰਤਾਂ ਸ਼ਾਮਲ ਹਨ। ਇੱਥੋਂ ਦੇ ਨੇੜਲੇ ਪਿੰਡ ਸਨੇਟਾ ਵਿੱਚ ਸੜਕ ਹਾਦਸੇ ਵਿੱਚ ਇੱਕ ਲੜਕੀ ਰਾਜਬੀਰ ਕੌਰ (25) ਵਾਸੀ ਰਾਜਪੁਰਾ ਦੀ ਦਰਦਨਾਕ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਪੁਲੀਸ ਨੇ ਹਾਦਸੇ ਵਿੱਚ ਜ਼ਖ਼ਮੀ ਲੜਕੀ ਨੂੰ ਹਸਪਤਾਲ ਵਿੱਚ ਲੈ ਕੇ ਜਾਣ ਤੋਂ ਸਾਫ਼ ਮਨ੍ਹਾਂ ਕਰ ਦਿੱਤਾ। ਜਿਸ ਕਾਰਨ ਲੜਕੀ ਦਾ ਭਰਾ ਬੜੀ ਮੁਸ਼ਕਲ ਨਾਲ ਹਾਦਸਾ ਗ੍ਰਸਤ ਕਾਰ ਵਿੱਚ ਖੂਨ ਨਾਲ ਲਥਪਥ ਆਪਣੀ ਭੈਣ ਨੂੰ ਲੈ ਕੇ ਸਰਕਾਰੀ ਹਸਪਤਾਲ ਵਿੱਚ ਪੁੱਜਾ। ਲੇਕਿਨ ਡਾਕਟਰਾਂ ਨੇ ਰਾਜਬੀਰ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ। ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਐਕਸੀਡੈਂਟ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੇ ਪੁਲੀਸ ਕਰਮਚਾਰੀਆਂ ਨੇ ਜ਼ਖ਼ਮੀ ਨੂੰ ਇਸ ਕਰਕੇ ਹਸਪਤਾਲ ਵਿੱਚ ਲਿਜਾਉਣ ਤੋਂ ਮਨ੍ਹਾਂ ਕੀਤਾ ਗਿਆ ਕਿਉਂਕਿ ਜ਼ਖ਼ਮੀ ਲੜਕੀ ਖੂਨ ਨਾਲ ਬੂਰੀ ਤਰ੍ਹਾਂ ਲਥਪਥ ਸੀ। ਪੁਲੀਸ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਗੱਡੀ ਦੀਆਂ ਸੀਟਾਂ ਅਤੇ ਗੱਡੀ ਖੂਨ ਨਾਲ ਖ਼ਰਾਬ ਹੋ ਜਾਵੇਗੀ।
ਮ੍ਰਿਤਕ ਦੇ ਭਰਾ ਬਲਕਾਰ ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ ਉਸ ਦੀ ਭੈਣ ਸੈਕਟਰ-22 ਵਿੱਚ ਕਿਸੇ ਕੰਮ ਲਈ ਆਈ ਸੀ ਅਤੇ ਉਹ ਉਸ ਨੂੰ ਲੈ ਕੇ ਵਾਪਸ ਰਾਜਪੁਰਾ ਜਾ ਰਿਹਾ ਸੀ ਕਿ ਰਸਤੇ ਵਿੱਚ ਪਿੰਡ ਸਨੇਟਾ ਨੇੜੇ ਇੱਕ ਟਿੱਪਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਕਾਰ ਬੂਰੀ ਤਰ੍ਹਾਂ ਟੁੱਟ ਗਈ ਅਤੇ ਪਿਛਲੀ ਸੀਟ ’ਤੇ ਬੈਠੀ ਉਸ ਦੀ ਭੈਣ ਰਾਜਬੀਰ ਕੌਰ ਦਾ ਧੜ ਗਰਦਨ ਤੋਂ ਕਟ ਕੇ ਲਮਕ ਗਿਆ ਅਤੇ ਖੂਨ ਨਿਕਲਣਾ ਸ਼ੁਰੂ ਹੋ ਗਿਆ। ਬਲਕਾਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਕਰੀਬ ਸਾਢੇ ਸੱਤ ਵਜੇ ਹੋਇਆ ਅਤੇ ਕਰੀਬ ਅੱਧੇ ਘੰਟੇ ਤੱਕ ਉਹ 108 ਨੰਬਰ ’ਤੇ ਫੋਨ ਕਰਕੇ ਐਬੂਲੈਂਸ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਐਬੂਲੈਂਸ ਨਹੀਂ ਪਹੁੰਚੀ। ਇਸ ਦੌਰਾਨ ਉਨ੍ਹਾਂ ਨੇ 100 ਨੰਬਰ ’ਤੇ ਪੁਲੀਸ ਕੰਟਰੋਲ ਰੂਮ ਨੂੰ ਫੋਨ ਕੀਤੇ ਗਏ ਲੇਕਿਨ ਸੂਚਨਾ ਦੇ ਕਰੀਬ ਅੰਧੇ ਘੰਟੇ ਬਾਅਦ ਪੁਲੀਸ ਦਾ ਰੇਪਿਡ ਵਾਹਨ ਮੌਕੇ ’ਤੇ ਪਹੁੰਚਾ। ਲੇਕਿਨ ਪੁਲੀਸ ਕਰਮਚਾਰੀਆਂ ਨੇ ਜ਼ਖ਼ਮੀ ਲੜਕੀ ਨੂੰ ਹਸਪਤਾਲ ਵਿੱਚ ਲੈ ਕੇ ਜਾਣ ਤੋਂ ਮਨ੍ਹਾਂ ਕਰ ਦਿੱਤਾ। ਇਸ ਤਰ੍ਹਾਂ ਉਹ ਬੜੀ ਮੁਸ਼ਕਲ ਨਾਲ ਟੁੱਟੀ ਫੁੱਟੀ ਕਾਰ ਵਿੱਚ ਆਪਣੀ ਭੈਣ ਨੂੰ ਲੈ ਕੇ ਹਸਪਤਾਲ ਵਿੱਚ ਪੁੱਜਾ। ਭਲਕੇ ਸ਼ੁੱਕਰਵਾਰ ਨੂੰ ਲੜਕੀ ਦਾ ਪੋਸਟ ਮਾਰਟਮ ਹੋਵੇਗਾ। ਇਹੀ ਨਹੀਂ ਪੁਲੀਸ ਦੀ ਕਥਿਤ ਲਾਪਰਵਾਹੀ ਦੇ ਚਲਦਿਆਂ ਟਿੱਪਰ ਚਾਲਕ ਵੀ ਮੌਕੇ ’ਤੇ ਫਰਾਰ ਹੋ ਗਿਆ।
ਇੱਥੋਂ ਦੇ ਫੇਜ਼-1 ਵਿੱਚ ਬੱਸ ਤੇ ਮੋਟਰ ਸਾਈਕਲ ਦੀਅ ਟੱਕਰ ਵਿੱਚ ਇੱਕ ਅੌਰਤ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਦਰਸ਼ਨੀ ਦੇਵੀ (49) ਵਾਸੀ ਧਨਾਸ (ਚੰਡੀਗੜ੍ਹ) ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਰਸ਼ਨੀ ਦੇਵੀ ਅੱਜ ਆਪਣੇ ਭਤੀਜੇ ਵਿਕਾਸ ਕੁਮਾਰ ਨਾਲ ਮੋਟਰ ਸਾਈਕਲ ’ਤੇ ਆਪਣੇ ਘਰ ਪਰਤ ਰਹੀ ਸੀ ਕਿ ਇਸ ਦੌਰਾਨ ਬੱਸ ਨੇ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਹ ਸੜਕ ਵਿਚਕਾਰ ਡਿੱਗ ਪਏ ਅਤੇ ਮੋਟਰ ਸਾਈਕਲ ਦੇ ਪਿੱਛੇ ਬੈਠੀ ਦਰਸ਼ਨੀ ਦੇਵੀ ਦੇ ਸਿਰ ਵਿੱਚ ਡੂੰਘੀ ਸੱਟ ਵੱਜੀ। ਜਿਸ ਨੂੰ ਤੁਰੰਤ ਇਲਾਜ ਲਈ ਸਰਕਾਰੀ ਹਸਪਤਾਲ ਫੇਜ਼-6 ਵਿੱਚ ਲਿਜਾਇਆ ਗਿਆ ਲੇਕਿਨ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਸੇ ਤਰ੍ਹਾਂ ਮੁੱਲਾਂਪੁਰ ਗਰੀਬਦਾਸ ਵਿੱਚ ਸੜਕ ਹਾਦਸੇ ਵਿੱਚ ਇੱਕ 53 ਸਾਲ ਦਾ ਸਰਦੂਲ ਦੀ ਮੌਤ ਹੋ ਗਈ। ਉਸ ਦੇ ਮੋਟਰ ਸਾਈਕਲ ਨੂੰ ਇੱਕ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰੀ। ਕਾਰ ਨੂੰ ਨਵਾਂ ਗਰਾਓਂ ਦੀ ਅੌਰਤ ਚਲਾ ਰਹੀ ਸੀ। ਪੁਲੀਸ ਅਨੁਸਾਰ ਹਾਦਸੇ ਤੋਂ ਤੁਰੰਤ ਬਾਅਦ ਸਰਦੂਲ ਨੂੰ ਪੀਜੀਆਈ ਪਹੁੰਚਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲੀਸ ਨੇ ਕਾਰ ਚਾਲਕ ਅੌਰਤ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਪੁਲੀਸ ਵੱਲੋਂ ਖਣਨ ਵਿਭਾਗ ਦੀ ਜਾਅਲੀ ਵੈੱਬਸਾਈਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਖਣਨ ਵਿਭਾਗ ਦੀ ਜਾਅਲੀ ਵੈੱਬਸਾਈਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ ਜਾਅਲੀ ਖਣਨ ਰਸੀਦਾਂ ਤਿਆਰ…