
ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਆਈਏਐਸ ਅਧਿਕਾਰੀ ਮਨਦੀਪ ਸਿੰਘ ਗ੍ਰਿਫ਼ਤਾਰ
ਜੁਸ਼ੀਅਲ ਰਿਮਾਂਡ ਖਤਮ ਹੋਣ ਤੋਂ ਬਾਅਦ ਕੇਸ ਨਾਲ ਸਬੰਧਤ ਅਹਿਮ ਖੁਲਾਸੇ ਕੀਤੇ ਜਾਣਗੇ: ਮੁਲਜ਼ਮ ਮਨਦੀਪ ਸਿੰਘ
ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਫਰਵਰੀ:
ਪੰਜਾਬ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਸੰਪਤੀਆਂ ਬਣਾਉਣ ਦੇ ਮਾਮਲੇ ਵਿੱਚ ਨਾਮਜ਼ਦ ਸਾਬਕਾ ਆਈਏਐਸ ਅਧਿਕਾਰੀ ਮਨਦੀਪ ਸਿੰਘ ਨੂੰ ਬੀਤੇ ਦਿਨੀਂ ਗ੍ਰਿਫ਼ਤਾਰ ਕੀਤਾ ਗਿਆ। ਦੋ ਸਾਲ ਪਹਿਲਾਂ 31 ਮਈ 2015 ਵਿੱਚ ਆਪਣੇ ਅਹੁਦੇ ਤੋਂ ਰਿਟਾਇਰਡ ਹੋਏ ਮਨਦੀਪ ਸਿੰਘ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ ਵੱਖ ਧਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਨੂੰ ਮੰਗਲਵਾਰ ਨੂੰ ਸਥਾਨਕ ਚੀਫ਼ ਜੁਡੀਸ਼ਲ ਮੈਜਿਸਟਰੇਟ ਵਿਪਨਦੀਪ ਕੌਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਸਾਬਕਾ ਆਈਏਐਸ ਅਫ਼ਸਰ ਨੂੰ ਜੇਲ੍ਹ ਭੇਜ ਦਿੱਤਾ।
ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਅਧਿਕਾਰੀ ਦੇ ਦੋ ਹੋਰ ਸਾਥੀਆਂ ਮੱਖਣ ਸਿੰਘ ਤੇ ਅਵਤਾਰ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਵਿਜੀਲੈਂਸ ਮੁਤਾਬਕ ਇਸ ਮਾਮਲੇ ਦੀ ਲੰਮੀ ਜਾਂਚ ਪੜਤਾਲ ਦੌਰਾਨ ਉਕਤ ਸਾਰੇ ਦੋਸ਼ ਸਹੀ ਪਾਏ ਜਾਣ ’ਤੇ ਅਧਿਕਾਰੀ ਦੀ ਗ੍ਰਿਫ਼ਤਾਰ ਲਈ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਲੇਕਿਨ ਕਿਸੇ ਤਰ੍ਹਾਂ ਅਧਿਕਾਰੀ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਅਤੇ ਉਹ ਰੂਪੋਸ਼ ਹੋ ਗਿਆ। ਜਦੋਂ ਕਿ ਉਨ੍ਹਾਂ ਦੇ ਉਕਤ ਦੋਵੇਂ ਸਾਥੀ ਮੱਖਣ ਸਿੰਘ ਤੇ ਅਵਤਾਰ ਸਿੰਘ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਲੇਕਿਨ ਮਨਦੀਪ ਸਿੰਘ ਕੇਸ ਦਰਜ ਹੋਣ ਤੋਂ ਬਾਅਦ ਲਗਾਤਾਰ ਵਿਜੀਲੈਂਸ ਨਾਲ ਅੱਖ ਮਚੋਲੀ ਖੇਡਦਾ ਆ ਰਿਹਾ ਸੀ। ਲੇਕਿਨ ਬੀਤੇ ਕੱਲ੍ਹ ਉਹ ਵਿਜੀਲੈਂਸ ਦੇ ਧੱਕੇ ਚੜ ਗਿਆ।
ਵਿਜੀਲੈਂਸ ਦੀ ਪੜਤਾਲ ਮੁਤਾਬਿਕ ਮਨਦੀਪ ਸਿੰਘ ਆਪਣੀ ਸਰਵਿਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਮੋਗਾ, ਟਰਾਂਸਪੋਰਟ ਵਿਭਾਗ ਤੇ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਸਮੇਤ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਦੇ ਅਹੁਦਿਆਂ ’ਤੇ ਰਹਿ ਚੁੱਕਾ ਹੈ। ਇਸ ਦੌਰਾਨ ਅਧਿਕਾਰੀ ਨੇ ਕਥਿਤ ਭ੍ਰਿਸ਼ਟਾਚਾਰ ਤਰੀਕਿਆਂ ਰਾਹੀਂ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੈ। ਵਿਜੀਲੈਂਸ ਦੀ ਜਾਣਕਾਰੀ ਅਨੁਸਾਰ ਮਨਦੀਪ ਸਿੰਘ ਨੇ ਚਮਕੌਰ ਸਾਹਿਬ ਵਿੱਚ ਕਰੀਬ 100 ਏਕੜ ਜ਼ਮੀਨ, ਜ਼ੀਰਕਪੁਰ ਵਿੱਚ ਇੱਕ ਹੋਟਲ ਵਿੱਚ ਹਿੱਸੇਦਾਰੀ, ਸ਼ਿਮਲਾ ਵਿੱਚ ਇੱਕ ਫਲੈਟ, ਚੰਡੀਗੜ੍ਹ ਦੇ ਸੈਕਟਰ-33 ਅਤੇ ਸੈਕਟਰ-34 ਵਿੱਚ 1-1 ਕਨਾਲ ਦੀ ਕੋਠੀ, ਸੈਕਟਰ-22 ਵਿੱਚ ਦੋ ਸ਼ੋਅਰੂਮ ਆਦਿ ਸੰਪਤੀਆਂ ਬਣਾਉਣ ਬਾਰੇ ਪਤਾ ਲੱਗਿਆ ਹੈ।
ਉਧਰ, ਦੂਜੇ ਪਾਸੇ ਮਨਦੀਪ ਸਿੰਘ ਦਾ ਕਹਿਣਾ ਹੈ ਕਿ ਵਿਜੀਲੈਂਸ ਬਿਊਰੋ ਵੱਲੋਂ ਉਸ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜੁਡੀਸ਼ਲ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਰਿਹਾਅ ਹੋਣ ਮਗਰੋਂ ਉਹ ਕੇਸ ਨਾਲ ਸਬੰਧਤ ਅਹਿਮ ਖੁਲਾਸੇ ਕਰਨਗੇ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਦਾ ਡਾਇਰੈਕਟਰ ਹੁੰਦਿਆਂ ਉਨ੍ਹਾਂ ਦੇ ਕੋਲ ਸਿਰਫ਼ ਸਰਕਾਰੀ ਬੱਸਾਂ ਨੂੰ ਪ੍ਰਮੋਟ ਕਰਨ ਦਾ ਅਧਿਕਾਰ ਸੀ ਪ੍ਰੰਤੂ ਹੈਰਾਨੀ ਦੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਪ੍ਰਾਈਵੇਟ ਟਰਾਂਸਪੋਰਟ ਨੇ ਫਸਾਇਆ ਹੈ ਕਿਉਂਕਿ ਉਨ੍ਹਾਂ ਨੇ ਡਾਇਰੈਕਟਰ ਦੇ ਅਹੁਦੇ ’ਤੇ ਹੁੰਦਿਆਂ ਕਦੇ ਵੀ ਪ੍ਰਾਈਵੇਟ ਬੱਸਾਂ ਵਾਲਿਆਂ ਦੀ ਮਨਮਾਨੀਆਂ ਨਹੀਂ ਚੱਲਣ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਹ ਭਲੀਭਾਂਤ ਜਾਣਦੇ ਹਨ ਕਿ ਸੂਬੇ ਵਿੱਚ ਪ੍ਰਾਈਵੇਟ ਬੱਸਾਂ ਦਾ ਕਾਰੋਬਾਰ ਕਿਹੜੇ ਲੋਕ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੀ 11 ਮਾਰਚ ਨੂੰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਨਵੀਂ ਸਰਕਾਰ ਬਦਨ ’ਤੇ ਸੱਚਾਈ ਸਭ ਦੇ ਸਾਹਮਣੇ ਆ ਜਾਵੇਗੀ।