nabaz-e-punjab.com

ਸਬਜ਼ੀਆਂ ਦੀ ਕਾਸ਼ਤ ਨੇ ਬਦਲੀ ਪਿੰਡ ਝੰਡੇਮਾਜਰਾ ਦੇ ਕਿਸਾਨ ਮਲਕੀਤ ਸਿੰਘ ਦੀ ਜ਼ਿੰਦਗੀ

ਦੋ ਏਕੜ ਜ਼ਮੀਨ ਵਿੱਚੋਂ ਸਾਲਾਨਾ ਕਮਾ ਰਿਹਾ ਹੈ 7 ਲੱਖ ਰੁਪਏ, ਮੰਡੀਕਰਨ ਖ਼ੁਦ ਕਰਨ ਸਦਕਾ ਮਿਲੀ ਕਾਮਯਾਬੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਗਸਤ:
ਆਮ ਤੌਰ ’ਤੇ ਘੱਟ ਜ਼ਮੀਨ ਵਾਲੇ ਕਿਸਾਨ ਘੱਟ ਆਮਦਨ ਕਾਰਨ ਨਿਰਾਸ਼ ਹੋ ਜਾਂਦੇ ਹਨ ਪਰ ਜ਼ਿਲ੍ਹੇ ਦੇ ਪਿੰਡ ਝੰਡੇਮਾਜਰਾ ਦੇ ਕਿਸਾਨ ਮਲਕੀਤ ਸਿੰਘ ਨੇ ਆਪਣੀ ਮਿਹਨਤ ਸਦਕਾ ਦੋ ਏਕੜ ਜ਼ਮੀਨ ਨੂੰੂ ਹੀ ਚੰਗੀ ਆਮਦਨ ਦਾ ਸਰੋਤ ਬਣਾ ਕੇ ਇੱਕ ਮਿਸਾਲ ਕਾਇਮ ਕੀਤੀ ਹੈ। ਇਹ ਕਿਸਾਨ ਦੋ ਏਕੜ ਜ਼ਮੀਨ ਵਿੱਚ ਸਬਜ਼ੀਆਂ ਦੀ ਕਾਸ਼ਤ ਕਰਦਾ ਹੈ, ਜਿਨ੍ਹਾਂ ਵਿੱਚ ਮੁੱਖ ਤੌਰ ਉਤੇ ਸਲਾਦ ਲਈ ਵਰਤੀਆਂ ਜਾਣ ਵਾਲੀਆਂ ਸਬਜ਼ੀਆਂ ਸ਼ਾਮਲ ਹਨ। ਇਨ੍ਹਾਂ ਸਬਜ਼ੀਆਂ ਦੇ ਸੁਚੱਜੇ ਮੰਡੀਕਰਨ ਸਦਕਾ ਲਾਗਤ ਕੀਮਤ ਕੱਢ ਕੇ ਉਸ ਨੂੰ ਸਾਲਾਨਾ 07 ਲੱਖ ਰੁਪਏ ਦੀ ਆਮਦਨ ਹੋ ਰਹੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨ ਮਲਕੀਅਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ 12 ਸਾਲ ਤੋਂ ਇਹ ਕੰਮ ਕਰ ਰਿਹਾ ਹੈ। ਪਹਿਲਾਂ ਉਹ ਵੀ ਰਵਾਇਤੀ ਫ਼ਸਲਾਂ ਦੀ ਹੀ ਕਾਸ਼ਤ ਕਰਦਾ ਸੀ ਪਰ ਬਾਅਦ ਵਿੱਚ ਉਸ ਨੇ ਖੇਤੀ ਵਿਭਿੰਨਤਾ ਤਹਿਤ ਸਬਜ਼ੀਆਂ ਦੀ ਕਾਸ਼ਤ ਨੂੰ ਅਪਣਾ ਲਿਆ। ਮਿਹਨਤ ਅਤੇ ਲਗਨ ਸਦਕਾ ਉਸ ਨੂੰ ਇਸ ਖੇਤਰ ਵਿੱਚ ਬਿਹਤਰ ਸਿੱਟੇ ਮਿਲਣ ਲੱਗ ਪਏ।
ਸਬਜ਼ੀਆਂ ਦੀ ਕਾਸ਼ਤ ਸਬੰਧੀ ਆਧੁਨਿਕ ਤਰੀਕੇ ਅਪਨਾਉਣ ਦੇ ਨਾਲ-ਨਾਲ ਉਸ ਨੇ ਮੰਡੀਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ। ਸ਼ੁਰੂਆਤ ਵਿੱਚ ਉਸ ਨੂੰ ਦਿੱਕਤਾਂ ਵੀ ਆਈਆਂ ਪਰ ਉਸ ਨੇ ਸਿਰੜ ਦਾ ਪੱਲਾ ਨਹੀਂ ਛੱਡਅਿਾ ਤੇ ਸਬਜ਼ੀਆਂ ਦੀ ਕਾਸ਼ਤ ਉਸ ਲਈ ਚੰਗੀ ਆਮਦਨ ਦਾ ਸਰੋਤ ਬਣ ਗਈ। ਇਸ ਖੇਤਰ ਵਿੱਚ ਪੈਰ ਧਰਨ ਤੋਂ ਬਾਅਦ ਉਸ ਨੇ ਹੌਲੀ ਹੌਲੀ ਵੱਡੇ ਹੋਟਲਾਂ ਨੂੰ ਸਬਜ਼ੀਆਂ ਸਪਲਾਈ ਕਰਨ ਵਾਲਿਆਂ ਨਾਲ ਰਾਬਤਾ ਕੀਤਾ ਅਤੇ ਨਾਲ ਹੀ ਚੰਡੀਗੜ੍ਹ ਵਿਚਲੀਆਂ ਸਬਜ਼ੀਆਂ ਮੰਡੀਆਂ ਵਿੱਚ ਖ਼ੁਦ ਸਬਜ਼ੀਆਂ ਲਿਜਾਣੀਆਂ ਸ਼ੁਰੂ ਕੀਤੀਆਂ। ਸਬਜ਼ੀਆਂ ਦੇ ਮਿਆਰ ਨਾਲ ਕਿਸੇ ਵੀ ਕਿਸਮ ਦਾ ਸਮਝੌਤਾ ਨਾ ਕਰਨ ਸਦਕਾ ਉਸ ਦੀਆਂ ਸਬਜ਼ੀਆਂ ਹੱਥੋ-ਹੱਥ ਵਿਕਦੀਆਂ ਗਈਆਂ। ਨਿੱਠ ਕੇ ਕੰਮ ਕਰਨ ਸਦਕਾ ਹੁਣ ਉਸ ਦੇ ਗਾਹਕ ਪੱਕੇ ਹੋ ਗਏ ਹਨ ਤੇ ਕਈ ਵੱਡੇ ਹੋਟਲਾਂ ਵਿੱਚ ਉਸ ਦੀ ਸਬਜ਼ੀ ਜਾ ਰਹੀ ਹੈ ਤੇ ਉਹ ਚੌਖਾ ਮੁਨਾਫਾ ਕਮਾ ਰਿਹਾ ਹੈ। ਉਹ ਮੁੱਖ ਤੌਰ ’ਤੇ ਬਰੌਕਲੀ, ਸ਼ਿਮਲਾ ਮਿਰਚਾਂ, ਲੈਟਸ, ਸੈਲਰੀ, ਲੈਮਨ ਗਰਾਸ, ਆਈਸ ਬਰਗ, ਚਾਈਨੀਜ਼ ਕੈਬੇਜ ਅਤੇ ਰੈੱਡ ਕੈਬੇਜ ਦੀ ਕਾਸ਼ਤ ਕਰ ਰਿਹਾ ਹੈ। ਉਸ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਚੰਗੀ ਆਮਦਨ ਲਈ ਫਸਲੀ ਵਿਭਿੰਨਤਾ ਨੂੰ ਜ਼ਰੂਰ ਅਪਨਾਉਣ।
ਇਸ ਸਬੰਧੀ ਗੱਲਬਾਤ ਕਰਦਿਆਂ ਡਿਪਟੀ ਡਾਇਰੈਕਟਰ (ਬਾਗਬਾਨੀ) ਕਰਮਜੀਤ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਬਾਗਾਨੀ ਲਈ ਉਤਸ਼ਾਹਤ ਕਰਨ ਵਾਸਤੇ ਵਿਭਾਗ ਵੱਲੋਂ ਟਰੇਨਿੰਗ ਕਰਵਾਉਣ ਦੇ ਨਾਲ ਨਾਲ ਬਾਗਬਾਨੀ ਲਈ ਲੋੜੀਂਦੇ ਸਾਜ਼ੋ-ਸਮਾਨ ਲਈ ਸਬ-ਸਿਡੀ ਵੀ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਸਬਜ਼ੀਆਂ ਦੀ ਕਾਸ਼ਤ ਸਬੰਧੀ ਸਿਖਲਾਈ ਦੇਣ ਲਈ ਪੰਜਾਬ ਸਰਕਾਰ ਵੱਲੋਂ ਕਰਤਾਰਪੁਰ ਵਿਖੇ ਸੈਂਟਰ ਆਫ਼ ਐਕਸੀਲੈਂਸ ਵੀ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿਹੜੇ ਵੀ ਕਿਸਾਨ ਪੌਲੀਹਾਊਸ ਜਾਂ ਹੋਰ ਆਧੁਨਿਕ ਤਕਨੀਕਾਂ ਅਪਨਾਉਣ ਦੇ ਇਛੁੱਕ ਹਨ, ਉਹ ਵਿਭਾਗ ਤੋਂ ਸਿਖਲਾਈ ਜ਼ਰੂਰ ਲੈਣ ਤਾਂ ਜੋ ਉਨ੍ਹਾਂ ਨੂੰ ਨਵੀਆਂ ਤਕਨੀਕਾਂ ਦਾ ਵੱਧ ਤੋਂ ਵੱਧ ਲਾਭ ਮਿਲ ਸਕੇ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…