
ਸਬਜ਼ੀ ਮੰਡੀ ਦਾ ਰੇੜਕਾ: ਕਾਸ਼ਤਕਾਰਾਂ ਤੇ ਮਜ਼ਦੂਰਾਂ ਵੱਲੋਂ ‘ਆਪ’ ਵਿਧਾਇਕ ਦੇ ਦਫ਼ਤਰ ਅੱਗੇ ਰੋਸ ਮੁਜ਼ਾਹਰਾ
ਵਿਧਾਇਕ ਦੇ ਦਫ਼ਤਰ ਮੂਹਰੇ ਸਬਜ਼ੀ ਮੰਡੀ ਲਗਾ ਕੇ ਬੈਠੇ ਕਾਸ਼ਤਕਾਰ ਤੇ ਮਜ਼ਦੂਰ, ਜ਼ਬਰਦਸਤ ਪਿੱਟ ਸਿਆਪਾ
ਨਬਜ਼-ਏ-ਪੰਜਾਬ, ਮੁਹਾਲੀ, 26 ਜੁਲਾਈ:
ਇੱਥੋਂ ਦੇ ਸੈਕਟਰ-78 ਵਿੱਚ ਲੱਗਦੀ ਸਬਜ਼ੀ ਮੰਡੀ ਵਿੱਚ ਕੁੱਝ ਵਿਸ਼ੇਸ਼ ਕਿਸਾਨਾਂ, ਕਾਸ਼ਤਕਾਰਾਂ ਅਤੇ ਮਜ਼ਦੂਰਾਂ ਨੂੰ ਸਬਜ਼ੀ, ਫਲ ਫਰੂਟ ਅਤੇ ਹੋਰ ਖਾਣ ਪੀਣ ਸਮਾਨ ਨਾ ਵੇਚਣ ਦੇਣ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਹੇਠ ਅੱਜ ਪੀੜਤ ਕਿਸਾਨ ਅਤੇ ਮਜ਼ਦੂਰ ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਦਫ਼ਤਰ ਬਾਹਰ ਸਬਜ਼ੀ ਮੰਡੀ ਲਗਾ ਕੇ ਬੈਠ ਗਏ ਅਤੇ ਨਾਅਰੇਬਾਜ਼ੀ ਕਰਦਿਆਂ ਹੁਕਮਰਾਨਾਂ ਦਾ ਜ਼ਬਰਦਸਤ ਪਿੱਟ ਸਿਆਪਾ ਕੀਤਾ।
ਇਹ ਦੱਸਣਯੋਗ ਹੈ ਕਿ ਬੀਤੀ ਸ਼ਾਮ ਪੀੜਤ ਵਿਅਕਤੀ ਮੁਹਾਲੀ ਨਗਰ ਨਿਗਮ ਦਫ਼ਤਰ ਦੇ ਬਾਹਰ ਸਬਜ਼ੀ ਮੰਡੀ ਲਗਾ ਕੇ ਬੈਠ ਗਏ ਸਨ ਪ੍ਰੰਤੂ ਦੇਰ ਰਾਤ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੀੜਤਾਂ ਨੂੰ ਗੱਲੀਬਾਤੀ ਸਮਝਾ ਕੇ ਘਰ ਭੇਜ ਦਿੱਤਾ। ਲੇਕਿਨ ਅੱਜ ਇਹ ਲੋਕ ‘ਆਪ’ ਵਿਧਾਇਕ ਦੇ ਦਫ਼ਤਰ ਬਾਹਰ ਆ ਕੇ ਬੈਠ ਗਏ। ਜਿਸ ਕਾਰਨ ਪੁਲੀਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਬਾਅਦ ਵਿੱਚ ਮੇਅਰ ਜੀਤੀ ਸਿੱਧੂ ਅਤੇ ਕਮਿਸ਼ਨਰ ਨਵਜੋਤ ਕੌਰ ਦੇ ਕਹਿਣ ’ਤੇ ਪੀੜਤ ਲੋਕਾਂ ਨਾਲ ਸਕੱਤਰ ਰੰਜੀਵ ਕੁਮਾਰ ਮੀਟਿੰਗ ਕੀਤੀ। ਸਕੱਤਰ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਇਸ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਬਲਵਿੰਦਰ ਕੁੰਭੜਾ ਅਤੇ ਪੀੜਤ ਲੋਕਾਂ ਨੇ ਸਬਜ਼ੀ ਮੰਡੀ ਵਿੱਚ ਸਿਆਸੀ ਦਖ਼ਲ-ਅੰਦਾਜ਼ੀ ਅਤੇ ਪ੍ਰਸ਼ਾਸਨਿਕ ਧੱਕੇਸ਼ਾਹੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਅਜਿਹਾ ਕਰਕੇ ਸਰਕਾਰ ਗਰੀਬ ਲੋਕਾਂ ਤੋਂ ਉਨ੍ਹਾਂ ਦਾ ਰੁਜ਼ਗਾਰ ਖੋਹ ਰਹੀ ਹੈ। ਪੀੜਤ ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਿਆਸੀ ਦਬਾਅ ਕਾਰਨ ਕਿਸਾਨਾਂ, ਕਾਸ਼ਤਕਾਰਾਂ ਅਤੇ ਮਜ਼ਦੂਰਾਂ ਨੂੰ ਸਬਜ਼ੀ ਮੰਡੀ ਵਿੱਚ ਸਮਾਨ ਵੇਚਣ ਤੋਂ ਰੋਕਿਆ ਗਿਆ ਤਾਂ ਉਹ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਜਨ ਅੰਦੋਲਨ ਸ਼ੁਰੂ ਕਰਨ ਲਈ ਮਜਬੂਰ ਹੋਣਗੇ।

ਇਸ ਮੌਕੇ ਹਰਮੇਸ਼ ਸਿੰਘ ਊਰਨਾ, ਪ੍ਰਕਾਸ਼ ਚੰਦ, ਬਲਜਿੰਦਰ ਸਿੰਘ, ਸੋਹਣ ਸਿੰਘ, ਭੁਪਿੰਦਰ ਸਿੰਘ, ਪ੍ਰਮੋਦ ਕੁਮਾਰ, ਚੰਦਰਪਾਲ, ਰਿੰਕੂ, ਬਨਾਰਸੀ, ਰਾਜਪਾਲ, ਵੀਰੂ, ਸ਼ਿਵ ਕੁਮਾਰ, ਬੀਰਪਾਲ ਪ੍ਰਦੀਪ, ਵੀਰ ਸਿੰਘ, ਸੁਰਿੰਦਰ ਸਿੰਘ, ਬੁੱਧ ਸਿੰਘ, ਸੁਰੇਸ਼ ਕੁਮਾਰ ਅਤੇ ਹੋਰ ਕਿਸਾਨ ਤੇ ਮਜ਼ਦੂਰ ਹਾਜ਼ਰ ਸਨ।