nabaz-e-punjab.com

ਜ਼ਿਲ੍ਹਾ ਹਸਪਤਾਲ ਵਿੱਚ 5 ਵੈਂਟੀਲੇਟਰ, ਸੈਨਾ ਦੀ ਮਦਦ ਨਾਲ ਸ਼ੁਰੂ ਕੀਤੇ ਜਾਣ ਵਾਲੇ ਹਸਪਤਾਲ ਵਿੱਚ 12 ਵੈਂਟੀਲੇਟਰਾਂ ਦੀ ਸੁਵਿਧਾ

ਨਵੇਂ ਸ਼ੁਰੂ ਕੀਤੇ ਜਾਣ ਵਾਲੇ ਆਰਜ਼ੀ ਕੋਵਿਡ ਹਸਪਤਾਲ ਵਿੱਚ ਵੀ ਕੀਤੀ ਜਾਵੇਗੀ 15 ਵੈਂਟੀਲੇਟਰਾਂ ਦੀ ਵਿਵਸਥਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਮਈ:
ਜ਼ਿਲ੍ਹਾ ਪ੍ਰਸ਼ਾਸਨ ਨੇ ਉਪਲਬਧ ਸਰੋਤਾਂ ਦੀ ਵੱਧ ਤੋਂ ਵੱਧ ਵਰਤੋਂ ਕਰਦਿਆਂ ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਵਿੱਚ ਪੰਜ ਵੈਂਟੀਲੇਟਰ ਮੁਹੱਈਆ ਕਰਨ ਸਮੇਤ ਭਾਰਤੀ ਸੈਨਾ ਦੀ ਮਦਦ ਨਾਲ ਸ਼ੁਰੂ ਕੀਤੇ ਜਾਣ ਵਾਲੇ ਹਸਪਤਾਲ ਵਿਖੇ 12 ਵੈਂਟੀਲੇਟਰਾਂ ਦੀ ਸੁਵਿਧਾ ਹੋਵੇਗੀ ਜਦੋਂਕਿ ਮੁਹਾਲੀ ਵਿੱਚ ਸਥਾਪਿਤ ਕੀਤੇ ਜਾਣ ਵਾਲੇ 104 ਬੈੱਡਾਂ ਵਾਲੇ ਆਰਜ਼ੀ ਕੋਵਿਡ ਹਸਪਤਾਲ ਲਈ ਘੱਟੋ-ਘੱਟ 15 ਵੈਂਟੀਲੇਟਰਾਂ ਦੀ ਵਿਵਸਥਾ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਸੈਨਾ ਦੀ ਮਦਦ ਨਾਲ ਕੋਵਿਡ ਮਰੀਜ਼ਾਂ ਲਈ 100 ਬੈੱਡਾਂ ਦੀ ਸਹੂਲਤ ਕਰੀਬ 20 ਦਿਨਾਂ ਵਿੱਚ ਤਿਆਰ ਹੋ ਜਾਵੇਗੀ।
ਜਾਣਕਾਰੀ ਅਨੁਸਾਰ ਡਾ.ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਮੁਹਾਲੀ ਨੂੰ ਪੀਐਮ-ਕੇਅਰਜ਼ ਅਧੀਨ 32 ਵੈਂਟੀਲੇਟਰ ਮਿਲੇ ਸਨ ਪਰ ਆਕਸੀਜਨ ਉਤਪਾਦਨ ਪਲਾਂਟ ਅਤੇ ਤਕਨੀਕੀ ਸਟਾਫ਼ ਦੀ ਅਣਹੋਂਦ ਕਾਰਨ ਇਹ ਸਥਾਪਿਤ ਨਹੀਂ ਕੀਤੇ ਜਾ ਸਕੇ। ਵੈਂਟੀਲੇਟਰਾਂ ਨੂੰ ਕੁਝ ਸਾਫ਼ਟਵੇਅਰ ਸੁਧਾਰ ਦੀ ਵੀ ਲੋੜ ਹੈ। ਜਿਸ ਸਬੰਧੀ ਭਾਰਤ ਹੈਵੀ ਇਲੈਕਟਰੀਕਲ ਲਿਮਟਿਡ ਦੇ ਇੰਜਨੀਅਰ ਨਾਲ ਰਾਬਤਾ ਕੀਤਾ ਗਿਆ ਹੈ।
ਨਵੇਂ ਸਥਾਪਿਤ ਕੀਤੇ ਜਾਣ ਵਾਲੇ ਡਾ.ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਨੇ ਕਿਹਾ ਕਿ ਉਹ ਜੰਗੀ ਪੱਧਰ ’ਤੇ ਕੰਮ ਕਰ ਰਹੇ ਹਨ। ਫੈਕਲਟੀ/ਮਨੁੱਖੀ ਸਰੋਤਾਂ ਨੂੰ ਯਕੀਨੀ ਬਣਾਉਣ ਲਈ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਹਨ।
ਫੈਕਲਟੀ ਦੇ ਜੁਆਇਨ ਕਰਨ ਤੱਕ ਸੰਸਥਾ ਲਈ ਨਿਰਵਿਘਨ ਆਕਸੀਜਨ ਸਪਲਾਈ ਯਕੀਨੀ ਬਣਾਉਣ ਲਈ ਆਕਸੀਜਨ ਉਤਪਾਦਨ ਪਲਾਂਟ ਲਗਾਉਣ ਦੀ ਵਿਵਸਥਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਕੋਵਿਡ ਦੇ ਮਾਮਲਿਆਂ ਵਿੱਚ ਅਚਾਨਕ ਹੋਏ ਵਾਧੇ ਨਾਲ ਜ਼ਿਲ੍ਹੇ ਦੀਆਂ ਸਿਹਤ ਸਹੂਲਤਾਂ ਵਿੱਚ ਮਰੀਜ਼ਾਂ ਦੀ ਬਹੁਤਾਤ ਹੋ ਗਈ ਹੈ। ਇਸ ਲਈ ਸਟਾਫ਼ ਅਤੇ ਉਪਕਰਨਾਂ ਦੀ ਚੁਣੌਤੀ ਨੂੰ ਪੂਰਾ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਨੈਸ਼ਨਲ ਮੈਡੀਕਲ ਕੌਂਸਲ ਦੀ ਟੀਮ ਵੱਲੋਂ ਸੰਸਥਾ ਦੇ ਨਿਰੀਖਣ ਉਪਰੰਤ ਇੱਥੇ ਜਲਦੀ ਹੀ ਕੰਮ-ਕਾਜ ਸ਼ੁਰੂ ਹੋਣ ਦੀ ਉਮੀਦ ਹੈ।
ਇਸ ਦੌਰਾਨ ਮੌਜੂਦਾ ਸਿਹਤ ਬੁਨਿਆਦੀ ਢਾਂਚੇ ਵਿੱਚ ਵਾਧਾ ਕਰਨ ਅਤੇ ਕੋਵਿਡ ਦੀ ਦੂਜੀ ਲਹਿਰ ਨਾਲ ਜੂਝ ਰਹੇ ਗੰਭੀਰ ਮਰੀਜ਼ਾਂ ਲਈ ਹਸਪਤਾਲਾਂ ਵਿੱਚ ਹੋਰ ਬੈੱਡ ਸਥਾਪਤ ਕਰਨ ਹਿੱਤ ਸੂਬਾ ਸਰਕਾਰ ਨੇ ਸਿਧਾਂਤਕ ਤੌਰ ’ਤੇ ਆਈਸੀਯੂ ਸਹੂਲਤਾਂ ਨਾਲ ਲੈਸ ਮੁਹਾਲੀ ਵਿੱਚ ਕੋਵਿਡ ਮਰੀਜ਼ਾਂ ਲਈ ਇਕ ਆਰਜ਼ੀ ਹਸਪਤਾਲ ਦੀ ਸਥਾਪਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ਅਨੁਸਾਰ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਕੋਵਿਡ ਮਰੀਜ਼ਾਂ ਦੀ ਬਿਹਤਰ ਸਿਹਤ ਨੂੰ ਯਕੀਨੀ ਬਣਾਉਣ ਲਈ ਇਸ ਮਹੀਨੇ ਦੇ ਅੰਤ ਤੱਕ ਨਵਾਂ ਹਸਪਤਾਲ ਕਾਰਜਸ਼ੀਲ ਕੀਤਾ ਜਾਵੇ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…