ਵੇਰਕਾ ਵੱਲੋਂ ਅੌਟਿਜ਼ਮ ਤੇ ਨਿਊਰੋ-ਡਿਵੈਲਪਮੈਂਟ ਡਿਸਆਰਡਰਜ਼ ਸਬੰਧੀ ਸੈਂਟਰ ਆਫ਼ ਐਕਸੀਲੈਂਸ ਦਾ ਉਦਘਾਟਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ:
ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਅੱਜ ਇੱਥੋਂ ਦੇ ਸੈਕਟਰ-79 ਵਿੱਚ ਅੌਟਿਜ਼ਮ ਅਤੇ ਨਿਊਰੋ-ਡਿਵੈਲਪਮੈਂਟਲ ਡਿਸਆਰਡਰਜ਼ ਸਬੰਧੀ ਸੈਂਟਰ ਆਫ਼ ਐਕਸੀਲੈਂਸ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਹ ਕੇਂਦਰ ਪੰਜਾਬ ਵਿੱਚ ਆਪਣੀ ਕਿਸਮ ਦੀ ਪਹਿਲੀ ਸੰਸਥਾ ਹੈ ਅਤੇ ਇਹ ਭਾਰਤ ਵਿੱਚ ਅੌਟਿਜ਼ਮ ਅਤੇ ਹੋਰ ਨਿਊਰੋ-ਵਿਕਾਸ ਸਬੰਧੀ ਵਿਕਾਰਾਂ ਵਾਲੇ ਵਿਅਕਤੀਆਂ ਲਈ ਵਿਆਪਕ, ਏਕੀਕ੍ਰਿਤ ਅਤੇ ਜਵਾਬਦੇਹੀ ਸੇਵਾਵਾਂ ਪ੍ਰਦਾਨ ਕਰੇਗਾ।
ਡਾ. ਵੇਰਕਾ ਨੇ ਦੱਸਿਆ ਕਿ ਇਸ ਕੇਂਦਰ ਦਾ ਉਦੇਸ਼ ਕਲੀਨਿਕਲ ਸੇਵਾਵਾਂ, ਮਾਪਿਆਂ ਦੀ ਸਿਖਲਾਈ ਲਈ ਰਿਹਾਇਸ਼ੀ ਸਹੂਲਤਾਂ ਅਤੇ ਬੱਚਿਆਂ ਲਈ ਸਕੂਲ ਮੁਹੱਈਆ ਕਰਵਾਉਣਾ ਵੀ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਵਿੱਚ ਇੱਕ ਬਹੁ-ਅਨੁਸ਼ਾਸਨੀ ਮਾਹਰਾਂ ਦੀ ਟੀਮ ਵੀ ਉਪਲਬਧ ਹੋਵੇਗੀ, ਜਿਸ ਵਿੱਚ ਬਾਲ ਰੋਗ ਵਿਗਿਆਨੀ, ਮਨੋਵਿਗਿਆਨੀ, ਕਿੱਤਾਮੁਖੀ ਅਤੇ ਫਿਜ਼ੀਕਲ ਥੈਰੇਪਿਸਟ ਸ਼ਾਮਲ ਹੋਣਗੇ। ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਲਾਡੀ, ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਸਕੱਤਰ ਅਲੋਕ ਸ਼ੇਖਰ, ਡਾਇਰੈਕਟਰ ਡਾ. ਅਵਨੀਸ਼ ਕੁਮਾਰ ਅਤੇ ਮੈਡੀਕਲ ਸਿੱਖਿਆ ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ. ਆਕਾਸ਼ ਦੀਪ ਅਗਰਵਾਲ ਵੀ ਹਾਜ਼ਰ ਸਨ।
ਡਾ. ਰਾਜ ਕੁਮਾਰ ਵੇਰਕਾ ਨੇ ਦੱਸਿਆ ਕਿ ਮੁਹਾਲੀ ਦੇ ਨਵੇਂ ਡਾ. ਬੀ.ਆਰ.ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਨੂੰ ਇਸ ਸੈਂਟਰ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਬੱਚਿਆਂ ਦੀ ਵਿਸ਼ੇਸ਼ ਦੇਖਭਾਲ ਕਰਨ ਲਈ ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਅੌਟਿਜ਼ਮ ਅਤੇ ਦਿਮਾਗ ਦੇ ਵਿਕਾਸ ਸਬੰਧੀ ਹੋਰ ਵਿਕਾਰਾਂ ਵਾਲੇ ਬੱਚਿਆਂ ਦੀ ਵਿਸ਼ੇਸ਼ ਦੇਖਭਾਲ ਕੀਤੀ ਜਾ ਸਕੇ। ਮੰਤਰੀ ਨੇ ਇਸ ਸੈਂਟਰ ਵਿੱਚ ਮਰੀਜ਼ਾਂ ਅਤੇ ਸਟਾਫ਼ ਨਾਲ ਗੱਲਬਾਤ ਕੀਤੀ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਭਵਿੱਖ ਵਿੱਚ ਸਫਲ ਅਪਰੇਸ਼ਨਾਂ ਲਈ ਇਸ ਸੈਂਟਰ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਅਮਲੀ ਜਾਮਾ ਪਹਿਨਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।