ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਵੱਲੋਂ ਵੇਰਕਾ ਮਿਲਕ ਪਲਾਂਟ ਦਾ ਘਿਰਾਓ, ਚੱਕਾ ਜਾਮ

ਪੰਜਾਬ ਦੇ ਡੇਅਰੀ ਕਿਸਾਨਾਂ ਨੇ ਆਪ ਸਰਕਾਰ ਖ਼ਿਲਾਫ਼ ਵਿੱਢਿਆ ਲੜੀਵਾਰ ਅੰਦੋਲਨ

ਸਰਕਾਰ ਦੀ ਅਣਦੇਖੀ ਕਾਰਨ ਡੇਅਰੀ ਧੰਦਾ ਬੰਦ ਹੋਣ ਦੀ ਕਾਗਾਰ ’ਤੇ ਪੁੱਜਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਮਈ:
ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ (ਪੀਡੀਐਫਏ) ਵੱਲੋਂ ਦੁੱਧ ਦਾ ਭਾਅ ਵਧਾਉਣ ਸਮੇਤ ਦੁੱਧ ਉਤਪਾਦਕਾਂ (ਕਿਸਾਨਾਂ) ਦੀਆਂ ਹੋਰ ਹੱਕੀ ਮੰਗਾਂ ਨੂੰ ਲੈ ਕੇ ਅੱਜ ਇੱਥੋਂ ਦੇ ਫੇਜ਼-6 ਸਥਿਤ ਵੇਰਕਾ ਮਿਲਕ ਪਲਾਂਟ ਦਾ ਘਿਰਾਓ ਕਰਕੇ ਮੁਹਾਲੀ-ਚੰਡੀਗੜ੍ਹ ਮੁੱਖ ਸੜਕ ’ਤੇ ਚੱਕਾ ਜਾਮ ਕਰਕੇ ਸੂਬਾ ਸਰਕਾਰ ਦੇ ਖ਼ਿਲਾਫ਼ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਪੰਜਾਬ ਭਰ ’ਚੋਂ ਡੇਅਰੀ ਫਾਰਮਿੰਗ ਅਤੇ ਦੁੱਧ ਦਾ ਧੰਦਾ ਕਰਨ ਵਾਲੇ ਕਿਸਾਨ ਸਵੇਰੇ 11 ਵਜੇ ਹੀ ਮੁਹਾਲੀ ਪਹੁੰਚਣੇ ਸ਼ੁਰੂ ਹੋ ਗਏ ਅਤੇ ਬਾਅਦ ਦੁਪਹਿਰ ਦੋ ਵਜੇ ਤੱਕ ਦੁੱਧ ਉਤਪਾਦਕਾਂ ਅਤੇ ਕਿਸਾਨਾਂ ਦੀ ਵੱਡੀ ਭੀੜ ਜਮ੍ਹਾ ਹੋ ਗਈ। ਸੜਕ ਜਾਮ ਕਾਰਨ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਡੇਅਰੀ ਇੰਡਸਟਰੀ, ਫੀਡ ਇੰਡਸਟਰੀ ਦੇ ਨੁਮਾਇੰਦਿਆਂ ਨੇ ਵੀ ਧਰਨੇ ਵਿੱਚ ਸ਼ਮੂਲੀਅਤ ਕਰਕੇ ਸਮਰਥਨ ਦੇਣ ਦਾ ਐਲਾਨ ਕੀਤਾ।
ਹਾਲਾਂਕਿ ਡੇਅਰੀ ਫਾਰਮਰਜ਼ ਦੇ ਅੰਦੋਲਨ ਨੂੰ ਦੇਖਦੇ ਹੋਏ ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਡੇਅਰੀ ਧੰਦੇ ਨਾਲ ਜੁੜੇ ਦੁੱਧ ਉਤਪਾਦਕਾਂ ਨੂੰ ਲਗਾਤਾਰ ਵੱਧ ਰਹੀਆਂ ਪਸ਼ੂ ਖ਼ੁਰਾਕ ਦੀਆਂ ਕੀਮਤਾਂ ਅਤੇ ਹੋਰ ਲਾਗਤਾਂ ਵਿੱਚ ਹੋ ਰਹੇ ਵਾਧੇ ਨਾਲ ਨਜਿੱਠਣ ਲਈ ਮਿਲਕਫੈੱਡ ਵੱਲੋਂ ਅੱਜ ਤੋਂ ਹੀ ਦੁੱਧ ਦੇ ਖ਼ਰੀਦ ਭਾਅ ਵਿੱਚ 20 ਰੁਪਏ ਪ੍ਰਤੀ ਕਿੱਲੋ ਫੈਟ ਦੇ ਹਿਸਾਬ ਨਾਲ ਵਧਾਉਣ ਦਾ ਐਲਾਨ ਕੀਤਾ ਹੈ ਪ੍ਰੰਤੂ ਸਰਕਾਰ ਦੇ ਇਸ ਫੈਸਲੇ ਨੂੰ ਮੁੱਢੋਂ ਰੱਦ ਕਰਦਿਆਂ ਦੁੱਧ ਉਤਪਾਦਕਾਂ ਅਤੇ ਕਿਸਾਨਾਂ ਨੇ ਆਪਣਾ ਧਰਨਾ ਜਾਰੀ ਰੱਖਿਆ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ। ਉਨ੍ਹਾਂ ਮੰਗ ਕੀਤੀ ਕਿ ਧਰਨਾਕਾਰੀਆਂ ਦੀ ਘੱਟੋ-ਘੱਟ ਮੁੱਖ ਮੰਤਰੀ ਜਾਂ ਸਹਿਕਾਰਤਾ ਮੰਤਰੀ ਨਾਲ ਪੈਨਲ ਮੀਟਿੰਗ ਕਰਵਾਈ ਜਾਵੇ ਤਾਂ ਜੋ ਇਸ ਸਮੱਸਿਆ ਦਾ ਪੱਕਾ ਹੱਲ ਹੋ ਸਕੇ।
ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ (ਪੀਡੀਐਫਏ) ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਪਿਛਲੇ ਹਫ਼ਤੇ ਆਪ ਸਰਕਾਰ ਨੂੰ ਉਨ੍ਹਾਂ ਦੀਆਂ ਹੱਕੀ ਮੰਗਾਂ ਪੂਰੀਆਂ ਨਾ ਕਰਨ ’ਤੇ ਅੰਦੋਲਨ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਖੇਤੀਬਾੜੀ ਤੋਂ ਬਾਅਦ ਡੇਅਰੀ ਫਾਰਮਿੰਗ ਪੰਜਾਬ ਦੇ ਕਿਸਾਨਾਂ ਲਈ ਰੋਜ਼ੀ-ਰੋਟੀ ਦਾ ਦੂਜਾ ਸਭ ਤੋਂ ਵੱਡਾ ਸਾਧਨ ਹੈ। ਸਰਕਾਰਾਂ ਦੀ ਅਣਦੇਖੀ ਕਾਰਨ ਅੱਜ ਡੇਅਰੀ ਧੰਦੇ ਨਾਲ ਜੁੜਿਆ ਕਿਸਾਨ ਆਰਥਿਕ ਸੰਕਟ ’ਚੋਂ ਗੁਜ਼ਰ ਰਿਹਾ ਹੈ। ਪਿਛਲੇ ਦੋ ਸਾਲਾਂ ਵਿੱਚ ਕਰੋਨਾ ਮਹਾਮਾਰੀ ਕਾਰਨ ਦੁੱਧ ਦੀਆਂ ਕੀਮਤਾਂ ਵਿੱਚ ਵਾਧੇ ’ਤੇ ਕੋਈ ਮੁੱਦਾ ਨਹੀਂ ਚੁੱਕਿਆ ਗਿਆ ਕਿਉਂਕਿ ਉਹ ਜਾਣਦੇ ਹਨ ਕਿ ਡੇਅਰੀ ਕਿਸਾਨਾਂ ਸਮੇਤ ਹਰ ਕੋਈ ਸੰਕਟ ’ਚੋਂ ਲੰਘ ਰਿਹਾ ਹੈ ਪਰ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਦੁੱਧ ਦੇ ਰੇਟ ਨਹੀਂ ਵਧਾਏ ਗਏ ਜਦੋਂਕਿ ਪਿਛਲੇ ਦੋ ਸਾਲਾਂ ਵਿੱਚ ਪਸ਼ੂਆਂ ਦੇ ਚਾਰੇ ਦੇ ਰੇਟ ਦੁੱਗਣੇ ਹੋ ਗਏ ਹਨ। ਏਨਾ ਵਾਧਾ ਪਿਛਲੇ 25 ਸਾਲਾਂ ਵਿੱਚ ਡੇਅਰੀ ਕਾਰੋਬਾਰ ਵਿੱਚ ਪਹਿਲਾਂ ਕਦੇ ਨਹੀਂ ਦੇਖਿਆ ਗਿਆ।
ਫੀਡ ਮਿਲ ਐਸੋਸੀਏਸ਼ਨ ਦੇ ਪ੍ਰਧਾਨ ਬਲਜਿੰਦਰ ਸਿੰਘ, ਗੁਰ ਰਜਵੰਤ ਸਿੰਘ ਸੋਢੀ ਅਤੇ ਹੋਰਨਾਂ ਆਗੂਆਂ ਨੇ ਮੰਗ ਕੀਤੀ ਕਿ ਦੁੱਧ ਦਾ ਰੇਟ ਘੱਟ ਅਤੇ ਫੀਡ ਅਤੇ ਚਾਰੇ ਦਾ ਰੇਟ ਵੱਧ ਹੋਣ ਕਾਰਨ ਦੁੱਧ ਉਤਪਾਦਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਪਿਛਲੇ ਕਾਫ਼ੀ ਸਮੇਂ ਤੋਂ ਦੁੱਧ ਦਾ ਭਾਅ ਵਧਾਉਣ ਦੀ ਮੰਗ ਕਰਦੇ ਆ ਰਹੇ ਹਨ ਲੇਕਿਨ ਹੁਣ ਤੱਕ ਸਰਕਾਰ ਅਤੇ ਅਧਿਕਾਰੀਆਂ ਨੇ ਉਨ੍ਹਾਂ ਦੀ ਇਸ ਜਾਇਜ਼ ਮੰਗ ’ਤੇ ਗੌਰ ਨਹੀਂ ਕੀਤਾ। ਜਿਸ ਕਾਰਨ ਅੱਜ ਅੱਤ ਦੀ ਗਰਮੀ ਵਿੱਚ ਦੁੱਧ ਉਤਪਾਦਕਾਂ ਨੂੰ ਸੜਕਾਂ ’ਤੇ ਆਉਣ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਮੰਗ ਕੀਤੀ ਕਿ ਦੁੱਧ ਦਾ ਰੇਟ ਘੱਟੋ ਘੱਟ 7 ਤੋਂ 8 ਰੁਪਏ ਪ੍ਰਤੀ ਕਿੱਲੋ ਵਧਾਇਆ ਜਾਵੇ ਅਤੇ ਫੀਡ ’ਤੇ ਸਬਸਿਡੀ ਦਿੱਤੀ ਜਾਵੇ।
ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਗੁਆਂਢੀ ਸੂਬਿਆਂ ਹਰਿਆਣਾ ਵਿੱਚ 5 ਰੁਪਏ ਪ੍ਰਤੀ ਲੀਟਰ, ਰਾਜਸਥਾਨ ਵਿੱਚ 5 ਰੁਪਏ ਪ੍ਰਤੀ ਲੀਟਰ, ਪੱਛਮੀ ਬੰਗਾਲ ਵਿੱਚ 7 ਰੁਪਏ ਪ੍ਰਤੀ ਲੀਟਰ, ਉੱਤਰਾਖੰਡ ਵਿੱਚ 4 ਰੁਪਏ ਪ੍ਰਤੀ ਲੀਟਰ ਅਤੇ ਤੇਲੰਗਾਨਾ ਸਰਕਾਰ ਵੱਲੋਂ 4 ਰੁਪਏ ਪ੍ਰਤੀ ਲੀਟਰ ਡੇਅਰੀ ਲਈ ਵਿੱਤੀ ਸਹਾਇਤਾ ਦੇ ਰੂਪ ਵਿੱਚ ਕਿਸਾਨਾਂ ਨੂੰ ਦੇ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀ ਜਾਇਜ਼ ਮੰਗਾਂ ਨੂੰ ਪੂਰਾ ਨਹੀਂ ਕਰਦੀ ਤੱਦ ਤੱਕ ਉਹ ਲੜੀਵਾਰ ਧਰਨੇ ’ਤੇ ਡਟੇ ਰਹਿਣਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਆਪਣਾ ਸੰਘਰਸ਼ ਹੋਰ ਵੀ ਦਿੱਤਾ ਕਰਨਗੇ।

Load More Related Articles

Check Also

ਸਿੱਖ ਕੌਮ ਆਪਣੀ ਤਾਕਤ ਦੀ ਲਾਮਬੰਦੀ ਯਕੀਨੀ ਬਣਾਏ: ਜਥੇਦਾਰ ਕੁਲਦੀਪ ਸਿੰਘ ਗੜਗੱਜ

ਸਿੱਖ ਕੌਮ ਆਪਣੀ ਤਾਕਤ ਦੀ ਲਾਮਬੰਦੀ ਯਕੀਨੀ ਬਣਾਏ: ਜਥੇਦਾਰ ਕੁਲਦੀਪ ਸਿੰਘ ਗੜਗੱਜ ਵਿਸ਼ਵ ਸ਼ਾਂਤੀ ਤੇ ਹਿੰਦ-ਪਾਕਿ…