ਮੁਹਾਲੀ ਵਿੱਚ ਠੰਢੀਆਂ ਪਈਆਂ ‘ਆਪ’ ਦੀਆਂ ਸਿਆਸੀ ਸਰਗਰਮੀਆਂ, ਇਕੱਲੇ ਜ਼ਿਲ੍ਹਾ ਪ੍ਰਧਾਨ ਧਾਲੀਵਾਲ ਹੀ ਹਨ ਸਰਗਰਮ

ਸਿਆਸੀ ਸਰਗਰਮੀਆਂ ਠੱਪ ਹੋਣ ਕਾਰਨ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਹੋ ਸਕਦੈ ਵੋਟ ਬੈਂਕ ਦਾ ਨੁਕਸਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਮਾਰਚ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਆਮ ਆਦਮੀ ਪਾਰਟੀ (ਆਪ) ਦੀਆਂ ਸਿਆਸੀ ਸਰਗਰਮੀਆਂ ਕੁਝ ਜ਼ਿਆਦਾ ਹੀ ਠੰਢੀਆਂ ਪਈਆਂ ਹਨ। ਜਿਸ ਕਾਰਨ ਆਪ ਵਾਲੰਟੀਅਰਾਂ ਵਿੱਚ ਭਾਰੀ ਬੇਚੈਨੀ ਪਾਈ ਜਾ ਰਹੀ ਹੈ। ਹਾਲਾਂਕਿ ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਆਪ ਨੇ ਮੁਹਾਲੀ ਹਲਕੇ ਵਿੱਚ ਸਖ਼ਤ ਟੱਕਰ ਦਿੱਤੀ ਸੀ ਪਰ ਕਾਫੀ ਸਮੇਂ ਤੋਂ ਕੋਈ ਸਿਆਸੀ ਸਰਗਰਮੀ ਨਜ਼ਰ ਨਹੀਂ ਆਈ। ਇੱਥੋਂ ਦੇ ਚੋਣ ਲੜਨ ਵਾਲੇ ਆਪ ਆਗੂ ਨਰਿੰਦਰ ਸਿੰਘ ਸ਼ੇਰਗਿੱਲ ਚੋਣਾਂ ਤੋਂ ਬਾਅਦ ਤਾਂ ਕੁਝ ਦਿਨ ਤੱਕ ਸਰਗਰਮ ਨਜ਼ਰ ਆਏ ਸੀ ਲੇਕਿਨ ਹੁਣ ਕਾਫੀ ਸਮੇਂ ਤੋਂ ਉਹ ਅਚਾਨਕ ਹੀ ਹਲਕੇ ’ਚੋਂ ਗਾਇਬ ਹੋ ਗਏ ਹਨ। ਸ੍ਰੀ ਸ਼ੇਰਗਿੱਲ ਨੂੰ ਹਲਕੇ ’ਚੋਂ 40 ਹਜ਼ਾਰ ਤੋਂ ਵੱਧ ਵੋਟਾਂ ਮਿਲੀਆਂ ਸਨ। ਇਸੇ ਕਰਕੇ ਜਥੇਬੰਦਕ ਢਾਂਚਾ ਬਣਾਉਣ ਵੇਲੇ ਉਨ੍ਹਾਂ ਨੂੰ ਮੁਹਾਲੀ ਨਿਗਮ ਅਧੀਨ ਆਉਂਦੇ ਖੇਤਰ ਦਾ ਪ੍ਰਧਾਨ ਥਾਪਿਆ ਸੀ। ਪਾਰਟੀ ਵੱਲੋਂ ਫੇਜ਼-3ਬੀ2 ਵਿੱਚ ਖੋਲ੍ਹਿਆ ਦਫ਼ਤਰ ਵੀ ਜ਼ਿਆਦਾਤਰ ਬੰਦ ਹੀ ਰਹਿੰਦਾ ਹੈ। ਸ਼ੇਰਗਿੱਲ ਬਾਰੇ ਪਹਿਲਾਂ ਤਾਂ ਇਹ ਪ੍ਰਚਾਰ ਕੀਤਾ ਜਾਂਦਾ ਰਿਹਾ ਕਿ ਉਹ ਵਿਦੇਸ਼ ਗਏ ਹੋਏ ਹਨ ਅਤੇ ਹੁਣ ਜਦੋਂ ਵਿਦੇਸ਼ ਤੋਂ ਪਰਤਿਆਂ ਵੀ ਕਾਫੀ ਸਮਾਂ ਹੋ ਗਿਆ ਹੈ ਲੇਕਿਨ ਅਜੇ ਤਾਈਂ ਉਨ੍ਹਾਂ ਨੇ ਆਪਣੀ ਚੁੱਪੀ ਨਹੀਂ ਤੋੜੀ ਹੈ।
ਸਿਆਸੀ ਹਲਕਿਆਂ ਵਿੱਚ ਇਹ ਚਰਚਾ ਜ਼ੋਰਾਂ ’ਤੇ ਹੈ ਕਿ ਜਿਵੇਂ ਤਤਕਾਲੀ ਹੁਕਮਰਾਨਾਂ ਦੇ ਸਤਾਏ ਹੋਏ ਲੋਕਾਂ ਨੇ ਆਪ ਮੁਹਾਰੇ ਆਪ ਦਾ ਝਾੜੂ ਆਪਣੇ ਹੱਥਾਂ ਵਿੱਚ ਚੁੱਕ ਕੇ ਗੰਧਲੀ ਸਿਆਸਤ ਦਾ ਫਸਾਇਆ ਕਰਨ ਦਾ ਮਨ ਬਣਾਇਆ ਸੀ। ਉਸੇ ਤੇਜ਼ੀ ਨਾਲ ਮੁਹਾਲੀ ਵਿੱਚ ਆਪ ਆਪਣੀ ਹੋਂਦ ਗੁਆਉਂਦੀ ਜਾ ਰਹੀ ਹੈ। ਉਂਜ ਇਕੱਠੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਧਾਲੀਵਾਲ ਜ਼ਰੂਰ ਸਰਗਰਮ ਦਿਖਾਈ ਦੇ ਰਹੇ ਹਨ ਪ੍ਰੰਤੂ ਆਪ ਦੇ ਖਿੱਲਰੇ ਤੀਲੇ ਇਕੱਠੇ ਕਰਨ ਲਈ ਇੱਕ ਆਗੂ ਹੀ ਨਹੀਂ ਸਗੋਂ ਟੀਮ ਵਰਕ ਦੀ ਸਖ਼ਤ ਲੋੜ ਹੈ। ਸਰਗਰਮੀ ਨਾ ਹੋਣ ਕਾਰਨ ਹੁਣ ਵਾਲੰਟੀਅਰ ਵੀ ਪਿੱਛੇ ਹਟਣੇ ਸ਼ੁਰੂ ਹੋ ਗਏ ਹਨ। ਜਿਸ ਦਾ ਆਗਾਮੀ ਲੋਕ ਸਭਾ ਦੀਆਂ ਚੋਣਾਂ ਵਿੱਚ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ।
ਉਧਰ, ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਧਾਲੀਵਾਲ ਅਤੇ ਖਰੜ ਦੇ ਵਿਧਾਇਕ ਕੰਵਰ ਸੰਧੂ ਕਦੇ ਕਦਾਈ ਲੋਕ ਮਸਲਿਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਜਾਂ ਪੁਲੀਸ ਮੁਖੀ ਨੂੰ ਮੰਗ ਪੱਤਰ ਦੇਣ ਜ਼ਰੂਰ ਆਉਂਦੇ ਰਹਿੰਦੇ ਹਨ ਪ੍ਰੰਤੂ ਉਦੋਂ ਵੀ ਆਪ ਵਾਲੰਟੀਅਰਾਂ ਦਾ ਕਾਫਲਾ ਝਾਤ ਮਾਰਿਆਂ ਕਿਤੇ ਨਜ਼ਰ ਨਹੀਂ ਆਉਂਦਾ ਹੈ। ਖਰੜ ਵਿੱਚ ਕੰਵਰ ਸੰਧੂ ਲੋਕਾਂ ਨਾਲ ਖੜੇ ਨਜ਼ਰ ਆਉਂਦੇ ਹਨ। ਹੁਣ ਤੱਕ ਉਨ੍ਹਾਂ ਨੇ ਮੁਹਾਲੀ ਵਿੱਚ ਗੈਰਕਾਨੂੰਨੀ ਖਣਨ, ਟੁੱਟੀਆਂ ਸੜਕਾਂ ਅਤੇ ਸ਼ਾਮਲਾਤ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ੇ ਆਦਿ ਮੁੱਦੇ ਚੁੱਕੇ ਹਨ। ਜਿਸ ਦੇ ਚੱਲਦਿਆਂ ਸਰਕਾਰ ਨੂੰ ਹੁਣ ਗੈਰਕਾਨੂੰਨੀ ਖਣਨ ਵਿਰੁੱਧ ਸਖ਼ਤ ਕਦਮ ਚੁੱਕਣਾ ਪਿਆ ਹੈ। ਆਉਣ ਵਾਲੇ ਦਿਨਾਂ ਵਿੱਚ ਫਲਾਈਓਵਰ ਦਾ ਮੁੱਕਾ ਚੁੱਕਿਆ ਜਾਵੇਗਾ।
(ਬਾਕਸ ਆਈਟਮ)
ਉਧਰ, ਇਸ ਸਬੰਧੀ ਮੁਹਾਲੀ ਨਿਗਮ ਏਰੀਆ ਦੇ ਪ੍ਰਧਾਨ ਨਰਿੰਦਰ ਸਿੰਘ ਸ਼ੇਰਗਿੱਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਨ੍ਹਾਂ ਦਾ ਫੋਨ ਬੰਦ ਸੀ। ਉਨ੍ਹਾਂ ਦੇ ਇੱਕ ਸਮਰਥਕ ਨੇ ਦੱਸਿਆ ਕਿ ਬਾਈ ਜੀ ਦਾ ਜ਼ਿਆਦਾਤਰ ਫੋਨ ਬੰਦ ਹੀ ਰਹਿੰਦਾ ਹੈ।
(ਬਾਕਸ ਆਈਟਮ)
ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਦਰਸ਼ਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਮੁਹਾਲੀ ਸਮੇਤ ਸਮੁੱਚੇ ਜ਼ਿਲ੍ਹੇ ਅੰਦਰ ਸਿਆਸੀ ਸਰਗਰਮੀਆਂ ਵਧਾ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਖਰੜ ਵਿੱਚ ਪਾਰਟੀ ਦਫ਼ਤਰ ਖੋਲ੍ਹਿਆ ਗਿਆ ਹੈ। ਜਿੱਥੇ ਉਹ ਅਤੇ ਵਿਧਾਇਕ ਕੰਵਰ ਸੰਧੂ ਹਰ ਸ਼ਨਿਚਰਵਾਰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਬੈਠ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹਨ। ਧਾਲੀਵਾਲ ਨੇ ਦੱਸਿਆ ਕਿ ਮਾਜਰੀ ਬਲਾਕ, ਜ਼ੀਰਕਪੁਰ, ਡੇਰਾਬੱਸੀ ਅਤੇ ਲਾਲੜੂ ਵਿੱਚ ਵੀ ਦਫ਼ਤਰ ਖੋਲ੍ਹੇ ਗਏ ਹਨ। ਇਨ੍ਹਾਂ ਦਫ਼ਤਰਾਂ ਵਿੱਚ ਹੀ ਰੋਜ਼ਾਨਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਵਾਲੰਟੀਅਰ ਬੈਠਦਾ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਸ਼ਹਿਰੀ ਖੇਤਰ ਵਿੱਚ ਵਾਰਡ ਪੱਧਰ ’ਤੇ ਆਪ ਵਾਲੰਟੀਅਰਾਂ ਦੀਆਂ ਸਬ ਕਮੇਟੀਆਂ ਬਣਾਈਆਂ ਜਾਣਗੀਆਂ ਜਦੋਂ ਕਿ ਪਿੰਡਾਂ ਵਿੱਚ ਵੀ ਅਜਿਹੀਆਂ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…