ਵੈਟਰਨਰੀ ਏਆਈ ਵਰਕਰ ਯੂਨੀਅਨ ਵੱਲੋਂ ਗੁਪਤ ਐਕਸ਼ਨ ਤੇ ਮਰਨ ਵਰਤ ਸ਼ੁਰੂ ਕਰਨ ਦੀ ਚਿਤਾਵਨੀ

ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਦਫ਼ਤਰ ਦੇ ਬਾਹਰ ਭੁੱਖ-ਹੜਤਾਲ 14ਵੇਂ ਦਿਨ ’ਚ ਦਾਖ਼ਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਕਤੂਬਰ:
ਮੁਹਾਲੀ ਦੇ ਸੈਕਟਰ-68 ਸਥਿਤ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਡਾਇਰੈਕਟਰ ਦਫ਼ਤਰ ਦੇ ਅੱਗੇ ਲੜੀਵਾਰ ਧਰਨੇ ’ਤੇ ਬੈਠੇ ਵੈਟਰਨਰੀ ਏਆਈ ਵਰਕਰ ਯੂਨੀਅਨ ਦੇ ਮੈਂਬਰਾਂ ਨੇ ਆਉਣ ਵਾਲੇ ਦਿਨਾਂ ਵਿੱਚ ਗੁਪਤ ਐਕਸ਼ਨ ਅਤੇ ਮਰਨ ਵਰਤ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਅੱਜ ਵੈਟਰਨਰੀ ਏਆਈ ਵਰਕਰਾਂ ਦੀ ਭੁੱਖ-ਹੜਤਾਲ 14ਵੇਂ ਦਿਨ ਵਿੱਚ ਦਾਖ਼ਲ ਹੋ ਗਈ। ਇਸ ਦੌਰਾਨ ਧਰਨਾਕਾਰੀਆਂ ਨੇ ਹੁਕਮਰਾਨਾਂ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਨੇਤਰ ਸਿੰਘ ਰਿਆ, ਜਰਨਲ ਸਕੱਤਰ ਸਰਬਜੀਤ ਸਿੰਘ ਅਜਨਾਲਾ, ਮਨਿੰਦਰਪਾਲ ਸਿੰਘ ਬਠਿੰਡਾ ਅਤੇ ਮੱਖਣ ਸਿੰਘ ਮਾਨਸਾ ਨੇ ਦੱਸਿਆ ਕਿ ਉਹ ਸਾਰੇ ਧਰਨਾਕਾਰੀ ਪਸ਼ੂ ਪਾਲਣ ਵਿਭਾਗ ਵਿੱਚ ਪਿਛਲੇ ਡੇਢ ਦਹਾਕੇ ਤੋਂ ਬਤੌਰ ਏਆਈ ਵਰਕਰ (ਬਣਾਉਟੀ ਗਰਭਦਾਨ) ਬਿਨਾ ਕਿਸੇ ਤਨਖ਼ਾਹ ਜਾਂ ਮਾਣ-ਭੱਤੇ ਤੋਂ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਉਨ੍ਹਾਂ ਤੋਂ ਏਆਈ ਦੇ ਕੰਮ ਤੋਂ ਬਿਨਾ ਹੋਰ ਕੰਮ ਜਿਵੇਂ ਕਿ ਮੂੰਹ-ਖੁਰ ਦੀ ਵੈਕਸੀਨ, ਗਲ-ਘੋਟੂ ਵੈਕਸੀਨ, ਗੋਟ-ਪੌਕਸ ਵੈਕਸੀਨ, ਬਰੂਸਿਲੋਸੀਸ ਵੈਕਸੀਨ ਹੋਰ ਕਈ ਪ੍ਰਕਾਰ ਦੀਆਂ ਵੈਕਸੀਨਾਂ, ਪਸ਼ੂ ਭਲਾਈ ਕੈਂਪਾਂ, ਪਸ਼ੂ ਮੇਲਿਆਂ ਵਿੱਚ ਡਿਊਟੀ ਲਈ ਜਾਂਦੀ ਹੈ, ਪ੍ਰੰਤੂ ਇਸ ਦੇ ਇਵਜ਼ ਵਜੋਂ ਉਨ੍ਹਾਂ ਨੂੰ ਕੋਈ ਵੀ ਮਿਹਨਤਾਨਾ ਨਹੀਂ ਦਿੱਤਾ ਜਾਂਦਾ। ਸਮੂਹ ਵਰਕਰਾਂ ਵੱਲੋਂ ਵਿਭਾਗੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ, ਪ੍ਰੰਤੂ ਇਸ ਦੇ ਬਾਵਜੂਦ ਸਰਕਾਰ ਉਨ੍ਹਾਂ ਨੂੰ ਪੱਕਾ ਕਰਨ ਤੋਂ ਟਾਲਾ ਵੱਟਦੀ ਆ ਰਹੀ ਹੈ। ਉਹ ਪਹਿਲਾਂ ਅਕਾਲੀ ਸਰਕਾਰ, ਫਿਰ ਕਾਂਗਰਸ ਅਤੇ ਹੁਣ ਆਪ ਸਰਕਾਰ ਦੇ ਤਰਲੇ ਕੱਢ ਰਹੇ ਹਨ ਲੇਕਿਨ ਕੋਈ ਉਨ੍ਹਾਂ ਦੀ ਬਾਂਹ ਫੜਨ ਨੂੰ ਤਿਆਰ ਨਹੀਂ ਹੈ।
ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਮੇਂ ਸਮੇਂ ਸਿਰ ਪਸ਼ੂ ਪਾਲਣ ਵਿਭਾਗ ਦੇ ਸਕੱਤਰ ਅਤੇ ਡਾਇਰੈਕਟਰ ਨੂੰ ਵਰਕਰਾਂ ਦੀਆਂ ਜਾਇਜ਼ ਮੰਗਾਂ ਪ੍ਰਤੀ ਜਾਣੂ ਕਰਵਾਇਆ ਜਾਂਦਾ ਰਿਹਾ ਹੈ ਪ੍ਰੰਤੂ ਉੱਚ ਅਧਿਕਾਰੀਆਂ ਵੱਲੋਂ ਸ਼ੁਰੂ ਤੋਂ ਟਾਲ-ਮਟੋਲ ਵਾਲੀ ਨੀਤੀ ਅਪਣਾਈ ਹੋਈ ਹੈ। ਜਿਸ ਕਾਰਨ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਅੱਜ ਪੰਜਾਬ ਦੇ ਸਮੂਹ ਏਆਈ ਵਰਕਰਾਂ ਵੱਲੋਂ ਵਿਭਾਗ ਦੀਆਂ ਮਾੜੀਆਂ ਨੀਤੀਆਂ ਤੋਂ ਤੰਗ ਆ ਕੇ ਡਾਇਰੈਕਟਰ ਦਫ਼ਤਰ ਦਾ ਘਿਰਾਓ ਕਰਨ ਲਈ ਮਜਬੂਰ ਹੋਣਾ ਪਿਆ ਹੈ। ਜਥੇਬੰਦੀ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਸਮੇਤ ਹੋਰ ਜਾਇਜ਼ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਜਿਸ ਤਹਿਤ ਗੁਪਤ ਐਕਸ਼ਨ ਅਤੇ ਮਰਨ ਵਰਤ ਸ਼ੁਰੂ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਇਸ ਮੌਕੇ ਜਗਵਿੰਦਰ ਸਿੰਘ ਮੁਹਾਲੀ ਜਸਵਿੰਦਰ ਸਿੰਘ ਨਾਭਾ, ਪਰਮਜੀਤ ਸਿੰਘ ਮੋਗਾ, ਕਰਮਚੰਦ ਸ਼ਰਮਾ, ਮੁਕੰਦ ਸਿੰਘ, ਰਛਪਾਲ ਸਿੰਘ ਫਾਜ਼ਿਲਕਾ, ਨਿਸ਼ਾਨ ਸਿੰਘ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …