ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ

ਸਰਕਾਰ ’ਤੇ ਵਾਰ-ਵਾਰ ਮੀਟਿੰਗਾਂ ਤੋਂ ਭੱਜਣ ਦਾ ਦੋਸ਼, ਹੁਣ 22 ਅਕਤੂਬਰ ਨੂੰ ਸੱਦੀ ਮੀਟਿੰਗ

21 ਅਕਤੂਬਰ ਨੂੰ ਮੁੜ ਪਸ਼ੂ ਹਸਪਤਾਲਾਂ ਵਿੱਚ ਓਪੀਡੀ ਸੇਵਾਵਾਂ ਠੱਪ ਕਰਨ ਦਾ ਐਲਾਨ

ਨਬਜ਼-ਏ-ਪੰਜਾਬ, ਮੁਹਾਲੀ, 7 ਅਕਤੂਬਰ:
ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਡਾਕਟਰਾਂ ਨੇ ਮੈਡੀਕਲ ਅਫ਼ਸਰਾਂ ਦੀ ਤਨਖ਼ਾਹ ਬਰਾਬਰੀ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਅੱਜ ਮੁਹਾਲੀ ਸਮੇਤ ਪੰਜਾਬ ਭਰ ਵਿੱਚ ਪਸ਼ੂ ਹਸਪਤਾਲਾਂ ਵਿੱਚ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਸਰਕਾਰ ਵਿਰੁੱਧ ਰੋਸ ਮੁਜ਼ਾਹਰੇ ਕੀਤੇ ਗਏ। ਪੰਜਾਬ ਦੀ ‘ਆਪ’ ਸਰਕਾਰ ਦੇ ਅਵੇਸਲੇਪਣ ਤੋਂ ਦੁਖੀ ਵੈਟਰਨਰੀ ਡਾਕਟਰਾਂ ਨੇ ‘ਜੁਆਇੰਟ ਐਕਸ਼ਨ ਕਮੇਟੀ ਫਾਰ ਪੇਅ ਪੇਰਿਟੀ’ ਦੀ ਅਗਵਾਈ ਹੇਠ ਸਾਰੇ ਜ਼ਿਲ੍ਹਿਆਂ ਵਿੱਚ ਵੈਟਰਨਰੀ ਪੌਲੀ-ਕਲੀਨਿਕਾਂ ਦੇ ਬਾਹਰ ਧਰਨੇ ਦਿੱਤੇ।
ਮੁਹਾਲੀ ਵਿੱਚ ਪਸ਼ੂ ਹਸਪਤਾਲ ਬਲੌਂਗੀ ਦੇ ਬਾਹਰ ਸੂਬਾ ਪੱਧਰੀ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਪਸ਼ੂ ਹਸਪਤਾਲਾਂ ਵਿੱਚ ਪਸ਼ੂਆਂ ਅਤੇ ਜਾਨਵਰਾਂ ਦਾ ਇਲਾਜ, ਸਰਜਰੀਆਂ ਅਤੇ ਟੈਸਟਿੰਗ/ਖੂਨ ਅਤੇ ਹੋਰ ਨਮੂਨਿਆਂ ਆਦਿ ਕੋਈ ਕੰਮ ਨਹੀਂ ਕੀਤਾ ਗਿਆ। ਉਂਜ ਐਮਰਜੈਂਸੀ ਅਤੇ ਵੈਟਰੋ- ਲੀਗਲ ਕੇਸ ਜ਼ਰੂਰ ਅਟੈਂਡ ਕੀਤੇ ਗਏ। ਸਮੂਹ ਵੈਟਰਨਰੀ ਅਫ਼ਸਰਾਂ ਅਤੇ ਸੇਵਾਮੁਕਤ ਅਫ਼ਸਰਾਂ ਨੇ ਵੀ ਵੱਖ-ਵੱਖ ਥਾਵਾਂ ’ਤੇ ਰੋਸ ਮੁਜ਼ਾਹਰਿਆਂ ਵਿੱਚ ਸ਼ਮੂਲੀਅਤ ਕੀਤੀ।
ਜਥੇਬੰਦੀ ਦੇ ਸੂਬਾ ਕਨਵੀਨਰ ਡਾ. ਅਬਦੁਲ ਮਜ਼ੀਦ, ਮੀਡੀਆ ਕੋਆਰਡੀਨੇਟਰ ਡਾ. ਗੁਰਿੰਦਰ ਸਿੰਘ ਵਾਲੀਆ ਅਤੇ ਜ਼ਿਲ੍ਹਾ ਆਗੂ ਡਾ. ਨਿਤਿਨ ਗੌਤਮ ਨੇ ਪੰਜਾਬ ਸਰਕਾਰ ਦੀ ਢਿੱਲ-ਮੱਠ ਅਤੇ ਕੋਝੀਆਂ ਚਾਲਾਂ ਚੱਲਣ ਦੀ ਸਖ਼ਤ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਡਾਕਟਰਾਂ ਨਾਲ ਉਨ੍ਹਾਂ ਦੀ ਚਾਰ ਦਹਾਕਿਆਂ ਤੋਂ ਪੁਰਾਣੀ ਸਮਾਨਤਾ ਨੂੰ ਤੁਰੰਤ ਬਹਾਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਵਾਰ-ਵਾਰ ਸਮਾਂ ਦੇ ਕੇ ਮੀਟਿੰਗਾਂ ਕਰਨ ਤੋਂ ਭੱਜ ਰਹੀ ਹੈ। ਸਰਕਾਰ ਨੇ ਪਹਿਲਾਂ ਵਿੱਤ ਮੰਤਰੀ ਨਾਲ 17 ਸਤੰਬਰ ਨੂੰ ਮੀਟਿੰਗ ਰੱਖੀ ਸੀ ਪਰ ਐਨ ਮੌਕੇ ਅੱਗੇ ਪਾ ਦਿੱਤੀ, ਫਿਰ 27 ਸਤੰਬਰ ਨੂੰ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਫਿਕਸ ਕੀਤੀ ਗਈ, ਲੇਕਿਨ ਇਹ ਮੀਟਿੰਗ ਵੀ 22 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਗਈ।
ਸਾਬਕਾ ਡਿਪਟੀ ਡਾਇਰੈਕਟਰ ਡਾ. ਨਿਤਿਨ ਗੁਪਤਾ ਅਤੇ ਵੈਟਰਨਰੀ ਅਫ਼ਸਰ ਡਾ. ਗੁਰਨਾਮ ਸਿੰਘ, ਡਾ. ਬਲਤੇਜ ਸਿੰਘ, ਡਾ. ਹਰਪ੍ਰੀਤ ਕੌਰ, ਡਾ. ਅਰਸ਼ ਸ਼ਰਮਾ, ਡਾ. ਕੁਲਜੀਤ ਵੀਰ ਸਿੰਘ, ਡਾ. ਪ੍ਰੇਮ ਕੁਮਾਰ, ਡਾ. ਵਰਸ਼ਾ, ਡਾ. ਅਮਿਤ, ਡਾ. ਦਵਿੰਦਰ ਸਿੰਘ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਪੰਜਾਬ ਦੇ ਵੈਟਰਨਰੀ ਅਫ਼ਸਰਾਂ ਦੀਆਂ ਹੱਕੀ ਮੰਗਾਂ ਨੂੰ ਨਜ਼ਰਅੰਦਾਜ਼ ਕਰਨਾ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਤੋਂ ਹੁਣ ਉਨ੍ਹਾਂ ਦਾ ਵਿਸ਼ਵਾਸ ਟੁੱਟਣ ਲੱਗਾ ਹੈ ਕਿਉਂਕਿ ਪਿਛਲੀ ਕਾਂਗਰਸ ਸਰਕਾਰ ਦੇ ਗਲਤ ਕੰਮਾਂ ਨੂੰ ਠੀਕ ਕਰਨ ਵਿੱਚ ਵੀ ਦੇਰੀ ਕੀਤੀ ਜਾ ਰਹੀ ਹੈ। ਮੀਡੀਆ ਇੰਚਾਰਜ ਡਾ. ਗੁਰਿੰਦਰ ਸਿੰਘ ਵਾਲੀਆ ਨੇ 21 ਅਕਤੂਬਰ ਨੂੰ ਵੀ ਰੋਸ ਧਰਨਾ ਦਿੱਤਾ ਜਾਵੇਗਾ ਅਤੇ ਉਸ ਦਿਨ ਪੰਜਾਬ ਵਿੱਚ ਐਮਰਜੈਂਸੀ ਕੇਸਾਂ ਨੂੰ ਛੱਡ ਕੇ ਓਪੀਡੀ ਸਮੇਤ ਸਾਰੇ ਕੰਮ ਬੰਦ ਰੱਖੇ ਜਾਣਗੇ ਅਤੇ ਰੋਸ ਮਾਰਚ ਵੀ ਕੀਤੇ ਜਾਣਗੇ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…