ਪੰਜਾਬ ਵਿੱਚ ਪਸੂ ਹਸਪਤਾਲਾਂ ਤੇ ਡਿਸਪੈਂਸਰੀਆਂ ਨੂੰ ਆਧੁਨਿਕ ਸਾਜ਼ੋ ਸਮਾਨ ਨਾਲ ਲੈਸ ਕੀਤਾ ਜਾਵੇਗਾ: ਸਿੱਧੂ

ਸੂਬੇ ਵਿੱਚ ਬਲਾਕ ਪੱਧਰ ’ਤੇ ਅਤਿ ਆਧੁਨਿਕ ਵੈਟਰਨਰੀ ਕਲੀਨਿਕ ਖੋਲ੍ਹੇ ਜਾਣਗੇ

ਪਸੂ ਪਾਲਣ ਮੰਤਰੀ ਸਿੱਧੂ ਵੱਲੋਂ ਅਧਿਕਾਰੀਆਂ ਨਾਲ ਕੀਤੀ ਪਲੇਠੀ ਮੀਟਿੰਗ, ਖਾਲੀ ਅਸਾਮੀਆਂ ਨੂੰ ਜਲਦੀ ਭਰਨ ਦਾ ਭਰੋਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਪਰੈਲ:
ਪੰਜਾਬ ਵਿੱਚ ਪਸ਼ੂ ਹਸਪਤਾਲਾਂ ਅਤੇ ਡਿਸਪੈਂਸਰੀਆਂ ਨੂੰ ਅਤਿ ਆਧੁਨਿਕ ਸਾਜ਼ੋ ਸਮਾਨ ਨਾਲ ਲੈਸ ਕੀਤਾ ਜਾਵੇਗਾ ਅਤੇ ਵਿਭਾਗ ਵਿੱਚ ਪਿਛਲੇ ਕਾਫੀ ਸਮੇਂ ਤੋਂ ਖਾਲੀ ਪਈ ਅਸਾਮੀਆਂ ਨੂੰ ਜਲਦੀ ਭਰਿਆ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਬੁੱਧਵਾਰ ਨੂੰ ਮੁਹਾਲੀ ਸਥਿਤ ਲਾਈਵਜ਼ ਸਟੋਕ ਕੰਪਲੈਕਸ ਦਾ ਦੌਰਾ ਕਰਨ ਮੌਕੇ ਪੱਤਰਕਾਰਾਂ ਨਾਲ ਕਰਦਿਆਂ ਕੀਤਾ।
ਇਸ ਤੋਂ ਪਹਿਲਾਂ ਸ੍ਰੀ ਸਿੱਧੂ ਨੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਪਲੇਠੀ ਮੀਟਿੰਗ ਕਰਕੇ ਦਫ਼ਤਰੀ ਕੰਮਾਂ ਕਾਰਾਂ ਦਾ ਜਾਇਜ਼ਾ ਲਿਆ ਅਤੇ ਵੱਖ-ਵੱਖ ਬ੍ਰਾਂਚਾਂ ਦਾ ਦੌਰਾ ਕਰਕੇ ਵਿਭਾਗ ਸਬੰਧੀ ਮੁੱਢਲੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਦੇ ਨਾਲ ਨਾਲ ਮੱਛੀ ਪਾਲਣ ਦੇ ਧੰਦੇ ਵਿੱਚ ਬਹੁਤ ਵੱਡੀਆਂ ਸੰਭਾਵਨਾਵਾਂ ਹਨ। ਉਨ੍ਹਾਂ ਅਧਿਕਾਰੀਆਂ ਨੂੰ ਜ਼ੋਰ ਦੇ ਕੇ ਆਖਿਆ ਕਿ ਇਨ੍ਹਾਂ ਕਿੱਤਿਆਂ ਨੂੰ ਵੱਡੇ ਪੱਧਰ ’ਤੇ ਪ੍ਰਫੁੱਲਤ ਕਰਨ ਲਈ ਨਵੀਆਂ ਯੋਜਨਾਵਾਂ ਉਲੀਕ ਕੇ ਉਨ੍ਹਾਂ ਨੂੰ ਲਾਗੂ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਪਸ਼ੂ ਪਾਲਕਾਂ ਦੀ ਸਹੂਲਤ ਲਈ ਬਲਾਕ ਪੱਧਰ ’ਤੇ ਵੈਟਰਨਰੀ ਪੌਲੀਕਲੀਨਿਕ ਖੋਲ੍ਹੇ ਜਾਣਗੇ ਅਤੇ ਪਸ਼ੂ ਪਾਲਣ ਵਿਭਾਗ ਨੂੰ ਨਵੀਆਂ ਲੀਹਾਂ ’ਤੇ ਤੋਰਿਆ ਜਾਵੇਗਾ ਅਤੇ ਆਮਦਨ ਵਧਾਉਣ ਲਈ ਨਵੇਂ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ।
ਸ੍ਰੀ ਸਿੱਧੂ ਨੇ ਅਧਿਕਾਰੀਆਂ ਨੂੰ ਕਿਹਾ ਕਿ ਲੋਕਾਂ ਦੀ ਮੰਗ ਮੁਤਾਬਕ ਗਊਆਂ ਅਤੇ ਮੱਝਾਂ ਦਾ ਸੀਮਨ ਭੇਜਣ ਲਈ ਹੋਰਨਾਂ ਸੂਬਿਆਂ ਦੇ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਜਾਵੇ। ਉਨ੍ਹਾਂ ਛੱਜੂਮਾਜਰਾ (ਖਰੜ) ਸਥਿਤ ਪਿਗਰੀ ਫਾਰਮ ਦੇ ਵਿਕਾਸ ਕਰਨ ਦੀ ਗੱਲ ਵੀ ਆਖਦਿਆਂ ਕਿਹਾ ਕਿ ਪਿਗਰੀ, ਬੱਕਰੀਆਂ ਅਤੇ ਮੁਰਗੀ ਪਾਲਣ ਕਿੱਤੇ ਨੂੰ ਉਤਸ਼ਾਹਿਤ ਕੀਤਾ ਜਾਵੇ। ਪਿੰਡ ਪੜਛ ਵਿੱਚ ਗੋਟ ਫਾਰਮ, ਢੁਕਵੀਂ ਥਾਂ ’ਤੇ ਪੋਲਟਰੀ ਫਾਰਮ ਅਤੇ ਮੁਹਾਲੀ ਵਿੱਚ ਪੈਟ ਕਲੀਨਿਕ ਖੋਲ੍ਹਣ ਅਤੇ ਮਨੌਲੀ ਵਿੱਚ ਵੈਟਰਨਰੀ ਪੋਲੀ ਕਲੀਨਿਕ ਖੋਲਣ ਲਈ ਇੱਕ ਯੋਜਨਾ ਤਿਆਰ ਕਰਨ ਲਈ ਵੀ ਆਖਿਆ। ਇਸ ਤੋਂ ਇਲਾਵਾ ਪਸ਼ੂ ਪਾਲਕਾਂ ਲਈ ਬਿਮਾਰੀ ਰਹਿਤ ਚਾਰੇ ਦੇ ਬੀਜ਼ ਤਿਆਰ ਕਰਨ ਲਈ ਵੀ ਉਪਰਾਲੇ ਕੀਤੇ ਜਾਣ।
ਇਸ ਤੋਂ ਪਹਿਲਾਂ ਡੇਅਰੀ ਵਿਕਾਸ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ ਨੇ ਡੇਅਰੀ ਵਿਕਾਸ ਦੀਆਂ ਸਕੀਮਾਂ ਬਾਰੇ ਮੰਤਰੀ ਨੂੰ ਜਾਣੂ ਕਰਵਾਇਆ। ਇਸ ਮੌਕੇ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਅਮਰਜੀਤ ਸਿੰਘ ਤੇ ਡਾ. ਮਦਨ ਮੋਹਨ ਨੇ ਆਪੋ ਆਪਣੇ ਵਿਭਾਗਾਂ ਦੇ ਕੰਮਾਂ ਅਤੇ ਕਾਰਗੁਜ਼ਾਰੀ ਬਾਰੇ ਦੱਸਿਆ। ਮੀਟਿੰਗ ਵਿੱਚ ਬੱਸੀ ਪਠਾਣਾ ਦੇ ਵਿਧਾਇਕ ਗੁਰਪ੍ਰੀਤ ਸਿੰਘ, ਸੰਯੁਕਤ ਡਾਇਰੈਕਟਰ ਜਸਵੀਰ ਸਿੰਘ, ਡਾ. ਅਮਰਜੀਤ ਸਿੰਘ ਮੁਲਤਾਨੀ, ਡਾ. ਗੁਰਦੀਪ ਸਿੰਘ, ਮੰਤਰੀ ਦੇ ਸਿਆਸੀ ਸਲਾਹਕਾਰ ਹਰਕੇਸ ਚੰਦ ਸ਼ਰਮਾ, ਵਕੀਲ ਨਰਪਿੰਦਰ ਸਿੰਘ ਰੰਗੀ, ਗੁਰਚਰਨ ਸਿੰਘ ਭੰਵਰਾ, ਮਨਜਿੰਦਰ ਸਿੰਘ ਬਿੱਟੂ ਸਮੇਤ ਵਿਭਾਗ ਦੇ ਅਧਿਕਾਰੀ ਮੌਜੂਦ ਸਨ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …