nabaz-e-punjab.com

ਵੈਟਰਨਰੀ ਇੰਸਪੈਕਟਰਾਂ ਵੱਲੋਂ ਵਾਧੂ ਚਾਰਜ, ਟੈਗਿੰਗ, ਆਨਲਾਈਨ ਰਿਪੋਰਟਾਂ ਦਾ ਮੁਕੰਮਲ ਬਾਈਕਾਟ

ਪਸ਼ੂ ਪਾਲਣ ਵਿਭਾਗ ਵਿੱਚ ਵੈਟਰਨਰੀ ਇੰਸਪੈਕਟਰਾਂ ਦੀਆਂ ਇਕ ਤਿਹਾਈ ਅਸਾਮੀਆਂ ਖਾਲੀ

ਸਰਕਾਰ ਨੇ ਖਾਲੀ ਅਸਾਮੀਆਂ ਭਰਨ ਦੀ ਬਜਾਏ ਵਾਧੂ ਚਾਰਜ ਦੇ ਕੇ ਸਾਰਿਆਂ ਜਾ ਰਿਹਾ ਹੈ ਡੰਗ, ਮੁਲਾਜ਼ਮਾਂ ’ਚ ਰੋਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਮਾਰਚ:
ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਇੰਸਪੈਕਟਰਾਂ ਨੇ ਪੰਜਾਬ ਭਰ ਵਿੱਚ ਪਸ਼ੂ ਹਸਪਤਾਲਾਂ ਅਤੇ ਡਿਸਪੈਂਸਰੀਆਂ ਦਾ ਕੰਮ ਚਲਾਉਣ ਧੱਕੇ ਨਾਲ ਦਿੱਤੇ ਵਾਧੂ ਚਾਰਜਾਂ, ਟੈਗਿੰਗ ਅਤੇ ਆਨਲਾਈਨ ਰਿਪੋਰਟਾਂ ਦੇ ਕੰਮ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕਰਕੇ ਉੱਚ ਅਧਿਕਾਰੀਆਂ ਦੀ ਨੀਂਦ ਉੱਡਾ ਦਿੱਤੀ ਹੈ। ਇਹ ਫੈਸਲਾ ਅੱਜ ਇੱਥੇ ਪੰਜਾਬ ਰਾਜ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਨਿਰਮਲ ਸੈਣੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ। ਜਿਸ ਵਿੱਚ ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਸੱਚਰ, ਕੇਵਲ ਸਿੰਘ ਸਿੱਧੂ, ਰਾਜੀਵ ਮਲਹੋਤਰਾ, ਬਰਿੰਦਰਪਾਲ ਸਿੰਘ ਕੈਰੋਂ, ਹਰਪ੍ਰੀਤ ਸਿੰਘ ਸਿੱਧੂ, ਜਗਸੀਰ ਸਿੰਘ ਖਿਆਲਾ, ਜਗਰਾਜ ਸਿੰਘ ਟੱਲੇਵਾਲ ਸਮੇਤ ਸਮੁੱਚੀ ਸੂਬਾ ਕਮੇਟੀ ਦੇ ਮੈਂਬਰਾਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਅਫ਼ਸਰਸ਼ਾਹੀ ਦੇ ਵਤੀਰੇ ਖ਼ਿਲਾਫ਼ ਸਮੂਹ ਵੈਟਰਨਰੀ ਇੰਸਪੈਕਟਰ 9 ਮਾਰਚ ਨੂੰ ਸਮੂਹ ਡਿਪਟੀ ਡਾਇਰੈਕਟਰਾਂ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨਗੇ। ਜੇਕਰ ਫਿਰ ਵੀ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਤਾਂ 22 ਮਾਰਚ ਨੂੰ ਚੰਡੀਗੜ੍ਹ ਵਿੱਚ ਸੂਬਾ ਪੱਧਰੀ ਰੋਸ ਰੈਲੀ ਕੀਤੀ ਜਾਵੇਗੀ ਅਤੇ ਇਸ ਦੌਰਾਨ ਪੈਦਾ ਹੋਏ ਹਾਲਾਤਾਂ ਲਈ ਪਸ਼ੂ ਪਾਲਣ ਵਿਭਾਣ ਦੀ ਅਫ਼ਸਰਸ਼ਾਹੀ ਜ਼ਿੰਮੇਵਾਰ ਹੋਵੇਗੀ।
ਮੀਟਿੰਗ ਦੇ ਵੇਰਵੇ ਦਿੰਦਿਆਂ ਜਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜਨ ਨੇ ਦੱਸਿਆ ਕਿ ਵੈਟਰਨਰੀ ਇੰਸਪੈਕਟਰ ਕਾਡਰ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਸਰਵਿਸ ਰੂਲ ਬਣਾਉਣ, ਤਰੱਕੀ ਚੈਨਲ ਚਾਲੂ ਕਰਨ, ਰਜਿਸਟਰੇਸ਼ਨ ਕਰਨ, ਤਨਖ਼ਾਹ ਸਕੇਲਾਂ ਵਿੱਚ ਸੋਧ ਅਤੇ 582 ਅਸਾਮੀਆਂ ਦੀ ਬਹਾਲੀ ਲਈ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਕੋਲ ਮਸਲੇ ਰੱਖੇ ਗਏ ਹਨ, ਪ੍ਰੰਤੂ ਸੂਬਾ ਸਰਕਾਰ ਵੱਲੋਂ ਇਨ੍ਹਾਂ ਜਾਇਜ਼ ਮੰਗਾਂ ਬਾਰੇ ਸਹਿਮਤੀ ਦੇਣ ਦੀ ਬਜਾਏ ਪਾਲਣ ਵਿਭਾਗ ਦੀ ਅਫ਼ਸਰਸ਼ਾਹੀ ਵਿਸ਼ੇਸ਼ ਲਾਬੀ ਨੂੰ ਖ਼ੁਸ਼ ਕਰਨ ਲਈ ਬੇਲੋੜੇ ਅੜਿੱਕੇ ਪੈਦਾ ਕਰ ਰਹੀ ਹੈ।
ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਵੈਟਰਨਰੀ ਇੰਸਪੈਕਟਰਾਂ ਦੀਆਂ ਹੱਕੀ ਮੰਗਾਂ ਨੂੰ ਹੱਲ ਦੀ ਬਜਾਏ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਵਿੱਚ ਵੈਟਰਨਰੀ ਇੰਸਪੈਕਟਰਾਂ ਦੀਆਂ ਇਕ ਤਿਹਾਈ ਅਸਾਮੀਆਂ ਖਾਲੀ ਹਨ ਪਰ ਵਿਭਾਗ ਵੱਲੋਂ ਇਨ੍ਹਾਂ ਖਾਲੀ ਅਸਾਮੀਆਂ ਨੂੰ ਭਰਨ ਦੀ ਬਜਾਏ ਬਾਕੀ ਮੁਲਾਜ਼ਮਾਂ ਨੂੰ ਧੱਕੇ ਨਾਲ ਖਾਲੀ ਅਸਾਮੀਆਂ ਦਾ ਵਾਧੂ ਚਾਰਜ, ਟੈਗਿੰਗ ਅਤੇ ਰਿਪੋਰਟਾਂ ਆਨਲਾਈਨ ਕਰਨ ਦਾ ਕੰਮ ਸੌਂਪਿਆ ਜਾ ਰਿਹਾ ਹੈ। ਐਸੋਸੀਏਸ਼ਨ ਨੇ ਇਸ ਧੱਕੇਸਾਹੀ ਦੇ ਖ਼ਿਲਾਫ਼ ਸੰਘਰਸ਼ ਦਾ ਸੱਦਾ ਦਿੰਦਿਆਂ ਵਾਧੂ ਚਾਰਜਾਂ ਵਾਲੇ ਸਟੇਸ਼ਨਾਂ ਅਤੇ ਟੈਗਿੰਗ ਦਾ ਕੰਮ ਬੰਦ ਕਰਨ ਦਾ ਫੈਸਲਾ ਲਿਆ ਹੈ। ਐਸੋਸੀਏਸ਼ਨ ਨੇ ਇਸ ਸਬੰਧੀ ਪਸ਼ੂ ਪਾਲਣ ਦੇ ਡਾਇਰੈਕਟਰ ਨੂੰ ਨੋਟਿਸ ਦਿੰਦਿਆਂ ਕਿਹਾ ਜੇਕਰ ਉੱਚ ਅਧਿਕਾਰੀ ਕਿਸੇ ਵੈਟਰਨਰੀ ਇੰਸਪੈਕਟਰ ਨੂੰ ਤੰਗ ਪ੍ਰੇਸ਼ਾਨ ਕਰੇਗਾ ਤਾਂ ਇਸ ਸਬੰਧੀ ਤੁਰੰਤ ਜਥੇਬੰਦੀ ਦੇ ਧਿਆਨ ਵਿੱਚ ਲਿਆਂਦਾ ਜਾਵੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…