Nabaz-e-punjab.com

ਸਰਕਾਰੀ ਰੋਕਾਂ ਦੇ ਬਾਵਜੂਦ ਵੈਟਰਨਰੀ ਇੰਸਪੈਕਟਰਾਂ ਵੱਲੋਂ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਦਫ਼ਤਰ ਦਾ ਘਿਰਾਓ

ਪਸ਼ੂ ਪਾਲਣ ਵਿਭਾਗ ਪੰਜਾਬ ਦੇ ਡਾਇਰੈਕਟਰ ਦਫ਼ਤਰ ਦੇ ਮੁੱਖ ਗੇਟ ਮੂਹਰੇ ਦਿੱਤਾ ਸੂਬਾ ਪੱਧਰੀ ਧਰਨਾ, ਲੜੀਵਾਰ ਸੰਘਰਸ਼ ਵਿੱਢਣ ਦੀ ਧਮਕੀ

ਪੇਂਡੂ ਮਜ਼ਦੂਰ ਯੂਨੀਅਨ, ਸਾਂਝਾ ਮੁਲਾਜ਼ਮ ਮੰਚ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਵੀ ਕੀਤੀ ਧਰਨੇ ਵਿੱਚ ਸ਼ਮੂਲੀਅਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਅਗਸਤ:
ਪਸ਼ੂ ਪਾਲਣ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ ਵੱਲੋਂ ਵੈਟਰਨਰੀ ਇੰਸਪੈਕਟਰਾਂ ਦੀਆਂ ਕੀਤੀਆਂ ਜਬਰੀ ਬਦਲੀਆਂ ਅਤੇ ਧੱਕੇ ਨਾਲ ਦਿੱਤੇ ਵਾਧੂ ਚਾਰਜਾਂ ਖ਼ਿਲਾਫ਼ ਪੰਜਾਬ ਭਰ ਦੇ ਸਮੂਹ ਵੈਟਰਨਰੀ ਇੰਸਪੈਕਟਰਾਂ ਨੇ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਨਿਰਮਲ ਸੈਣੀ ਅਤੇ ਸੂਬਾ ਪ੍ਰੈੱਸ ਸਕੱਤਰ ਕਿਸ਼ਨ ਚੰਦਰ ਮਹਾਜਨ ਦੀ ਅਗਵਾਈ ਹੇਠ ਅੱਜ ਇੱਥੋਂ ਦੇ ਸੈਕਟਰ-68 ਸਥਿਤ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਡਾਇਰੈਕਟਰ ਦਫ਼ਤਰ ਦਾ ਘਿਰਾਓ ਕਰਕੇ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਅਤੇ ਡਾਇਰੈਕਟਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਹਾਲਾਂਕਿ ਪਿਛਲੇ ਦਿਨੀਂ ਸੂਬਾ ਪੱਧਰੀ ਧਰਨੇ ਦੇ ਚੱਲਦਿਆਂ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਨੇ ਤਾਜ਼ਾ ਫੁਰਮਾਨ ਕਰਕੇ ਸਾਫ਼ ਲਫ਼ਜ਼ਾਂ ਵਿੱਚ ਆਖਿਆ ਗਿਆ ਸੀ ਕਿ ਕੋਈ ਵੀ ਅਧਿਕਾਰੀ ਅਤੇ ਕਰਮਚਾਰੀ ਅਗਾਊਂ ਛੁੱਟੀ ਜਾਂ ਪ੍ਰਵਾਨਗੀ ਲਏ ਬਿਨਾਂ ਮੁੱਖ ਦਫ਼ਤਰ ਨਹੀਂ ਆ ਸਕਦਾ ਹੈ ਅਤੇ ਨਾ ਹੀ ਆਪਣਾ ਸਟੇਸ਼ਨ ਛੱਡ ਸਕਦਾ ਹੈ। ਡਾਇਰੈਕਟਰ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਘੁਰਕੀ ਵੀ ਦਿੱਤੀ ਸੀ ਲੇਕਿਨ ਇਸ ਦੇ ਬਾਵਜੂਦ ਵੈਟਰਨਰੀ ਇੰਸਪੈਕਟਰਾਂ ਨੇ ਪਹਿਲਾਂ ਤੋਂ ਤੈਅ ਪ੍ਰੋਗਰਾਮ ਅਨੁਸਾਰ ਅੱਜ ਮੁੱਖ ਦਫ਼ਤਰ ਦੇ ਬਾਹਰ ਧਰਨਾ ਦਿੱਤਾ।
ਆਗੂਆਂ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਵੱਲੋਂ ਵੈਟਰਨਰੀ ਇੰਸਪੈਕਟਰ ਕਾਡਰ ਖ਼ਿਲਾਫ਼ ਧੱਕੇਸ਼ਾਹੀ ਅਤੇ ਵਧੀਕੀਆਂ ਦਾ ਰਵੱਈਆ ਅਪਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡਾਇਰੈਕਟੋਰੇਟ ਵੱਲੋਂ ਮਨਮਰਜ਼ੀ ਨਾਲ ਗੈਰਵਿਹਾਰਕ ਫੈਸਲੇ ਲੈ ਕੇ ਫੀਲਡ ਸਟਾਫ਼ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਵੈਟਰਨਰੀ ਇੰਸਪੈਕਟਰ ਨੂੰ 2-2 ਅਦਾਰਿਆਂ ਦੇ ਚਾਰਜ ਅਤੇ ਦੋ ਸੰਸਥਾਵਾਂ ਦੇ ਟੀਚੇ ਦਿੱਤੇ ਗਏ ਹਨ, ਜੋ ਕਿਸੇ ਤਰ੍ਹਾਂ ਜਾਇਜ਼ ਨਹੀਂ। ਜਦੋਂਕਿ ਡੇਢ ਦਰਜਨ ਤੋਂ ਵੱਧ ਵੈਟਰਨਰੀ ਇੰਸਪੈਕਟਰਾਂ ਨੂੰ ਮੁੱਖ ਦਫ਼ਤਰ ਵਿੱਚ ਤਾਇਨਾਤ ਕਰਕੇ ਉਨ੍ਹਾਂ ਤੋਂ ਕਲਰਕੀ ਦਾ ਕੰਮ ਲਿਆ ਜਾ ਰਿਹਾ ਹੈ।
ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸੁਖਦੇਵ ਭੂੰਦਰੀ, ਸਾਂਝਾ ਮੁਲਾਜ਼ਮ ਮੰਚ ਦੇ ਪ੍ਰਧਾਨ ਸੁਖਚੈਨ ਸਿੰਘ ਖੈਰਾ, ਭਾਰਤੀ ਕਿਸਾਨ ਯੂਨੀਅਨ (ਏਕਤਾ) ਦੇ ਆਗੂ ਹਰਦੀਪ ਗਾਲਬ ਨੇ ਕਿਹਾ ਕਿ ਛੋਟਾ ਕਿਸਾਨ ਪਹਿਲਾ ਹੀ ਖ਼ੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੈ। ਪਰ ਵਿਭਾਗ ਦੇ ਡਾਇਰੈਕਟਰ ਨੇ ਪਸ਼ੂ ਪਾਲਕਾਂ ਨੂੰ ਉਨ੍ਹਾਂ ਦੇ ਬੂਹੇ ’ਤੇ ਸਸਤੇ ਇਲਾਜ ਅਤੇ ਨਸਲ ਸੁਧਾਰ ਵਰਗੀਆਂ ਬੁਨਿਆਦੀ ਸਹੂਲਤਾਂ ਬੰਦ ਕਰਕੇ ਪੰਜਾਬ ਦੇ ਪਸ਼ੂ ਪਾਲਕਾਂ ਨੂੰ ਵੀ ਖ਼ੁਦਕੁਸ਼ੀਆਂ ਦੇ ਰਾਹ ਪੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਸੂਬਾ ਪ੍ਰਧਾਨ ਨਿਰਮਲ ਸੈਣੀ ਅਤੇ ਪੈੱ੍ਰਸ ਸਕੱਤਰ ਕਿਸ਼ਨ ਚੰਦਰ ਮਹਾਜਨ ਨੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਉਨ੍ਹਾਂ ਦੀਆਂ ਲੰਮੇ ਸਮੇਂ ਤੋਂ ਲਮਕ ਰਹੀਆਂ ਮੰਗਾਂ ਸਰਵਿਸ ਰੂਲ ਬਣਾਉਣਾ, ਰਜਿਸਟਰੇਸ਼ਨ ਕਰਨਾ, ਤਹਿਸੀਲ ਪੱਧਰ ’ਤੇ ਸੀਨੀਅਰ ਵੈਟਰਨਰੀ ਇੰਸਪੈਕਟਰਾਂ ਦੀਆਂ 53 ਅਸਾਮੀਆਂ, ਕੁੱਲ ਸੈਕਸ਼ਨ ਅਸਾਮੀਆਂ ’ਤੇ 50 ਫੀਸਦੀ ਕਾਡਰ ਨੂੰ 4200 ਦਾ ਗਰੇਡ ਦੇਣਾ ਆਦਿ ਮੰਗਾਂ ਨੂੰ ਲਾਗੂ ਕਰਨ ਦੀ ਥਾਂ ਉਲਟਾ ਉਨ੍ਹਾਂ ਨੂੰ ਪਸ਼ੂ ਹਸਪਤਾਲਾਂ ਦਾ ਵਾਧੂ ਚਾਰਜ ਦੇ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਡਾਇਰੈਕਟਰ ਇਕ ਵਿਸ਼ੇਸ਼ ਲਾਬੀ ਦੇ ਹੱਥਾਂ ਦੀ ਕੱਠਪੁੱਤਲੀ ਵਾਂਗ ਕੰਮ ਕਰ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਅਤੇ ਪਸ਼ੂ ਪਾਲਣ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਵੈਟਰਨਰੀ ਇੰਸਪੈਕਟਰਾਂ ਨੂੰ ਧੱਕੇ ਨਾਲ ਦਿੱਤੇ ਵਾਧੂ ਚਾਰਜ/ਜ਼ਬਰੀ ਕੀਤੀਆਂ ਬਦਲੀਆਂ ਤੁਰੰਤ ਰੱਦ ਕੀਤੀਆਂ ਜਾਣ ਤਾਂ ਕਿ ਵੈਟਰਨਰੀ ਇੰਸਪੈਕਟਰ ਪਸ਼ੂ ਪਾਲਕਾਂ ਦੀ ਦਿਨ-ਰਾਤ ਸੇਵਾ ਕਰ ਸਕਣ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾਂ ਰੂਪ ਦਿੱਤਾ ਜਾਵੇਗਾ।
ਇਸ ਮੌਕੇ ਭੁਪਿੰਦਰ ਸਿੰਘ ਸੱਚਰ, ਰਾਜੀਵ ਮਲਹੋਤਰਾ, ਕੇਵਲ ਢਿੱਲੋਂ, ਬਰਿੰਦਰਪਾਲ ਸਿੰਘ ਕੈਰੋ, ਮਨਦੀਪ ਸਿੰਘ ਗਿੱਲ, ਜਗਰਾਜ ਸਿੰਘ ਟੱਲੇਵਾਲ, ਹਰਪ੍ਰੀਤ ਸਿੰਘ ਸਿੱਧੂ,ਯਸ਼ ਚੌਧਰੀ, ਗੁਰਦੀਪ ਸਿੰਘ ਬਾਸੀ, ਜਸਵਿੰਦਰ ਸਿੰਘ ਬੜੀ, ਗੁਰਪ੍ਰੀਤ ਸਿੰਘ, ਗੁਰਮੀਤ ਮੇਹਤਾ, ਜਸਵਿੰਦਰ ਸਿੰਘ ਢਿੱਲੋ, ਜਰਨੈਲ ਸਿੰਘ ਗਿੱਲ, ਅਮਨਦੀਪ ਸ਼ਰਮਾ, ਮਨਮੋਹਨ ਸਿੰਘ, ਧਰਮਵੀਰ, ਹਰਜੋਧ ਸਿੰਘ, ਜਗਸ਼ੀਰ ਸਿੰਘ ਮਾਨਸਾ, ਸੰਦੀਪ ਚੌਧਰੀ, ਸੁਰਿੰਦਰ ਭੂਪਾਲ, ਸਤਨਾਮ ਸਿੰਘ ਫਤਹਿਗੜ੍ਹ ਸਾਹਿਬ, ਹਰਪ੍ਰੀਤ ਸਿੰਘ ਜੀਰਾ, ਰਾਮ ਲੁਬਾਇਆ ਅਤੇ ਜਸਬੀਰ ਸਿੰਘ ਰਾਣਾ ਹਾਜ਼ਰ ਸਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…