ਵੈਟਰਨਰੀ ਅਫ਼ਸਰਾਂ ਵੱਲੋਂ ਪੇਅ-ਪੈਰਿਟੀ ਦੀ ਬਹਾਲੀ ਲਈ ਸੰਘਰਸ਼ ਸ਼ੁਰੂ, ਕੈਂਪਾਂ ਦਾ ਬਾਈਕਾਟ

ਪਸ਼ੂ ਪਾਲਣ ਵਿਭਾਗ ਦੇ ਅਫਸਰਾਂ ਨਾਲ ਸਰਕਾਰ ਕਰਨ ਲੱਗੀ ਵਿਤਕਰਾ: ਆਗੂ

ਨਬਜ਼-ਏ-ਪੰਜਾਬ, ਮੁਹਾਲੀ, 24 ਜੂਨ:
ਵੈਟਨਰੀ ਅਫਸਰਾਂ ਨੇ ਆਖਰ ਕਾਰ ਸੂਬਾ ਸਰਕਾਰ ਦੇ ਲਾਰਿਆਂ ਤੋਂ ਤੰਗ ਆ ਕੇ ਸੰਘਰਸ਼ ਦਾ ਰਾਹ ਅਪਣਾਉਣ ਦਾ ਐਲਾਨ ਕਰ ਦਿੱਤਾ ਹੈ। ਪਿਛਲੇ 40 ਸਾਲਾਂ ਤੋਂ ਚਲੀ ਆ ਰਹੀ ਵੈਟਰਨਰੀ ਅਫ਼ਸਰਾਂ ਦੀ ਮੈਡੀਕਲ ਅਤੇ ਡੈਂਟਲ ਅਫ਼ਸਰਾਂ ਦੇ ਬਰਾਬਰ ਪੇਅ-ਪੈਰਿਟੀ ਨੂੰ ਪਿਛਲੀ ਸਰਕਾਰ ਵੱਲੋਂ 4 ਜਨਵਰੀ 2021 ਦੇ ਪੱਤਰ ਰਾਹੀਂ ਵੈਟਨਰੀ ਅਫਸਰਾਂ ਨਾਲ ਧੱਕਾ ਕਰਕੇ ਭੰਗ ਕੀਤੀ ਗਈ ਸੀ। ਜਿਸ ਨਾਲ ਵੈਟਰਨਰੀ ਅਫਸਰਾਂ ਵਿੱਚ ਲਗਾਤਾਰ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਲਗਾਤਾਰ ਮੌਜੂਦਾ ਸੂਬਾ ਸਰਕਾਰ ਦੇ ਪੱਧਰ ਤੇ ਵਾਰ-ਵਾਰ ਮੰਗ ਪੱਤਰ ਦਿੱਤੇ ਗਏ ਹਨ, ਪਰ ਸੂਬਾ ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ। ਪਸ਼ੂ ਪਾਲਣ ਵਿਭਾਗ ਦੇ ਮੰਤਰੀਆਂ ਕੁਲਦੀਪ ਸਿੰਘ ਧਾਲੀਵਾਲ, ਲਾਲਜੀਤ ਸਿੰਘ ਭੁੱਲਰ ਅਤੇ ਗੁਰਮੀਤ ਸਿੰਘ ਖੁੱਡੀਆਂ ਨੂੰ ਵਾਰ-ਵਾਰ ਮੰਗ ਪੱਤਰ ਦਿੱਤੇ ਗਏ ਹਨ।
ਪਰ ਅਜੇ ਤੱਕ ਸਵਾਏ ਵਾਅਦਿਆਂ ਅਤੇ ਐਲਾਨਾਂ ਤੋਂ ਵੱਧ ਕੁੱਝ ਵੀ ਨਹੀਂ ਮਿਲਿਆ। ਜਿਸ ਕਾਰਨ ਵੈਟਰਨਰੀ ਅਫਸਰਾਂ ਦੇ ਸਮੁੱਚੇ ਕੇਡਰ ਵਿੱਚ ਵੱਡੇ ਪੱਧਰ ਤੇ ਰੋਸ ਪਾਇਆ ਜਾ ਰਿਹਾ ਹੈ। ਹੁਣ ਤੱਕ ਵੈਟਰਨਰੀ ਅਫ਼ਸਰਾਂ ਨੇ ਬਹੁਤ ਹੀ ਸਬਰ ਤੋਂ ਕੰਮ ਲਿਆ ਕਿਉਂਕਿ ਮੁੱਖ ਮੰਤਰੀ ਜੀ ਕਹਿੰਦੇ ਹਨ ਕਿ ਹੜਤਾਲਾਂ ਕਰਨ ਦੀ ਬਜਾਏ ਗੱਲਬਾਤ ਨਾਲ ਮਸਲੇ ਹੱਲ ਕਰੋ। ਵੈਟਨਰੀ ਅਫਸਰਾਂ ਵੱਲੋਂ ਲਗਾਤਾਰ ਸਵਾ 2 ਸਾਲਾਂ ਤੋਂ ਗੱਲਬਾਤ ਸਰਕਾਰ ਦੇ ਮੰਤਰੀਆਂ ਨਾਲ ਕੀਤੀ ਗਈ ਹੈ ਪਰ ਕੋਈ ਵੀ ਗੱਲ ਤਣ-ਪੱਤਣ ਨਹੀਂ ਲੱਗੀ। ਸਰਕਾਰ ਵੱਲੋਂ ਵੈਟਰਨਰੀ ਅਫ਼ਸਰਾਂ ਦੀ ਪੇਅ-ਪੈਰਿਟੀ ਦੀ ਮੰਗ ਨੂੰ ਲਗਾਤਾਰ ਅਣਡਿੱਠ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਨੂੰ ਮਿਤੀ 13.6.2024 ਨੂੰ ਅਗਾਊਂ ਬਕਾਇਦਾ ਅਲਟੀਮੇਟਮ ਦਿੱਤਾ ਗਿਆ ਸੀ ਕਿ ਜੇ ਮਿਤੀ 24.6.2024 ਤੱਕ ਵੈਟਰਨਰੀ ਅਫ਼ਸਰਾਂ ਦੀ ਪੇਅ-ਪੈਰਿਟੀ ਨੂੰ ਮੈਡੀਕਲ ਅਤੇ ਡੈਂਟਲ ਅਫ਼ਸਰਾਂ ਦੇ ਬਰਾਬਰ ਮੁੜ ਬਹਾਲ ਨਹੀਂ ਕੀਤਾ ਜਾਂਦਾ ਤਾਂ ਜੁਆਇੰਟ ਐਕਸ਼ਨ ਕਮੇਟੀ ਆਫ਼ ਵੈਟਸ ਫਾਰ ਪੇਅ-ਪੈਰਿਟੀ ਵੱਲੋਂ ਮਜ਼ਬੂਰਨ ਮਿਤੀ 25.6.2024 ਤੋਂ ਸੰਘਰਸ਼ ਦਾ ਰਾਹ ਅਪਣਾਇਆ ਜਾਵੇਗਾ, ਜਿਸ ਦੇ ਸਿੱਟੇ ਵਜੋਂ ਹੋਣ ਵਾਲੇ ਕਿਸੇ ਵੀ ਕਿਸਮ ਦੇ ਨੁਕਸਾਨ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
ਵੈਟਰਨਰੀ ਅਫ਼ਸਰਾਂ ਦੀ ਪੇਅ-ਪੈਰਿਟੀ ਦੀ ਮੰਗ ਨੂੰ ਸਰਕਾਰ ਵੱਲੋਂ ਕੋਈ ਹੁੰਗਾਰਾ ਨਾ ਦੇਣ ਦਾ ਮਤਲਬ ਹੈ ਕਿ ਸਰਕਾਰ ਪਸ਼ੂ ਪਾਲਕਾਂ ਦੇ ਭਲੇ ਲਈ ਕੰਮ ਕਰਦੇ ਵੈਟਰਨਰੀ ਅਫਸਰਾਂ ਦੇ ਮਨੋਬਲ ਨੂੰ ਹੇਠਾਂ ਲਾ ਕੇ ਪਸ਼ੂ ਪਾਲਕਾਂ ਨੂੰ ਘਾਟੇ ਵੱਲ ਧੱਕਣਾ ਚਾਹੁੰਦੀ ਹੈ ਜੋ ਕਿ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 24.6.2024 ਤੱਕ ਇਸ ਵਿਸ਼ੇ ਤੇ ਕੋਈ ਵੀ ਕਾਰਵਾਈ ਨਾ ਹੋਣ ਕਰਕੇ 25.6.2024 ਤੋਂ ਜੁਆਇੰਟ ਐਕਸ਼ਨ ਕਮੇਟੀ ਆਫ਼ ਵੈਟਸ ਫਾਰ ਪੇਅ-ਪੈਰਿਟੀ ਵੱਲੋਂ ਮਜਬੂਰ ਹੋ ਕੇ ਸੰਘਰਸ਼ ਦਾ ਰਾਹ ਅਪਣਾਇਆ ਜਾ ਰਿਹਾ ਹੈ ਅਤੇ ਸੰਘਰਸ਼ ਦਾ ਪਹਿਲਾ ਪੜਾਅ ਅਰੰਭ ਕੀਤਾ ਜਾ ਰਿਹਾ ਹੈ। ਇਸ ਸਬੰਧੀ ਲਿਖਤੀ ਪਤਰ ਜ਼ਿਲ੍ਹਾ ਮੁਹਾਲੀ ਦੇ ਡਿਪਟੀ ਡਾਰੈਕਟਰ ਪਸ਼ੂ ਪਾਲਣ ਡਾ. ਸ਼ਿਵਕਾਂਤ ਗੁਪਤਾ ਨੂੰ ਡਾ. ਨਿਤਿਨ ਗੌਤਮ ਕੋ-ਕਨਵੀਨਰ ਡਾ. ਅਬਦੁਲ ਮਜੀਦ, ਡਾ. ਗੁਰਿੰਦਰ ਸਿੰਘ ਵਾਲੀਆ ਦੀ ਅਗਵਾਈ ਹੇਠ ਜੁਆਇੰਟ ਐਕਸ਼ਨ ਕਮੇਟੀ ਦੇ ਜ਼ਿਲ੍ਹਾ ਪੱਧਰੀ ਵਫ਼ਦ ਨੇ ਕਾਲੇ ਬਿੱਲੇ ਲਗਾ ਕੇ ਸੌਂਪਿਆ ਗਿਆ। ਵਫ਼ਦ ਵਿੱਚ ਡਾ. ਰਾਜੇਸ਼ ਨਾਰੰਗ, ਡਾ. ਦਵਿੰਦਰ ਸਿੰਘ, ਡਾ. ਰਾਘਵ ਗਾਂਧੀ, ਡਾ. ਹਰਪ੍ਰੀਤ ਤੁਰ, ਡਾ. ਕੁਲਜੋਟਵਿਰ ਸਿੰਘ, ਡਾ. ਗੁਰਨਾਮ ਸਿੰਘ, ਡਾਕਟਰ ਬਲਤੇਜ, ਡਾ. ਰੰਜਨ ਪਾਠਕ, ਡਾ. ਲੋਕੇਸ਼ ਕਾਜਲ ਨੇ ਸ਼ਿਰਕਤ ਕੀਤੀ।

Load More Related Articles
Load More By Nabaz-e-Punjab
Load More In General News

Check Also

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ ਨਬਜ਼-ਏ-ਪੰਜਾਬ, ਮੁਹਾਲੀ, 5 ਅਕ…