ਵੈਟਰਨਰੀ ਯੂਨੀਵਰਸਿਟੀ ਨੇ ਪਸ਼ੂ ਪਾਲਣ ਕਿੱਤਿਆਂ ਲਈ ਪੁਰਸਕਾਰ ਦੇਣ ਸਬੰਧੀ ਅਰਜ਼ੀਆਂ ਮੰਗੀਆਂ

ਨਬਜ਼-ਏ-ਪੰਜਾਬ ਬਿਊਰੋ, ਲੁਧਿਆਣਾ, 10 ਜਨਵਰੀ:
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪਸ਼ੂ ਪਾਲਣ ਕਿੱਤਿਆਂ ਵਿੱਚ ਪ੍ਰਗਤੀਸ਼ੀਲ ਅਤੇ ਮੋਹਰੀ ਕਿਸਾਨਾਂ ਨੂੰ ਇਸ ਵਰ੍ਹੇ ਦੇ ਪੁਰਸਕਾਰ ਦੇਣ ਲਈ ਅਰਜ਼ੀਆਂ ਲੈਣ ਦਾ ਐਲਾਨ ਕਰ ਦਿੱਤਾ ਗਿਆ ਹੈ।ਯੂਨੀਵਰਸਿਟੀ ਹਰ ਸਾਲ ਪਸ਼ੂ ਪਾਲਣ ਦੇ ਕਿੱਤੇ ਨਾਲ ਜੁੜੇ ਹੋਏ ਅਗਾਂਹਵਧੂ ਅਤੇ ਨਵੀਆਂ ਤਕਨੀਕਾਂ ਅਪਣਾ ਰਹੇ ਕਿਸਾਨਾਂ ਨੂੰ ਇਨਾਮ ਪ੍ਰਦਾਨ ਕਰਦੀ ਹੈ।ਯੂਨੀਵਰਸਿਟੀ ਵੱਲੋਂ ਇਨਾ੍ਹਂ ਚਾਰ ਇਨਾਮਾਂ ਵਿੱਚ ਨਗਦ ਰਾਸ਼ੀ, ਸਨਮਾਨ ਪੱਤਰ, ਅਤੇ ਸ਼ਾਲ ਭੇਟ ਕੀਤੇ ਜਾਣਗੇ। ਇਸ ਵਾਸਤੇ ਪਸ਼ੂ ਪਾਲਣ ਕਿੱਤੇ ਨਾਲ ਜੁੜੇ ਪੇਂਡੂ ਇਕਾਈਆਂ ਦੇ ਪਸ਼ੂ ਪਾਲਕ 30 ਜਨਵਰੀ 2017 ਤੱਕ ਆਪਣੇ ਬਿਨੈ ਪੱਤਰ ਨਿਰਦੇਸ਼ਕ ਪਸਾਰ ਸਿੱਖਿਆ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਦਫਤਰ ਵਿੱਚ ਪੂਰੇ ਵੇਰਵੇ ਸਹਿਤ ਭਰ ਕੇ ਪਹੁੰਚਾਉਣ ਦੀ ਕ੍ਰਿਪਾਲਤਾ ਕਰਨ।
ਡਾ. ਹਰੀਸ਼ ਕੁਮਾਰ ਵਰਮਾ, ਨਿਰਦੇਸ਼ਕ ਪਸਾਰ ਸਿੱਖਿਆ ਨੇ ਇਨ੍ਹਾਂ ਪੁਰਸਕਾਰਾਂ ਬਾਰੇ ਦੱਸਦਿਆਂ ਕਿਹਾ ਕਿ ਡੇਅਰੀ ਖੇਤਰ ਵਿੱਚ ਗਾਵਾਂ ਅਤੇ ਮੱਝਾਂ ਦੇ ਪਸ਼ੂ ਪਾਲਕਾਂ ਨੂੰ ਵੱਖ-ਵੱਖ ਇਨਾਮ ਦਿੱਤੇ ਜਾਣਗੇ। ਇਨਾਮਾਂ ਦੀ ਨਗਦ ਰਾਸ਼ੀ ਗਊਆਂ ਦੇ ਡੇਅਰੀ ਫਾਰਮ ਲਈ 21 ਹਾਜ਼ਾਰ ਰੁਪਏ ਮੱਝਾਂ ਦੇ ਡੇਅਰੀ ਫਾਰਮ ਲਈ ਵੀ 21 ਹਜ਼ਾਰ ਰੁਪਏ, ਮੁਰਗੀ ਪਾਲਣ ਲਈ 11 ਹਜ਼ਾਰ ਰੁਪਏ ਅਤੇ ਬੱਕਰੀ ਪਾਲਣ ਲਈ 5100 ਰੁਪਏ ਹੋਵੇਗੀ। ਜ਼ਿਕਰਯੋਗ ਹੈ ਕਿ ਪਸ਼ੂ ਪਾਲਣ ਦੇ ਕਿੱਤਿਆਂ ਦੀ ਮਹੱਤਤਾ ਨੂੰ ਧਿਆਨ ਗੋਚਰੇ ਰੱਖਦਿਆਂ ਇਹ ਫੈਸਲਾ ਕੀਤਾ ਗਿਆ ਸੀ ਕਿ ਡੇਅਰੀ ਫਾਰਮ ਦੇ ਨਾਲ-ਨਾਲ ਦੂਜੇ ਪਸ਼ੂ ਪਾਲਣ ਕਿੱਤਿਆਂ ਨੂੰ ਵੀ ਸਨਮਾਨਿਤ ਕੀਤਾ ਜਾਇਆ ਕਰੇਗਾ।
ਚਾਹਵਾਨ ਸੱਜਣ ਬਿਨੈ ਪੱਤਰ ਪ੍ਰਾਪਤ ਕਰਨ ਲਈ ਨਿਰਦੇਸ਼ਕ ਪਸਾਰ ਸਿੱਖਿਆ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਤੋਂ ਇਲਾਵਾ ਆਪਣੇ ਜ਼ਿਲੇ ਦੇ ਨਿਰਦੇਸ਼ਕ ਕ੍ਰਿਸ਼ੀ ਵਿਗਿਆਨ ਕੇਂਦਰ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ, ਡਿਪਟੀ ਡਾਇਰੈਕਟਰ ਮੱਛੀ ਪਾਲਣ, ਜਨਰਲ ਮੈਨੇਜਰ ਸਹਿਕਾਰੀ ਅਤੇ ਪ੍ਰਾਈਵੇਟ ਮਿਲਕ ਪਲਾਂਟ ਨਾਲ ਸੰਪਰਕ ਕਰਨ।ਡਾ. ਵਰਮਾ ਨੇ ਅੱਗੇ ਕਿਹਾ ਕਿ ਪ੍ਰਾਪਤ ਅਰਜ਼ੀਆਂ ਦੀ ਮੁਢਲੀ ਜਾਂਚ ਪੜਤਾਲ ਤੋਂ ਬਾਅਦ ਯੂਨੀਵਰਸਿਟੀ ਦੇ ਮਾਹਰਾਂ ਦੀ ਟੀਮ ਵੱਖ-ਵੱਖ ਫਾਰਮਾਂ ’ਤੇ ਅਪਣਾਈਆਂ ਜਾਣ ਵਾਲੀਆਂ ਅਤੇ ਕਿਸਾਨ ਵੀਰਾਂ ਵੱਲੋਂ ਆਪਣੇ ਤੌਰ ਤੇ ਵਿਕਸਿਤ ਨਵੀਨਤਮ ਤਕਨੀਕਾਂ ਦਾ ਬਾਰੀਕੀ ਨਾਲ ਮੁਆਇਨਾ ਕਰੇਗੀ ਅਤੇ ਜੇਤੂ ਪਸ਼ੂ ਪਾਲਕਾਂ ਦਾ ਫੈਸਲਾ ਕਰੇਗੀ। ਪੁਰਸਕਾਰ ਜੇਤੂਆਂ ਨੂੰ ਇਕ ਵਿਸ਼ੇਸ਼ ਸਮਾਰੋਹ ਵਿੱਚ ਸਨਮਾਨਿਤ ਕੀਤਾ ਜਾਵੇਗਾ।
ਉਨ੍ਹਾਂ ਇਹ ਵੀ ਉਮੀਦ ਜਤਾਈ ਕਿ ਅਜਿਹੇ ਪੁਰਸਕਾਰ ਪੇਂਡੂ ਵੀਰਾਂ ਤੇ ਬੀਬੀਆਂ ਨੂੰ ਪਸ਼ੂ ਪਾਲਣ ਨਾਲ ਸਬੰਧਿਤ ਕਿੱਤਿਆਂ ਨੂੰ ਅਪਨਾਉਣ ਲਈ ਪ੍ਰੇਰਿਤ ਕਰਨਗੇ, ਜਿਸ ਨਾਲ ਬੇਰੁਜ਼ਗਾਰ ਨੌਜਵਾਨਾਂ ਨੂੰ ਬਿਹਤਰ ਰੁਜ਼ਗਾਰ ਵੀ ਮਿਲੇਗਾ, ਰਵਾਇਤੀ ਖੇਤੀ ਵਿੱਚ ਵੰਨ-ਸੁਵੰਨਤਾ ਆਵੇਗੀ ਤੇ ਪੇਂਡੂ ਲੋਕਾਂ ਦਾ ਸਮਾਜਕ ਅਤੇ ਆਰਥਿਕ ਜੀਵਨ ਨਿਰਵਾਹ ਹੋਰ ਸੁਚੱਜਾ ਹੋਵੇਗਾ। ਡਾ. ਵਰਮਾ ਨੇ ਕਿਹਾ ਕਿ ਇਨਾ੍ਹਂ ਪੁਰਸਕਾਰਾਂ ਸਬੰਧੀ ਵੱਖ-ਵੱਖ ਫਾਰਮਾਂ ਦੇ ਦੌਰੇ ਦੌਰਾਨ ਮਾਹਿਰਾਂ ਨੂੰ ਆਪਣੀ ਖੋਜ ਅਤੇ ਸਿਖਲਾਈ ਸਬੰਧੀ ਜਿਥੇ ਨਵੇਂ ਨੁਕਤੇ ਅਪਨਾਉਣ ਦੀ ਜਾਣਕਾਰੀ ਮਿਲਦੀ ਹੈ ਉੱਥੇ ਪਸ਼ੂ ਪਾਲਕਾਂ ਨੂੰ ਵੀ ਇਨ੍ਹਾਂ ਮਾਹਰਾਂ ਕੋਲੋਂ ਕਈ ਮੁੱਲਵਾਨ ਰਾਵਾਂ ਅਤੇ ਸੁਝਾਅ ਪ੍ਰਾਪਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਚਾਹਵਾਨ ਪਸ਼ੂ ਪਾਲਕ ਸਮੇਂ ਸਿਰ ਬਿਨੈ ਪੱਤਰ ਭੇਜਣ ਦੀ ਖੇਚਲ ਕਰਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…