
ਸਿੱਖਿਆ ਬੋਰਡ ਦੇ ਨਵੇਂ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਨੇ ਅਹੁਦਾ ਸੰਭਾਲਿਆ
ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਸਤੰਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵੇਂ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਨੇ ਸ਼ੁੱਕਰਵਾਰ ਨੂੰ ਆਪਣਾ ਅਹੁਦਾ ਸੰਭਾਲ ਲਿਆ ਹੈ। ਕੋਵਿਡ-19 ਦੇ ਚੱਲਦਿਆਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਿੱਖਿਆ ਬੋਰਡ ਭਵਨ ਵਿੱਚ ਡਾ. ਭਾਟੀਆ ਨੇ ਬਿਲਕੁਲ ਸਾਦੇ ਢੰਗ ਨਾਲ ਆਪਣਾ ਅਹੁਦਾ ਸੰਭਾਲਿਆ। ਇਸ ਮੌਕੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ, ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ, ਸਾਬਕਾ ਡਿਪਟੀ ਸਪੀਕਰ ਦਰਬਾਰੀ ਲਾਲ, ਵਿਧਾਇਕ ਸੁਨੀਲ ਦੱਤੀ, ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ, ਡੀਜੀਐੱਸਈ ਮੁਹੰਮਦ ਤਈਅਬ, ਕੰਟਰੋਲਰ (ਪ੍ਰੀਖਿਆਵਾਂ) ਜੇ.ਆਰ. ਮਹਿਰੋਕ, ਉਪ ਸਕੱਤਰ ਗੁਰਤੇਜ਼ ਸਿੰਘ ਅਤੇ ਬੋਰਡ ਦੇ ਹੋਰ ਅਧਿਕਾਰੀ ਹਾਜ਼ਰ ਸਨ।
ਡਾ. ਵਰਿੰਦਰ ਭਾਟੀਆ ਨੇ ਡੀਏਵੀ ਕਾਲਜ ਅੰਮ੍ਰਿਤਸਰ ਵਿਖੇ 21 ਸਾਲ ਤੋਂ ਵੱਧ ਸਮਾਂ ਬਿਜ਼ਨਸ ਕਾਮਰਸ ਅਤੇ ਮੈਨੇਜਮੈਂਟ ਵਿਸ਼ੇ ਪੜ੍ਹਾਉਣ ਤੋਂ ਇਲਾਵਾ ਐੱਮਸੀਐੱਮ ਕਾਲਜ, ਕਾਂਗੜਾ, ਕੇਆਰਐੱਮ ਡੀਏਵੀ ਕਾਲਜ ਨਕੋਦਰ ਵਿੱਚ ਬਤੌਰ ਪ੍ਰਿੰਸੀਪਲ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਅਮਰੀਕਨ ਬਾਇਓਗ੍ਰਾਫ਼ੀਕਲ ਇੰਸਟੀਚਿਊਟ ਵੱਲੋਂ ਅਕਾਦਮਿਕ ਖੇਤਰ ਅਤੇ ਸਮਾਜ ਲਈ ਉਨ੍ਹਾਂ ਦੀਆਂ ਵਿਸ਼ੇਸ਼ ਕਾਰਗੁਜ਼ਾਰੀਆਂ ਲਈ ਵੀ ਨਾਮਜ਼ਦ ਕੀਤਾ ਜਾ ਚੁੱਕਾ ਹੈ। ਵਾਈਸ ਚੇਅਰਮੈਨ ਦੀ ਨਿਯੁਕਤੀ ਤੋਂ ਪਹਿਲਾਂ ਉਹ ਐੱਸਐੱਲ ਬਾਵਾ ਡੀਏਵੀ ਕਾਲਜ ਬਟਾਲਾ ਦੇ ਪ੍ਰਿੰਸੀਪਲ ਸਨ। ਇਸ ਮੌਕੇ ਡਾ. ਭਾਟੀਆ ਨੇ ਪੰਜਾਬ ਸਰਕਾਰ, ਖਾਸ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਪੰਚਾਇਤ ਮੰਤਰੀ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ। ਉਹ ਇਸ ਨੂੰ ਪੂਰੀ ਲਗਨ, ਇਮਾਨਦਾਰੀ ਅਤੇ ਸੇਵਾ ਭਾਵਨਾ ਨਾਲ ਨਿਭਾਉਣਗੇ ਅਤੇ ਸਿੱਖਿਆ ਬੋਰਡ ਦੀ ਖ਼ੁਦਮੁਖ਼ਤਿਆਰੀ ਅਤੇ ਮੁਲਾਜ਼ਮਾਂ ਦੀ ਭਲਾਈ ਅਤੇ ਵਿਦਿਆਰਥੀਆਂ ਦੇ ਵਡੇਰੇ ਹਿੱਤਾਂ ਲਈ ਚੇਅਰਮੈਨ ਪ੍ਰੋ. ਯੋਗਰਾਜ ਨਾਲ ਮਿਲ ਕੇ ਸਾਂਝੇ ਯਤਨ ਕਰਨਗੇ।