
ਵਿੱਕੀ ਮਿੱਡੂਖੇੜਾ ਕਤਲ ਮਾਮਲਾ: ਹਾਈ ਕੋਰਟ ਵੱਲੋਂ ਸਿੱਧੂ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਨੂੰ ਵੱਡਾ ਝਟਕਾ
ਉੱਚ ਅਦਾਲਤ ਨੇ ਕਿਹਾ ਅਗਾਊਂ ਜ਼ਮਾਨਤ ਲਈ ਸ਼ਗਨਪ੍ਰੀਤ ਨੂੰ ਭਾਰਤ ਆਉਣ ਪਵੇਗਾ
ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਨੇ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਤੋਂ ਜਾਨ ਨੂੰ ਖ਼ਤਰਾ ਦੱਸਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜੁਲਾਈ:
ਐਸਓਆਈ ਦੇ ਸਾਬਕਾ ਪ੍ਰਧਾਨ ਅਤੇ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਮਿੱਡੂਖੇੜਾ ਦੇ ਕਤਲ ਸਬੰਧੀ ਮੁਹਾਲੀ ਦੇ ਮਟੌਰ ਥਾਣੇ ਵਿੱਚ ਦਰਜ ਅਪਰਾਧਿਕ ਮਾਮਲੇ ਵਿੱਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮੈਨੇਜਰ ਰਹੇ ਸ਼ਗਨਪ੍ਰੀਤ ਸਿੰਘ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸ਼ਗਨਪ੍ਰੀਤ ਨੂੰ ਵੱਡਾ ਝਟਕਾ ਦਿੰਦਿਆਂ ਉਸ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਕੋਰਾ ਜਵਾਬ ਦੇ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਜਦੋਂ ਉਹ ਪਹਿਲਾਂ ਹੀ ਵਿਦੇਸ਼ ਵਿੱਚ ਬੈਠਾ ਹੈ ਤਾਂ ਉਸ ਨੂੰ ਅਗਾਊਂ ਜ਼ਮਾਨਤ ਕਿਵੇਂ ਦਿੱਤੀ ਜਾ ਸਕਦੀ ਹੈ। ਉੱਚ ਅਦਾਲਤ ਨੇ ਕਿਹਾ ਕਿ ਪਹਿਲਾਂ ਸ਼ਗਨਪ੍ਰੀਤ ਨੂੰ ਭਾਰਤ ਆਉਣਾ ਹੋਵੇਗਾ। ਇਸ ਤੋਂ ਬਾਅਦ ਹੀ ਉਹ ਆਪਣੀ ਜ਼ਮਾਨਤ ਲਈ ਅਰਜ਼ੀ ਦਾਇਰ ਕਰ ਸਕਦਾ ਹੈ। ਸ਼ਗਨਪ੍ਰੀਤ ’ਤੇ ਸ਼ੂਟਰਾਂ ਨਾਲ ਤਾਲਮੇਲ ਰੱਖਣ ਅਤੇ ਉਨ੍ਹਾਂ ਨੂੰ ਪਨਾਹ ਦੇਣ ਦਾ ਕਥਿਤ ਦੋਸ਼ ਹੈ।
ਇੱਥੋਂ ਦੇ ਸੈਕਟਰ-71 ਦੀ ਮਾਰਕੀਟ ਵਿੱਚ ਕਰੀਬ 10 ਮਹੀਨੇ ਪਹਿਲਾਂ ਦਿਨ-ਦਿਹਾੜੇ 7 ਅਗਸਤ 2021 ਨੂੰ ਨਕਾਬਪੋਸ਼ ਹਮਲਾਵਰਾਂ ਨੇ ਅੰਨ੍ਹੇਵਾਹ ਫਾਇਰਿੰਗ ਕਰਕੇ ਵਿੱਕੀ ਮਿੱਡੂਖੇੜਾ ਦਾ ਕਤਲ ਕਰ ਦਿੱਤਾ ਸੀ। ਬਾਅਦ ਵਿੱਚ ਸਿੱਧੂ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਸਿੰਘ ਦਾ ਨਾਮ ਵੀ ਜੁੜ ਗਿਆ। ਗੈਂਗਸਟਰਾਂ ਦੀਆਂ ਧਮਕੀਆਂ ਅਤੇ ਪੁਲੀਸ ਤੋਂ ਡਰਦਾ ਮਾਰਾ ਸ਼ਗਨਪ੍ਰੀਤ ਵਿਦੇਸ਼ ਦੌੜ ਗਿਆ ਸੀ ਅਤੇ ਹੁਣ ਵੀ ਆਸਟ੍ਰੇਲੀਆ ਵਿੱਚ ਹੀ ਹੈ। ਲੇਕਿਨ ਹੁਣ ਉਸ (ਸ਼ਗਨਪ੍ਰੀਤ) ਨੇ ਆਪਣੀ ਚੁੱਪੀ ਤੋੜਦੇ ਹੋਏ ਜਾਂਚ ਵਿੱਚ ਸ਼ਾਮਲ ਹੋਣ ਦੀ ਗੱਲ ਕਹੀ ਹੈ, ਬਸ਼ਰਤੇ ਮੁਹਾਲੀ ਪੁਲੀਸ ਉਸ ਦੀ ਸੁਰੱਖਿਆ ਨੂੰ ਯਕੀਨੀ ਬਣਾਏ। ਕਿਉਂਕਿ ਉਸ ਨੇ ਖੂੰਖਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਕੈਨੇਡਾ ਵਿੱਚ ਬੈਠੇ ਗੋਲਡੀ ਬਰਾੜ ਤੋਂ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਹੈ।
ਇਸ ਸਬੰਧੀ ਸ਼ਗਨਪ੍ਰੀਤ ਨੇ ਆਪਣੇ ਵਕੀਲਾਂ ਰਾਹੀਂ ਹਾਈ ਕੋਰਟ ਵਿੱਚ ਦੋ ਵੱਖੋ-ਵੱਖ ਅਰਜ਼ੀਆਂ ਦਾਇਰ ਕਰਕੇ ਸੁਰੱਖਿਆ ਦੀ ਮੰਗ ਕੀਤੀ ਗਈ ਹੈ। ਇੱਕ ਅਰਜ਼ੀ ਵਿੱਚ ਉਸ ਨੇ ਵਿੱਕੀ ਮਿੱਡੂਖੇੜਾ ਕਤਲ ਮਾਮਲੇ ਵਿੱਚ ਅਗਾਊਂ ਜ਼ਮਾਨਤ ਦੀ ਗੁਹਾਰ ਲਗਾਈ ਸੀ। ਆਸਟੇ੍ਰਲੀਆ ਵਿੱਚ ਬੈਠੇ ਸ਼ਗਨਪ੍ਰੀਤ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਕਿ ਜਦੋਂ ਉਹ ਭਾਰਤ ਆਉਣ ਨੂੰ ਤਿਆਰ ਹੈ, ਬਸ਼ਰਤੇ ਮੁਹਾਲੀ ਪਹੁੰਚਣ ’ਤੇ ਉਸ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਵਿੱਕੀ ਮਿੱਡੂਖੇੜਾ ਕਤਲ ਮਾਮਲੇ ਵਿੱਚ ਪੁਲੀਸ ਜਾਂਚ ਵਿੱਚ ਸ਼ਾਮਲ ਹੋਣ ਲਈ ਉਸ ਨੂੰ ਜਿੱਥੇ ਵੀ ਸੱਦੇਗੀ, ਉਹ ਉੱਥੇ ਪਹੁੰਚ ਜਾਵੇਗਾ।
ਇਸ ਮਾਮਲੇ ਵਿੱਚ ਤਿੰਨ ਸ਼ੂਟਰਾਂ ਸੱਜਣ ਸਿੰਘ ਉਰਫ਼ ਭੋਲੂ ਵਾਸੀ ਬੀਸ਼ਾਨ (ਹਰਿਆਣਾ), ਅਨਿਲ ਲੱਠ ਵਾਸੀ ਕਕਰੋਲਾ (ਦਿੱਲੀ) ਅਤੇ ਅਜੈ ਸੰਨੀ ਵਾਸੀ ਉਮਾਰੀ (ਕੁਰੂਕਸ਼ੇਤਰ) ਨੂੰ ਕੁੱਝ ਦਿਨ ਪਹਿਲਾਂ ਪ੍ਰੋਡਕਸ਼ਨ ਵਰੰਟ ’ਤੇ ਤਿਹਾੜ ਜੇਲ੍ਹ ਤੋਂ ਗ੍ਰਿਫ਼ਤਾਰ ਕਰਕੇ ਲਿਆਂਦਾ ਗਿਆ ਸੀ। ਅਪਰੈਲ ਵਿੱਚ ਇਨ੍ਹਾਂ ਸ਼ੂਟਰਾਂ ਨੂੰ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਪੁੱਛਗਿੱਛ ਦੌਰਾਨ ਇਨ੍ਹਾਂ ਮੁਲਜ਼ਮਾਂ ਨੇ ਮੁਹਾਲੀ ਵਿੱਚ ਵਿੱਕੀ ਮਿੱਡੂਖੇੜਾ ਦਾ ਕਤਲ ਕਰਨ ਦੀ ਗੱਲ ਕਬੂਲੀ ਸੀ।
ਇਸ ਮਾਮਲੇ ਵਿੱਚ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਿੰਘ ਦਾ ਨਾਂ ਵੀ ਸਾਹਮਣੇ ਆਇਆ ਸੀ। ਹਾਲਾਂਕਿ ਪੁਲੀਸ ਨੇ ਉਸ ਦੇ ਵਿਦੇਸ਼ ਭੱਜਣ ਦਾ ਖ਼ਦਸ਼ਾ ਪ੍ਰਗਟ ਕਰਦਿਆਂ ਸ਼ਗਨਪ੍ਰੀਤ ਖ਼ਿਲਾਫ਼ ਲੂਕ ਆਊਟ ਨੋਟਿਸ ਜਾਰੀ ਕੀਤਾ ਗਿਆ ਸੀ ਪ੍ਰੰਤੂ ਇਸ ਦੇ ਬਾਵਜੂਦ ਉਹ ਆਸਟੇ੍ਰਲੀਆ ਜਾ ਕੇ ਲੁਕ ਗਿਆ।
ਵਿੱਕੀ ਮਿੱਡੂਖੇੜਾ ਦੇ ਵੱਡੇ ਭਰਾ ਅਤੇ ਅਕਾਲੀ ਆਗੂ ਅਜੈਪਾਲ ਸਿੰਘ ਮਿੱਡੂਖੇੜਾ ਨੇ ਵੀ ਮੁਹਾਲੀ ਦੇ ਐੱਸਐੱਸਪੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰਨ ਦੀ ਮੰਗ ਕੀਤੀ ਸੀ। ਉਸ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਸ਼ਗਨਪ੍ਰੀਤ ਅਤੇ ਉਸ ਦੇ ਸਾਥੀਆਂ ਸਮੇਤ ਉਕਤ ਤਿੰਨ ਸ਼ੂਟਰਾਂ ਦੀ ਕਾਲ ਡਿਟੇਲ, ਮੋਬਾਈਲ ਫੋਨ ਲੋਕੇਸ਼ਨ, ਮੋਬਾਈਲ ਡੰਪ ਅਤੇ ਹੋਰ ਵੇਰਵੇ ਇਕੱਤਰ ਦੀ ਵੀ ਗੁਹਾਰ ਲਗਾਈ ਸੀ। ਮਿੱਡੂਖੇੜਾ ਪਰਿਵਾਰ ਦਾ ਦੋਸ਼ ਸੀ ਕਿ ਸ਼ਗਨਪ੍ਰੀਤ ਸ਼ੂਟਰਾਂ ਨਾਲ ਨੇੜਿਓਂ ਜੁੜਿਆ ਹੋਇਆ ਹੈ। ਉਸ ’ਤੇ ਸ਼ੂਟਰਾਂ ਨੂੰ ਰਿਹਾਇਸ਼ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦਾ ਦੋਸ਼ ਵੀ ਹੈ। ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨੇ ਵੀ ਇਹ ਖ਼ਦਸ਼ਾ ਪ੍ਰਗਟ ਕੀਤਾ ਸੀ ਕਿ ਵਿਦੇਸ਼ ਭੱਜਣ ਲਈ ਸਿੱਧੂ ਮੂਸੇਵਾਲਾ ਨੇ ਉਸ (ਸ਼ਗਨਪ੍ਰੀਤ) ਦੀ ਮਦਦ ਕੀਤੀ ਹੈ। ਜਿਸ ਕਾਰਨ ਇਨ੍ਹਾਂ ਬਦਮਾਸ਼ਾਂ ਨੇ ਮੂਸੇਵਾਲਾ ਨੂੰ ਮਰਵਾ ਦਿੱਤਾ। ਇਸ ਮਾਮਲੇ ਵਿੱਚ ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਡੂੰਘਾਈ ਨਾਲ ਪੜਤਾਲ ਚੱਲ ਰਹੀ ਹੈ ਅਤੇ ਹਾਲੇ ਇਸ ਮਾਮਲੇ ਦੀ ਤਫ਼ਸ਼ੀਸ਼ ਖ਼ਤਮ ਨਹੀਂ ਹੋਈ ਹੈ। ਹਰ ਉਸ ਸ਼ਖ਼ਸ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ, ਜੋ ਕਿਸੇ ਨਾ ਕਿਸੇ ਰੂਪ ਵਿੱਚ ਮੁਲਜ਼ਮਾਂ ਦੇ ਮਦਦਗਾਰ ਰਹੇ ਹਨ।