
ਵਿੱਕੀ ਮਿੱਡੂਖੇੜਾ ਕਤਲਕਾਂਡ: ਪੰਜਾਬ ਦੇ ਮਸ਼ਹੂਰ ਗਾਇਕ ਤੋਂ ਵੀ ਹੋ ਸਕਦੀ ਹੈ ਪੁੱਛਗਿੱਛ?
ਗੈਂਗਸਟਰ ਭੂਪੀ ਰਾਣਾ ਤੇ ਅਮਿਤ ਡਾਗਰ ਦਾ ਵੀ ਨਾਂ ਸਾਹਮਣੇ ਆਇਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਈ:
ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਐਸਓਆਈ ਦੇ ਸਾਬਕਾ ਪ੍ਰਧਾਨ ਵਿਕਰਮਜੀਤ ਸਿੰਘ ਵਿੱਕੀ ਮਿੱਡੂਖੇੜਾ ਕਤਲ ਮਾਮਲੇ ਵਿੱਚ ਪੰਜਾਬ ਦੇ ਇਕ ਮਸ਼ਹੂਰ ਗਾਇਕ ਤੋਂ ਵੀ ਪੁੱਛਗਿੱਛ ਹੋ ਸਕਦੀ ਹੈ? ਉਧਰ, ਇਸ ਮਾਮਲੇ ਵਿੱਚ ਪਿਛਲੇ ਦਿਨੀਂ ਪ੍ਰੋਡਕਸ਼ਨ ਵਰੰਟ ’ਤੇ ਤਿਹਾੜ ਜੇਲ੍ਹ ਤੋਂ ਗ੍ਰਿਫ਼ਤਾਰ ਕਰਕੇ ਲਿਆਂਦੇ ਗਏ ਤਿੰਨ ਖੂੰਖਾਰ ਗੈਂਗਸਟਰਾਂ (ਸ਼ੂਟਰਾਂ) ਸੱਜਣ ਸਿੰਘ ਉਰਫ਼ ਭੋਲੂ ਵਾਸੀ ਬੀਸ਼ਾਨ (ਹਰਿਆਣਾ), ਅਨਿਲ ਲੱਠ ਵਾਸੀ ਕਕਰੋਲਾ (ਦਿੱਲੀ) ਅਤੇ ਅਜੈ ਸੰਨੀ ਵਾਸੀ ਉਮਾਰੀ (ਕੁਰੂਕਸ਼ੇਤਰ) ਦੀ ਪੁੱਛਗਿੱਛ ਦੌਰਾਨ ਦੋ ਹੋਰ ਗੈਂਗਸਟਰਾਂ ਦਾ ਨਾਂ ਸਾਹਮਣੇ ਆਇਆ ਹੈ।
ਐਸਐਸਪੀ ਵਿਵੇਕ ਸ਼ੀਲ ਸੋਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁਲਜ਼ਮਾਂ ਦੀ ਪੁੱਛਗਿੱਛ ਦੌਰਾਨ ਵਿੱਕੀ ਮਿੱਡੂਖੇੜਾ ਕਤਲ ਮਾਮਲੇ ਵਿੱਚ ਗੈਂਗਸਟਰ ਭੁਪਿੰਦਰ ਸਿੰਘ ਉਰਫ਼ ਭੂਪੀ ਰਾਣਾ ਅਤੇ ਅਮਿਤ ਡਾਗਰ ਦੀ ਸ਼ਮੂਲੀਅਤ ਹੋਣ ਬਾਰੇ ਪਤਾ ਲੱਗਾ ਹੈ। ਉਨ੍ਹਾਂ ਦੱਸਿਆ ਕਿ ਭੋਲੂ, ਅਨਿਲ ਠੱਲ੍ਹ ਅਤੇ ਸੰਨੀ ਨੂੰ 10 ਰੋਜ਼ਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਭਲਕੇ ਵੀਰਵਾਰ ਨੂੰ ਦੁਬਾਰਾ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਉਧਰ, ਪੰਜਾਬੀ ਗਾਇਕ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਿੰਘ ਦਾ ਨਾਂ ਸਾਹਮਣੇ ਆ ਰਿਹਾ ਹੈ। ਪੁਲੀਸ ਨੂੰ ਉਸ ਦੇ ਵਿਦੇਸ਼ ਭੱਜਣ ਦਾ ਖ਼ਦਸ਼ਾ ਹੈ। ਐਸਐਸਪੀ ਨੇ ਦੱਸਿਆ ਕਿ ਸ਼ਗਨਪ੍ਰੀਤ ਖ਼ਿਲਾਫ਼ ਲੂਕ ਆਊਟ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਜਲਦੀ ਹੀ ਉਸ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਪੰਜਾਬੀ ਗਾਇਕ ਬਾਰੇ ਪੁੱਛੇ ਜਾਣ ’ਤੇ ਪੁਲੀਸ ਦਾ ਕਹਿਣਾ ਹੈ ਕਿ ਜੇਕਰ ਲੋੜ ਪਈ ਤਾਂ ਉਸ ਤੋਂ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ?
ਐਸਐਸਪੀ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ ਅਤੇ ਹਾਲੇ ਇਸ ਮਾਮਲੇ ਦੀ ਤਫ਼ਸ਼ੀਸ਼ ਖ਼ਤਮ ਨਹੀਂ ਹੋਈ ਹੈ। ਹਰ ਉਸ ਸ਼ਖ਼ਸ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ, ਜੋ ਕਿਸੇ ਨਾ ਕਿਸੇ ਰੂਪ ਵਿੱਚ ਮੁਲਜ਼ਮਾਂ ਦੇ ਮਦਦਗਾਰ ਰਹੇ ਹਨ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੀ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਦੇ ਵੱਡੇ ਭਰਾ ਅਜੈਪਾਲ ਸਿੰਘ ਮਿੱਡੂਖੇੜਾ ਨੇ ਕੁੱਝ ਪਹਿਲਾਂ ਹੀ ਐਸਐਸਪੀ ਨੂੰ ਪੱਤਰ ਲਿਖ ਕੇ ਆਪਣੀ ਅਤੇ ਆਪਣੀ ਪਰਿਵਾਰ ਦੀ ਜਾਨ ਨੂੰ ਖ਼ਤਰਾ ਦੱਸਦਿਆਂ ਕਿਹਾ ਸੀ ਕਿ ਉਨ੍ਹਾਂ ਦਾ ਪਰਿਵਾਰ ਅੱਜ ਵੀ ਡਰ ਅਤੇ ਦਹਿਸ਼ਤ ਦੇ ਸਾਏ ਹੇਠ ਜ਼ਿੰਦਗੀ ਬਤੀਤ ਕਰ ਰਿਹਾ ਹੈ। ਉਨ੍ਹਾਂ ਖ਼ਦਸ਼ਾ ਪ੍ਰਗਟ ਕੀਤਾ ਕਿ ਵਿੱਕੀ ਦੇ ਕਤਲ ਲਈ ਜ਼ਿੰਮੇਵਾਰ ਵਿਅਕਤੀ ਕਿਸੇ ਵੀ ਸਮੇਂ ਉਨ੍ਹਾਂ ਨੂੰ ਵੀ ਨਿਸ਼ਾਨਾ ਬਣਾ ਸਕਦੇ ਹਨ।
ਅਜੈਪਾਲ ਨੇ ਆਪਣੀ ਸ਼ਿਕਾਇਤ ਵਿੱਚ ਸਿੱਧੇ ਤੌਰ ’ਤੇ ਗਾਇਕ ਤੇ ਰਾਜਸੀ ਆਗੂ ਸਿੱਧੂ ਮੂਸੇਵਾਲਾ ਦੇ ਮੈਨੇਜਰ ਰਹੇ ਸ਼ਗਨਪ੍ਰੀਤ ਦਾ ਨਾਂ ਲੈਂਦੇ ਹੋਏ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗੀ ਕੀਤੀ ਸੀ। ਉਨ੍ਹਾਂ ਨੇ ਸ਼ਗਨਪ੍ਰੀਤ ਅਤੇ ਉਸ ਦੇ ਸਾਥੀਆਂ ਸਮੇਤ ਤਿੰਨ ਸ਼ੂਟਰਾਂ ਦੀ ਕਾਲ ਡਿਟੇਲ, ਮੋਬਾਈਲ ਫੋਨ ਦੀ ਲੋਕੇਸ਼ਨ, ਮੋਬਾਈਲ ਡੰਪ ਅਤੇ ਹੋਰ ਵੇਰਵੇ ਇਕੱਤਰ ਕਰਨ ਦੀ ਵੀ ਗੁਹਾਰ ਲਗਾਈ ਹੈ। ਉਨ੍ਹਾਂ ਕਿਹਾ ਕਿ ਗਾਇਕ ਦਾ ਮੈਨੇਜਰ ਸ਼ੂਟਰਾਂ ਨਾਲ ਨੇੜਿਓਂ ਜੁੜਿਆ ਹੋਇਆ ਹੈ। ਜਿਸ ਨੇ ਉਨ੍ਹਾਂ ਨੂੰ ਰਿਹਾਇਸ਼ ਅਤੇ ਖਾਣਾ ਸਮੇਤ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਗਈ ਸੀ।