ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ ਦੇ ਤਾਰ ਅਰਮੀਨੀਆ ਬੈਠੇ ਲੱਕੀ ਪਡਿਆਲ ਨਾਲ ਜੁੜੇ

ਮੁਹਾਲੀ ਦੇ ਐਸਐਸਪੀ ਸਤਿੰਦਰ ਸਿੰਘ ਨੇ ਕੀਤਾ ਖੁਲਾਸਾ, ਗੈਂਗਸਟਰ ਕੌਸਲ ਦੀ ਪੁੱਛਗਿੱਛ ’ਚ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਸਤੰਬਰ:
ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਵਿਦਿਆਰਥੀ ਜਥੇਬੰਦੀ ਐਸਓਆਈ ਦੇ ਸਾਬਕਾ ਪ੍ਰਧਾਨ ਵਿਕਰਮਜੀਤ ਸਿੰਘ ਉਰਫ਼ ਮਿੱਡੂਖੇੜਾ ਨੂੰ ਕਤਲ ਕਰਨ ਵਾਲੇ ਅਰਮੀਨੀਆ ਵਿੱਚ ਬੈਠੇ ਹਨ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਮੁਹਾਲੀ ਦੇ ਐਸਐਸਪੀ ਸਤਿੰਦਰ ਸਿੰਘ ਨੇ ਕੀਤਾ। ਉਨ੍ਹਾਂ ਦੱਸਿਆ ਕਿ ਮਿੱਡੂਖੇੜਾ ਕਤਲ ਦੀਆਂ ਤਾਰਾਂ ਅਰਮੀਨੀਆ ਬੈਠੇ ਲੱਕੀ ਪਡਿਆਲ ਗਰੋਹ ਨਾਲ ਜੁੜੀਆਂ ਹਨ। ਬੀਤੀ 7 ਅਗਸਤ ਨੂੰ ਦਿਨ ਦਿਹਾੜੇ ਇੱਥੋਂ ਦੇ ਸੈਕਟਰ-71 ਦੀ ਮਾਰਕੀਟ ਵਿੱਚ ਸਮੀਰ ਪ੍ਰਾਪਰਟੀ ਡੀਲਰ ਦੇ ਦਫ਼ਤਰ ਦੇ ਬਾਹਰ ਸ਼ਰ੍ਹੇਆਮ ਗੋਲੀਆਂ ਮਾਰ ਕੇ ਵਿੱਕੀ ਮਿੱਡੂਖੇੜਾ ਦਾ ਕਤਲ ਕਰ ਦਿੱਤਾ ਗਿਆ ਸੀ।
ਐਸਐਸਪੀ ਨੇ ਦੱਸਿਆ ਕਿ ਮਟੌਰ ਥਾਣੇ ਵਿੱਚ ਦਰਜ ਇਸ ਕਤਲ ਮਾਮਲੇ ਦੀ ਤਫ਼ਤੀਸ਼ ਐਸਪੀ (ਡੀ) ਹਰਮਨਦੀਪ ਸਿੰਘ ਹਾਂਸ ਅਤੇ ਡੀਐਸਪੀ (ਡੀ) ਗੁਰਚਰਨ ਸਿੰਘ ਦੀ ਨਿਗਰਾਨੀ ਹੇਠ ਕੀਤੀ ਜਾ ਰਹੀ ਸੀ। ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਸ ਕਤਲ ਪਿੱਛੇ ਗੌਰਵ ਪਡਿਆਲ ਉਰਫ਼ ਲੱਕੀ ਪਡਿਆਲ ਵਾਸੀ ਖੁੱਡਾ ਅਲੀਸ਼ੇਰ ਯੂਟੀ ਦਾ ਹੱਥ ਹੈ, ਜੋ ਹੁਣ ਅਰਮੀਨੀਆ ਵਿੱਚ ਰਹਿੰਦਾ ਹੈ। ਪੰਜਾਬ ਵਿੱਚ ਕਈ ਅਪਰਾਧਿਕ ਕੇਸਾਂ ਵਿੱਚ ਲੋੜੀਂਦਾ ਲੱਕੀ ਪਡਿਆਲ ਇਸ ਸਮੇਂ ਦਵਿੰਦਰ ਬੰਬੀਹਾ ਗਰੋਹ ਚਲਾ ਰਿਹਾ ਹੈ।
ਐਸਐਸਪੀ ਨੇ ਦੱਸਿਆ ਕਿ ਵਿੱਕੀ ਮਿੱਡੂਖੇੜਾ ਕਤਲ ਤੋਂ ਬਾਅਦ ਫੇਸਬੁੱਕ ’ਤੇ ਅਪਲੋਡ ਕੀਤੀ ਪੋਸਟ ਵਿੱਚ ਗੈਂਗਸਟਰ ਬੰਬੀਹਾ ਗਰੋਹ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਜਾਂਚ ਵਿੱਚ ਪਤਾ ਚੱਲਿਆ ਕਿ ਇਸ ਗਰੋਹ ਨੂੰ ਚਲਾ ਰਿਹਾ ਲੱਕੀ ਪਡਿਆਲ ਕਤਲ ਲਈ ਜ਼ਿੰਮੇਵਾਰੀ ਹੈ। ਤਫ਼ਤੀਸ਼ ਦੌਰਾਨ ਪਤਾ ਲੱਗਾ ਕਿ ਗੈਂਗਸਟਰ ਕੌਸ਼ਲ ਚੌਧਰੀ ਵਾਸੀ ਪਿੰਡ ਨਾਹਰਪੁਰ ਰੂਪਾ, ਜ਼ਿਲ੍ਹਾ ਗੁਰੂਗਰਾਮ, ਜੋ ਹੁਣ ਕਰਨਾਲ ਜੇਲ੍ਹ ਵਿੱਚ ਬੰਦ ਹੈ, ਨੇ ਆਪਣੇ ਗਰੋਹ ਦੇ ਭਗੌੜੇ ਹੋਏ ਸਾਥੀਆਂ ਦਾ ਲੱਕੀ ਪਡਿਆਲ ਨਾਲ ਤਾਲਮੇਲ ਕਰਵਾਇਆ ਸੀ। ਲੱਕੀ ਪਡਿਆਲ ਨੇ ਹੀ ਬੀਤੀ 20 ਜੂਨ ਨੂੰ ਕੌਂਸਲ ਚੌਧਰੀ ਦੇ ਭਗੌੜੇ ਸਾਥੀ ਵਿਕਾਸ ਮਾਹਲੇ ਵਾਸੀ ਪਿੰਡ ਧਨਵਾਪੁਰ ਜ਼ਿਲ੍ਹਾ ਗੁਰੂਗਰਾਮ ਅਤੇ ਪੁਨੀਤ ਸ਼ਰਮਾ ਵਾਸੀ ਜਲੰਧਰ ਅਤੇ ਇਕ ਹੋਰ ਅਣਪਛਾਤੇ ਵਿਅਕਤੀ ਨਾਲ ਮਿਲ ਕੇ ਸੁਖਮੀਤ ਉਰਫ਼ ਡਿਪਟੀ ਵਾਸੀ ਜਲੰਧਰ ਦਾ ਕਤਲ ਕਰਵਾਇਆ ਸੀ। ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ 2 ਜਲੰਧਰ ਵਿੱਚ ਕੇਸ ਦਰਜ ਹੈ। ਇਸ ਕੇਸ ਵਿੱਚ ਕੌਸ਼ਲ ਚੌਧਰੀ ਨੂੰ ਪ੍ਰੋਡਕਸ਼ਨ ਵਰੰਟ ’ਤੇ ਲਿਆ ਕੇ ਜਲੰਧਰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਸੀ।
ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਗੌਰਵ ਪਡਿਆਲ ਉਰਫ਼ ਲੱਕੀ ਨੇ ਹੀ ਵਿੱਕੀ ਮਿੱਡੂਖੇੜਾ ਦਾ ਕਤਲ ਕੌਸ਼ਲ ਚੌਧਰੀ ਨੇ ਮਨਡੋਲੀ ਜੇਲ੍ਹ ਵਿੱਚ ਬੰਦ ਅਮਿਤ ਡਾਗਰ ਦੀ ਮਦਦ ਨਾਲ ਸੱਜਣ ਉਰਫ਼ ਭੋਲਾ ਵਾਸੀ ਬਿਸਾਨ ਜ਼ਿਲ੍ਹਾ ਝੱਜਰ (ਹਰਿਆਣਾ) ਅਤੇ ਅਨਿਲ ਉਰਫ਼ ਲੱਠ ਵਾਸੀ ਕਕਰੋਲਾ ਦਵਾਰਕਾ ਦਿੱਲੀ ਰਾਹੀਂ ਸਾਜ਼ਿਸ਼ ਤਹਿਤ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਕੌਸ਼ਲ ਚੌਧਰੀ ਅਤੇ ਅਮਿਤ ਡਾਗਰ ਦੋਵਾਂ ਦੇ ਪ੍ਰੋਡਕਸ਼ਨ ਵਾਰੰਟ ਜਾਰੀ ਕਰਵਾਏ ਗਏ ਸਨ ਅਤੇ ਇਸ ਕੇਸ ਵਿੱਚ ਕੌਸ਼ਲ ਚੌਧਰੀ ਨੂੰ ਪ੍ਰੋਡਕਸ਼ਨ ਵਰੰਟ ’ਤੇ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜੋ ਇਸ ਸਮੇਂ ਪੁਲੀਸ ਰਿਮਾਂਡ ’ਤੇ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲੋਂ ਪੁੱਛ ਪੜਤਾਲ ਦੌਰਾਨ ਇਸ ਕੇਸ ਵਿੱਚ ਹੋਰ ਤੱਥ ਸਾਹਮਣੇ ਆਉਣ ਦੀ ਆਸ ਹੈ ਅਤੇ ਅਮਿਤ ਡਾਗਰ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ। ਡਾਗਰ ਇਸ ਸਮੇਂ ਤਿਹਾੜ ਜੇਲ੍ਹ ਵਿੱਚ ਬੰਦ ਹੈ।

Load More Related Articles

Check Also

Punjab Police Thwarts Possible Terror Attack with Arrest of Two Operatives of Pak-ISI Backed Terror Module; 2.8kg IED Recovered

Punjab Police Thwarts Possible Terror Attack with Arrest of Two Operatives of Pak-ISI Back…