Share on Facebook Share on Twitter Share on Google+ Share on Pinterest Share on Linkedin ਵਿੱਕੀ ਮਿੱਡੂਖੇੜਾ ਹੱਤਿਆ ਮਾਮਲੇ ਵਿੱਚ ਗੈਂਗਸਟਰ ਭੂਪੀ ਰਾਣਾ ਤੋਂ ਪੁੱਛ ਪੜਤਾਲ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਗਸਤ: ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਵਿਦਿਆਰਥੀ ਜਥੇਬੰਦੀ ਐਸਓਆਈ ਦੇ ਸਾਬਕਾ ਪ੍ਰਧਾਨ ਵਿਕਰਮਜੀਤ ਸਿੰਘ ਉਰਫ਼ ਵਿੱਕੀ ਮਿੱਡੂਖੇੜਾ ਦੇ ਕਾਤਲ ਹਾਲੇ ਤੱਕ ਫੜੇ ਨਹੀਂ ਗਏ ਹਨ ਅਤੇ ਪੁਲੀਸ ਹਨੇਰੇ ਵਿੱਚ ਤੀਰ ਮਾਰ ਰਹੀ ਹੈ। ਅੱਜ ਕੁਰਕਸ਼ੇਤਰ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਗੈਂਗਸਟਰ ਭੂਪੀ ਰਾਣਾ ਨੂੰ ਇਕ ਪੁਰਾਣੇ ਕਤਲ ਮਾਮਲੇ ਵਿੱਚ ਡੇਰਾਬੱਸੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਹ ਕਾਫ਼ੀ ਸਮੇਂ ਤੋਂ ਕੁਰਕਸ਼ੇਤਰ ਜੇਲ੍ਹ ਵਿੱਚ ਬੰਦ ਹੈ। ਅਦਾਲਤ ਨੇ ਭੂਪੀ ਰਾਣਾ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਐਸਐਸਪੀ ਸਤਿੰਦਰ ਸਿੰਘ ਦੀ ਨਿਗਰਾਨੀ ਹੇਠ ਭੂਪੀ ਰਾਣਾ ਨੂੰ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੀ ਟੀਮ ਵੱਲੋਂ ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ ਵਿੱਚ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਪੁਲੀਸ ਨੇ ਬੀਤੇ ਕੱਲ੍ਹ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਦੋ ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵਰੰਟਾਂ ’ਤੇ ਮੁਹਾਲੀ ਲਿਆਂਦਾ ਗਿਆ ਹੈ। ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਸੰਗਰੂਰ ਜੇਲ੍ਹ ਵਿੱਚ ਬੰਦ ਸੀ ਜਦੋਂਕਿ ਅਮਨ ਕੁਮਾਰ ਜੈਤੋਂ ਨੂੰ ਫਿਰੋਜ਼ਪੁਰ ਜੇਲ੍ਹ ਤੋਂ ਲਿਆਂਦਾ ਗਿਆ ਹੈ। ਇਨ੍ਹਾਂ ਦੋਵੇਂ ਗੈਂਗਸਟਰਾਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਬੁੱਢੇ ਨੂੰ ਚਾਰ ਦਿਨ ਅਤੇ ਅਮਨ ਜੈਤੋਂ ਨੂੰ 5 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਹੈ। ਪੁਲੀਸ ਨੇ ਇਹ ਸਾਰੀ ਕਾਰਵਾਈ ਬਹੁਤ ਗੁਪਤ ਰੱਖੀ ਗਈ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਵਿੱਕੀ ਦੀ ਮੌਤ ਤੋਂ ਬਾਅਦ ਪੰਜਾਬ ਅਤੇ ਗੁਆਂਢੀ ਸੂਬਿਆਂ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਹਾਲਾਂਕਿ ਪੁਲੀਸ ਨੂੰ ਗੈਂਗਸਟਰ ਵਿਨੈ ਦਿਓੜਾ ਵਾਸੀ ਫਰੀਦਕੋਟ ’ਤੇ ਵੀ ਸ਼ੱਕ ਹੈ। ਕਿਉਂਕਿ ਵਿਨੈ ਲੈਫ਼ਟੀ ਹੈ ਅਤੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਵਾਰਦਾਤ ਦੀ ਵੀਡੀਓ ਵਿੱਚ ਇਕ ਸ਼ੂਟਰ ਨੇ ਆਪਣੇ ਖੱਬੇ ਹੱਥ ਵਿੱਚ ਪਿਸਤੌਲ ਫੜੀ ਹੋਈ ਨਜ਼ਰ ਆ ਰਹੀ ਹੈ। ਜਿਸ ਨੇ ਵਿੱਕੀ ਨੂੰ ਬਿਲਕੁਲ ਸਾਹਮਣਿਓਂ ਗੋਲੀ ਮਾਰੀ ਸੀ। ਵਿਨੈ, ਗੈਂਗਸਟਰ ਲਵੀ ਦਿਓੜਾ ਦਾ ਭਰਾ ਹੈ। ਜਿਸ ਦਾ ਕੁੱਝ ਸਮਾਂ ਪਹਿਲਾਂ ਗੈਂਗਵਾਰ ਵਿੱਚ ਲਾਰੈਂਸ ਗਰੁੱਪ ਦੇ ਸ਼ੂਟਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਵਿਨੈ ਦਿਓੜਾ ਦਾ ਚਿਹਰਾ ਸ਼ੂਟਰ ਨਾਲ ਮਿਲਦਾ ਜੁਲਦਾ ਜਾਪਦਾ ਹੈ। ਲੇਕਿਨ ਹੁਣ ਵਿਨੈ ਦਿਓੜਾ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਅਪਲੋਡ ਕਰਕੇ ਸਪੱਸ਼ਟੀਕਰਨ ਦਿੱਤਾ ਹੈ ਕਿ ਉਸ ਦਾ ਵਿੱਕੀ ਮਿੱਡੂਖੇੜਾ ਹੱਤਿਆ ਕਾਂਡ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਪੁਲੀਸ ਜਾਣਬੁੱਝ ਕੇ ਉਸ ਦਾ ਨਾਮ ਉਛਾਲ ਰਹੀ ਹੈ। ਉਧਰ, ਲਾਰੈਂਸ ਬਿਸ਼ਨੋਈ ਗਰੁੱਪ ਤੋਂ ਬਾਅਦ ਹੁਣ ਗੈਂਗਸਟਰ ਸੰਪਤ ਨਹਿਰਾ ਗਰੁੱਪ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਅਪਲੋਡ ਕਰਕੇ ਵਿੱਕੀ ਦੇ ਕਾਤਲਾਂ ਨੂੰ ਸੋਧਾ ਲਾਉਣ ਦੀ ਸਿੱਧੀ ਧਮਕੀ ਦਿੱਤੀ ਹੈ। ਇਸ ਧੜੇ ਦਾ ਕਹਿਣਾ ਹੈ ਕਿ ਉਹ ਇਕ ਦੇ ਬਦਲੇ ਚਾਰ ਮਾਰਨਗੇ। ਉਨ੍ਹਾਂ ਨੇ ਵਿੱਕੀ ਨੂੰ ਆਪਣਾ ਖਾਸ ਆਦਮੀ ਦੱਸਿਆ ਹੈ। ਗੈਂਗਸਟਰ ਦੀਆਂ ਇਕ ਦੂਜੇ ਗਰੁੱਪਾਂ ਨੂੰ ਸ਼ਰ੍ਹੇਆਮ ਧਮਕੀਆਂ ਦੇਣ ਦੀਆਂ ਕਾਰਵਾਈਆਂ ਨੇ ਪੁਲੀਸ ਦੀ ਚਿੰਤਾ ਵਧਾ ਦਿੱਤੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ