ਵਿੱਕੀ ਮਿੱਡੂਖੇੜਾ ਕਤਲ ਕਾਂਡ: ਚਾਰ ਗੈਂਗਸਟਰਾਂ ਦਾ 3 ਰੋਜ਼ਾ ਪੁਲੀਸ ਰਿਮਾਂਡ
ਪੁਲੀਸ ਨੇ ਗੈਂਗਸਟਰ ਭੂਪੀ ਰਾਣਾ ਦੀ ਵੀ ਪਾਈ ਗ੍ਰਿਫ਼ਤਾਰੀ, ਵਾਰਦਾਤ ਨੂੰ ਅੰਜਾਮ ਲਈ ਵਰਤੀ ਗੱਡੀ ਵੀ ਬਰਾਮਦ
ਸਾਰੇ ਮੁਲਜ਼ਮਾਂ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮੁਹਾਲੀ ਅਦਾਲਤ ਵਿੱਚ ਕੀਤਾ ਪੇਸ਼
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਮਈ:
ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਐਸਓਆਈ ਦੇ ਸਾਬਕਾ ਪ੍ਰਧਾਨ ਵਿਕਰਮਜੀਤ ਸਿੰਘ ਵਿੱਕੀ ਮਿੱਡੂਖੇੜਾ ਕਤਲ ਮਾਮਲੇ ਵਿੱਚ ਮੁਹਾਲੀ ਪੁਲੀਸ ਨੇ ਗੈਂਗਸਟਰ ਭੁਪਿੰਦਰ ਸਿੰਘ ਭੂਪੀ ਰਾਣਾ ਦਾ ਵੀ ਗ੍ਰਿਫ਼ਤਾਰੀ ਪਾ ਲਈ ਹੈ। ਭੂਪੀ ਰਾਣਾ ਸਮੇਤ ਪ੍ਰੋਡਕਸ਼ਨ ਵਰੰਟ ’ਤੇ ਤਿਹਾੜ ਜੇਲ੍ਹ ਤੋਂ ਗ੍ਰਿਫ਼ਤਾਰ ਕਰਕੇ ਲਿਆਂਦੇ ਗਏ ਤਿੰਨ ਖੂੰਖਾਰ ਗੈਂਗਸਟਰਾਂ (ਸ਼ੂਟਰਾਂ) ਸੱਜਣ ਸਿੰਘ ਉਰਫ਼ ਭੋਲੂ ਵਾਸੀ ਬੀਸ਼ਾਨ (ਹਰਿਆਣਾ), ਅਨਿਲ ਲੱਠ ਵਾਸੀ ਕਕਰੋਲਾ (ਦਿੱਲੀ) ਅਤੇ ਅਜੈ ਸੰਨੀ ਵਾਸੀ ਉਮਾਰੀ (ਕੁਰੂਕਸ਼ੇਤਰ) ਨੂੰ ਪਹਿਲਾਂ ਦਿੱਤਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਵੀਰਵਾਰ ਨੂੰ ਮੁੜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਫਿਰ ਤੋਂ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਮੁਹਾਲੀ ਦੇ ਡੀਐਸਪੀ (ਸਿਟੀ-1) ਸੁਖਨਾਜ ਸਿੰਘ, ਮਟੌਰ ਥਾਣਾ ਦੇ ਐਸਐਚਓ ਨਵੀਨਪਾਲ ਸਿੰਘ ਲਹਿਲ ਅਤੇ ਸੀਆਈਏ ਸਟਾਫ਼ ਦੀ ਟੀਮ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਪੁਲੀਸ ਦੀ ਤਰਫ਼ੋਂ ਸਰਕਾਰੀ ਵਕੀਲ ਪ੍ਰਿਥੀ ਰਾਜ ਬਰਾੜ ਨੇ ਅਦਾਲਤ ਵਿੱਚ ਇਕ ਅਰਜ਼ੀ ਦਾਇਰ ਕਰਕੇ ਮੁਲਜ਼ਮਾਂ ਦੇ ਪੰਜ ਦਿਨ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਗਈ।
ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਗਈ ਆਈ-20 ਕਾਰ ਪੁਲੀਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਯਮਨਾਨਗਰ ਨੇੜਿਓਂ ਸੁੰਨਸਾਨ ਥਾਂ ’ਤੇ ਖੜੀ ਬਰਾਮਦ ਕਰ ਲਈ ਹੈ। ਉਨ੍ਹਾਂ ਕਿਹਾ ਕਿ ਇਸ ਬਹੁਚਰਚਿਤ ਹੱਤਿਆ ਕਾਂਡ ਮਾਮਲੇ ਦੀ ਜਾਂਚ ਹਾਲੇ ਪੈਂਡਿੰਗ ਹੈ। ਮੁਲਜ਼ਮਾਂ ਕੋਲੋਂ ਨੌਜਵਾਨ ਦੇ ਕਤਲ ਬਾਰੇ ਹੋਰ ਪੁੱਛਗਿੱਛ ਕਰਨੀ ਬਾਕੀ ਹੈ ਅਤੇ ਹੋਰ ਹਥਿਆਰ ਵੀ ਬਰਾਮਦ ਕੀਤੇ ਜਾਣੇ ਹਨ। ਥਾਣਾ ਮੁਖੀ ਨਵੀਲਪਾਲ ਸਿੰਘ ਲਹਿਲ ਨੇ ਦੱਸਿਆ ਕਿ ਗਾਇਕ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਿੰਘ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਉਸ ਦੀ ਗ੍ਰਿਫ਼ਤਾਰੀ ਲਈ ਯਤਨ ਤੇਜ਼ ਕਰ ਦਿੱਤੇ ਹਨ। ਪੁਲੀਸ ਨੇ ਉਸ ਦੇ ਵਿਦੇਸ਼ ਭੱਜਣ ਦਾ ਖ਼ਦਸ਼ਾ ਪ੍ਰਗਟ ਕਰਦਿਆਂ ਸ਼ਗਨਪ੍ਰੀਤ ਖ਼ਿਲਾਫ਼ ਲੂਕ ਆਊਟ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਉਸ ਨੂੰ ਜਲਦੀ ਹੀ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲੀਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ ਅਤੇ ਹਾਲੇ ਇਸ ਮਾਮਲੇ ਦੀ ਤਫ਼ਤੀਸ਼ ਖ਼ਤਮ ਨਹੀਂ ਹੋਈ ਹੈ ਅਤੇ ਹਰ ਉਸ ਸ਼ਖ਼ਸ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ, ਜੋ ਕਿਸੇ ਨਾ ਕਿਸੇ ਰੂਪ ਵਿੱਚ ਮੁਲਜ਼ਮਾਂ ਦੇ ਮਦਦਗਾਰ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲੀਸ ਰਿਮਾਂਡ ਦੌਰਾਨ ਮੁਲਜ਼ਮਾਂ ਦੀ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ 7 ਅਗਸਤ ਨੂੰ ਇੱਥੋਂ ਦੇ ਸੈਕਟਰ-71 ਦੀ ਮਾਰਕੀਟ ਵਿੱਚ ਦਿਨ-ਦਿਹਾੜੇ ਨਕਾਬਪੋਸ਼ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਯੂਥ ਆਗੂ ਵਿੱਕੀ ਮਿੱਡੂਖੇੜਾ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ।