Share on Facebook Share on Twitter Share on Google+ Share on Pinterest Share on Linkedin ਵਿੱਕੀ ਮਿੱਡੂਖੇੜਾ ਕਤਲ ਕਾਂਡ: ਮੁਹਾਲੀ ਅਦਾਲਤ ਵੱਲੋਂ ਤਿੰਨ ਸ਼ੂਟਰਾਂ ਦਾ 10 ਦਿਨਾਂ ਪੁਲੀਸ ਰਿਮਾਂਡ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਰੰਟ ’ਤੇ ਤਿਹਾੜ ਜੇਲ੍ਹ ਤੋਂ ਲਿਆ ਕੇ ਮੁਹਾਲੀ ਅਦਾਲਤ ’ਚ ਕੀਤਾ ਪੇਸ਼ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਅਪਰੈਲ: ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਐਸਓਆਈ ਦੇ ਸਾਬਕਾ ਪ੍ਰਧਾਨ ਵਿਕਰਮਜੀਤ ਸਿੰਘ ਵਿੱਕੀ ਮਿੱਡੂਖੇੜਾ ਕਤਲ ਮਾਮਲੇ ਵਿੱਚ ਨਾਮਜ਼ਦ ਤਿੰਨ ਖੂੰਖਾਰ ਗੈਂਗਸਟਰਾਂ (ਸ਼ੂਟਰਾਂ) ਸੱਜਣ ਸਿੰਘ ਉਰਫ਼ ਭੋਲੂ ਵਾਸੀ ਬੀਸ਼ਾਨ (ਹਰਿਆਣਾ) ਅਨਿਲ ਲੱਠ ਵਾਸੀ ਕਕਰੋਲਾ (ਦਿੱਲੀ) ਅਤੇ ਅਜੈ ਸੰਨੀ ਵਾਸੀ ਉਮਾਰੀ (ਕੁਰੂਕਸ਼ੇਤਰ) ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ 10 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਮੁਲਜ਼ਮਾਂ ਨੂੰ 5 ਮਈ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪਿਛਲੇ ਸਾਲ 7 ਅਗਸਤ ਨੂੰ ਇੱਥੋਂ ਦੇ ਸੈਕਟਰ-71 ਦੀ ਮਾਰਕੀਟ ਵਿੱਚ ਦਿਨ-ਦਿਹਾੜੇ ਨਕਾਬਪੋਸ਼ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਯੂਥ ਆਗੂ ਵਿੱਕੀ ਮਿੱਡੂਖੇੜਾ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਮਿਲੀ ਜਾਣਕਾਰੀ ਅਨੁਸਾਰ ਕੁੱਝ ਦਿਨ ਪਹਿਲਾਂ ਸੱਜਣ ਸਿੰਘ, ਅਨਿਲ ਲੱਠ ਅਤੇ ਅਜੈ ਸੰਨੀ ਨੂੰ ਦਿੱਲੀ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਵਿੱਕੀ ਮਿੱਡੂਖੇੜਾ ਦਾ ਕਤਲ ਕਰਨ ਦ ਗੱਲ ਕਬੂਲੀ ਸੀ। ਉਹ ਕਈ ਦਿਨਾਂ ਤੋਂ ਦਿੱਲੀ ਮਾਮਲੇ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਸਨ। ਮੁਹਾਲੀ ਪੁਲੀਸ ਨੇ ਅਦਾਲਤ ’ਚੋਂ ਪ੍ਰੋਡਕਸ਼ਨ ਵਰੰਟ ਲੈ ਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਪਾਈ ਗਈ ਅਤੇ ਰਾਹਦਾਰੀ ਵਰੰਟਾਂ ’ਤੇ ਤਿਹਾੜ ਜੇਲ੍ਹ ਤੋਂ ਮੁਹਾਲੀ ਅਦਾਲਤ ਵਿੱਚ ਲਿਆ ਕੇ ਪੇਸ਼ ਕੀਤਾ ਗਿਆ। ਮੁਹਾਲੀ ਦੇ ਡੀਐਸਪੀ (ਸਿਟੀ-1) ਸੁਖਨਾਜ਼ ਸਿੰਘ ਅਤੇ ਮਟੌਰ ਥਾਣਾ ਦੇ ਐਸਐਚਓ ਨਵੀਨਪਾਲ ਸਿੰਘ ਲਹਿਲ ਨੇ ਸਰਕਾਰੀ ਵਕੀਲ ਪ੍ਰਿਥੀ ਰਾਜ ਬਰਾੜ ਰਾਹੀਂ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਮੁਲਜ਼ਮਾਂ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਗਈ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਮੁਲਜ਼ਮਾਂ ਕੋਲੋਂ ਨੌਜਵਾਨ ਦੇ ਕਤਲ ਬਾਰੇ ਪੁੱਛਗਿੱਛ ਕਰਨੀ ਹੈ ਅਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੇ ਗਏ ਹਥਿਆਰ ਅਤੇ ਗੱਡੀ ਬਰਾਮਦ ਕਰਨੀ ਹੈ। ਡੀਐਸਪੀ ਸੁਖਨਾਜ ਸਿੰਘ ਅਤੇ ਥਾਣਾ ਮੁਖੀ ਨਵੀਨਪਾਲ ਲਹਿਲ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਕਤਲ ਦੀ ਵਜ੍ਹਾ ਰੰਜ਼ਸ਼ ਬਾਰੇ ਪੁੱਛਗਿੱਛ ਕੀਤੀ ਜਾਣੀ ਹੈ ਅਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਹੋਰ ਕੌਣ ਕੌਣ ਸ਼ਾਮਲ ਹਨ, ਇਸ ਵਹਿਸ਼ੀ ਕਤਲ ਪਿੱਛੇ ਮੁੱਖ ਸਾਜ਼ਿਸ਼ਕਰਤਾ ਕੌਣ ਹਨ, ਬਾਰੇ ਪਤਾ ਕਰਨਾ ਹੈ। ਇਸ ਤੋਂ ਇਲਾਵਾ ਇਹ ਪਤਾ ਲਗਾਉਣਾ ਹੈ ਕਿ ਉਹ ਕਤਲ ਦੀ ਵਾਰਦਾਤ ਤੋਂ ਬਾਅਦ ਕਿਸ ਕੋਲ ਅਤੇ ਕਿੱਥੇ-ਕਿੱਥੇ ਠਹਿਰਦੇ ਰਹੇ ਹਨ। ਮੁਲਜ਼ਮਾਂ ਦੀ ਤਰਫ਼ੋਂ ਬਚਾਅ ਪੱਖ ਦਾ ਕੋਈ ਵਕੀਲ ਪੇਸ਼ ਨਹੀਂ ਹੋਇਆ। ਇਸ ਸਬੰਧੀ ਅਦਾਲਤ ਨੇ ਮੁਲਜ਼ਮਾਂ ਨੂੰ ਉਨ੍ਹਾਂ ਦੇ ਵਕੀਲਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਅਗਲੀ ਤਰੀਕ ’ਤੇ ਦੇਖਣਗੇ। ਬਾਅਦ ਵਿੱਚ ਅਦਾਲਤ ਨੇ ਮੁਲਜ਼ਮਾਂ ਨੂੰ 10 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਬਾਅਦ ਮੁਲਜ਼ਮਾਂ ਨੂੰ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਕੈਂਪਸ ਆਫ਼ਿਸ ਵਿੱਚ ਸੀਨੀਅਰ ਅਫ਼ਸਰਾਂ ਅਤੇ ਜਾਂਚ ਟੀਮ ਵੱਲੋਂ ਕਰਾਸ ਪੁੱਛਗਿੱਛ ਕੀਤੀ ਗਈ। ਸੁਣਵਾਈ ਮੌਕੇ ਮ੍ਰਿਤਕ ਨੌਜਵਾਨ ਦਾ ਵੱਡਾ ਭਰਾ ਅਤੇ ਅਕਾਲੀ ਆਗੂ ਅਜੈਪਾਲ ਸਿੰਘ ਮਿੱਡੂਖੇੜਾ ਵੀ ਮੌਜੂਦ ਸਨ। (ਬਾਕਸ ਆਈਟਮ) ਮ੍ਰਿਤਕ ਨੌਜਵਾਨ ਦੇ ਵੱਡੇ ਭਰਾ ਅਜੈਪਾਲ ਸਿੰਘ ਮਿੱਠੂਖੇੜਾ ਨੇ ਐਸਐਸਪੀ ਨੂੰ ਪੱਤਰ ਲਿਖ ਕੇ ਆਪਣੀ ਅਤੇ ਆਪਣੀ ਪਰਿਵਾਰ ਦੀ ਜਾਨ ਨੂੰ ਖ਼ਤਰਾ ਦੱਸਦਿਆਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਅੱਜ ਵੀ ਡਰ ਅਤੇ ਦਹਿਸ਼ਤ ਦੇ ਸਾਏ ਹੇਠ ਜ਼ਿੰਦਗੀ ਬਤੀਤ ਕਰ ਰਿਹਾ ਹੈ। ਉਨ੍ਹਾਂ ਖ਼ਦਸ਼ਾ ਪ੍ਰਗਟ ਕੀਤਾ ਕਿ ਵਿੱਕੀ ਦੇ ਕਤਲ ਲਈ ਜ਼ਿੰਮੇਵਾਰ ਵਿਅਕਤੀ ਕਿਸੇ ਵੀ ਸਮੇਂ ਉਨ੍ਹਾਂ ਨੂੰ ਵੀ ਨਿਸ਼ਾਨਾ ਬਣਾ ਸਕਦੇ ਹਨ। ਇਸ ਲਈ ਉਨ੍ਹਾਂ ਦੇ ਪਰਿਵਾਰ ਸਮੇਤ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਸਮਰਥਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਇਸ ਤੋਂ ਪਹਿਲਾਂ ਅਜੈਪਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਪੱਤਰ ਲਿਖ ਕੇ ਇਨਸਾਫ਼ ਦਿਵਾਉਣ ਅਤੇ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਮੰਗ ਕੀਤੀ ਸੀ। ਅਜੈਪਾਲ ਨੇ ਪੰਜਾਬ ਦੇ ਇਕ ਨਾਮੀ ਗਾਇਕ ਤੇ ਰਾਜਸੀ ਆਗੂ ਦੇ ਮੈਨੇਜਰ ਵਿਰੁੱਧ ਵੀ ਕਾਰਵਾਈ ਮੰਗੀ ਹੈ। ਉਨ੍ਹਾਂ ਕਿਹਾ ਕਿ ਮੈਨੇਜਰ ਅਤੇ ਉਸ ਦੇ ਸਾਥੀਆਂ ਸਮੇਤ ਤਿੰਨ ਸ਼ੂਟਰਾਂ ਦੀ ਕਾਲ ਡਿਟੇਲ, ਮੋਬਾਈਲ ਫੋਨ ਦੀ ਲੋਕੇਸ਼ਨ, ਮੋਬਾਈਲ ਡੰਪ ਅਤੇ ਹੋਰ ਵੇਰਵੇ ਇਕੱਤਰ ਕਰਨ ਦੀ ਵੀ ਗੁਹਾਰ ਲਗਾਈ ਹੈ। ਉਨ੍ਹਾਂ ਕਿਹਾ ਕਿ ਗਾਇਕ ਦਾ ਮੈਨੇਜਰ ਸ਼ੂਟਰਾਂ ਨਾਲ ਨੇੜਿਓਂ ਜੁੜਿਆ ਹੋਇਆ ਹੈ। ਜਿਸ ਨੇ ਉਨ੍ਹਾਂ ਨੂੰ ਰਿਹਾਇਸ਼ ਅਤੇ ਭੋਜਨ ਸਮੇਤ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਗਈ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ