Nabaz-e-punjab.com

ਆਖ਼ਰਕਾਰ 37 ਸਾਲਾਂ ਬਾਅਦ ਪੀੜਤ ਸਾਬਕਾ ਫੌਜੀ ਨੂੰ ਮਿਲਣੀ ਸ਼ੁਰੂ ਹੋਈ ਪੈਨਸ਼ਨ: ਕਰਨਲ ਸੋਹੀ

ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈੱਲ ਦੇ ਪ੍ਰਧਾਨ ਕਰਨਲ ਐਸਐਸ ਸੋਹੀ ਦੇ ਯਤਨਾਂ ਨੂੰ ਪਿਆ ਬੂਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਸਤੰਬਰ:
ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈੱਲ ਦੇ ਯਤਨਾਂ ਸਦਕਾ ਭਾਰਤੀ ਫੌਜ ਦੇ ਸੇਵਾਮੁਕਤ ਰਾਈਫਲਮੈਨ ਜਸਬੀਰ ਸਿੰਘ (58) ਨੂੰ ਕਰੀਬ ਸਾਢੇ ਤਿੰਨ ਦਹਾਕੇ ਬਾਅਦ ਪੈਨਸ਼ਨ ਮਿਲਣੀ ਸ਼ੁਰੂ ਹੋ ਗਈ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਲੈਫ਼ ਕਰਨਲ (ਸੇਵਾਮੁਕਤ) ਐਸਐਸ ਸੋਹੀ ਨੇ ਦੱਸਿਆ ਕਿ ਜਸਬੀਰ ਸਿੰਘ (ਜਿਨ੍ਹਾਂ ਨੇ ਲਗਭਗ 12 ਸਾਲਾਂ ਤੱਕ ਰਾਜਪੂਤਾਨਾ ਰਾਈਫਲਜ਼ ਵਿੱਚ ਸੇਵਾ ਨਿਭਾਈ) ਨੂੰ 12 ਸਾਲਾਂ ਬਾਅਦ ਇਹ ਕਹਿ ਕੇ ਵਾਪਸ ਘਰ ਭੇਜ ਦਿੱਤਾ ਗਿਆ ਸੀ ਕਿ ਉਹ ਫੌਜ ਦੀ ਨੌਕਰੀ ਕਰਨ ਦੇ ਯੋਗ ਨਹੀਂ ਹਨ ਅਤੇ ਉਨ੍ਹਾਂ ਨੂੰ ਪੈਨਸ਼ਨ ਦਾ ਲਾਭ ਦੇਣ ਤੋਂ ਵੀ ਕੋਰੀ ਨਾਂਹ ਕਰ ਦਿੱਤੀ ਗਈ ਸੀ।
ਕਰਨਲ ਸੋਹੀ ਨੇ ਦੱਸਿਆ ਕਿ ਜ਼ਿਲ੍ਹਾ ਕੈਥਲ ਦੇ ਵਸਨੀਕ ਜਸਬੀਰ ਸਿੰਘ ਨੇ ਕਰੀਬ ਪੰਜ ਸਾਲ ਪਹਿਲਾਂ ਉਨ੍ਹਾਂ ਦੀ ਸੰਸਥਾ ਨਾਲ ਤਾਲਮੇਲ ਕੀਤਾ ਸੀ। ਇਸ ਮਗਰੋਂ ਉਨ੍ਹਾਂ ਨੇ ਸਾਬਕਾ ਫੌਜੀ ਦੇ ਕੇਸ ਦੀ ਪੈਰਵੀ ਸ਼ੁਰੂ ਕੀਤੀ। ਦਸਤਾਵੇਜ਼ਾਂ ਦੀ ਮੁੱਢਲੀ ਜਾਂਚ ਵਿੱਚ ਪਤਾ ਲੱਗਾ ਕਿ ਜਸਬੀਰ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਡਿਸਚਾਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ 27 ਫਰਵਰੀ 2014 ਨੂੰ ਏਐਫ਼ਟੀ ਚੰਡੀਗੜ੍ਹ ਵਿੱਚ ਇਨਸਾਫ਼ ਲਈ ਕੇਸ ਦਰਜ ਕੀਤਾ ਅਤੇ ਸੁਣਵਾਈ ਦੌਰਾਨ ਇਹ ਦਲੀਲ ਦਿੱਤੀ ਕਿ ਜਸਬੀਰ ਸਿੰਘ ਵੱਲੋਂ ਆਪਣੀ ਨੌਕਰੀ ਦੌਰਾਨ ਅਜਿਹਾ ਕੁਝ ਨਹੀਂ ਕੀਤਾ ਗਿਆ ਸੀ ਕਿ ਉਸ ਨੂੰ ਆਯੋਗ ਕਰਾਰ ਦੇ ਕੇ ਘਰ ਭੇਜ ਦਿੱਤਾ ਜਾਵੇ। ਉਸਦਾ ਅਪਰਾਧ ਸਿਰਫ਼ ਇਹ ਸੀ ਕਿ ਉਹ ਛੁੱਟੀ ਤੇ ਜਾਣ ਤੋਂ ਬਾਅਦ ਆਪਣੀਆਂ ਪਰਿਵਾਰਕ ਮਜਬੂਰੀਆਂ ਦੇ ਚਲਦੇ ਓਵਰ ਸਟੇਅ ਕਰ ਜਾਂਦਾ ਸੀ ਅਤੇ ਉਸ ਨੂੰ ਕੰਮ ਨਹੀਂ ਤਾਂ ਤਨਖ਼ਾਹ ਨਹੀਂ ਦੀ ਸਜਾ ਦਿੱਤੀ ਜਾ ਸਕਦੀ ਸੀ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਸੁਣਵਾਈ ਤੋਂ ਬਾਅਦ ਏਐਫ਼ਟੀ ਵੱਲੋਂ ਪਿਛਲੇ ਦਿਨੀਂ ਸਾਬਕਾ ਫੌਜੀ ਜਸਬੀਰ ਸਿੰਘ ਦੇ ਹੱਕ ਵਿੱਚ ਫੈਸਲਾ ਦਿੰਦਿਆਂ ਉਸ ਨੂੰ ਪੈਨਸ਼ਨ ਦੇਣ ਦੇ ਹੁਕਮ ਜਾਰੀ ਕੀਤੇ ਗਏ। ਇਸ ਤਰ੍ਹਾਂ ਲੰਮੀ ਜੱਦੋ ਜਾਹਿਦ ਤੋਂ ਬਾਅਦ ਉਸ ਨੂੰ ਪੈਨਸ਼ਨ ਮਿਲਣੀ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ ਵੀ ਉਕਤ ਸੰਸਥਾ ਨੇ ਵੱਡੀ ਗਿਣਤੀ ਵਿੱਚ ਸਾਬਕਾ ਫੌਜੀਆਂ ਨੂੰ ਪਰਿਵਾਰਕ ਪੈਨਸ਼ਨ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਮਿਲਣ ਦੇ ਹੱਕ ਲੈ ਕੇ ਦਿੱਤੇ ਹਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …