nabaz-e-punjab.com

ਜਬਰ ਜਨਾਹ ਦੀ ਪੀੜਤ ਦਲਿਤ ਲੜਕੀ ਇਨਸਾਫ਼ ਲਈ ਪੁਲੀਸ ਅਫ਼ਸਰਾਂ ਦੇ ਦਫ਼ਤਰਾਂ ’ਚ ਹੋ ਰਹੀ ਹੈ ਖੱਜਲ ਖੁਆਰ

ਪੀੜਤ ਲੜਕੀ ਦੇ ਪਿਤਾ ਵੱਲੋਂ ਐਸਐਸਪੀ ਮੁਹਾਲੀ ਦਫ਼ਤਰ ਦੇ ਬਾਹਰ ਧਰਨਾ ਦੇਣ ਦੀ ਧਮਕੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ:
ਕਰੀਬ ਸਾਢੇ 6 ਮਹੀਨੇ ਪਹਿਲਾਂ ਪਿੰਡ ਸਿੱਲ ਦੀ ਇੱਕ ਨਾਬਾਲਗ ਦਲਿਤ ਲੜਕੀ ਜੋ ਕਿ ਨੌਵੀਂ ਜਮਾਤ ਦੀ ਵਿਦਿਆਰਥਣ ਹੈ ਨਾਲ ਪਿੰਡ ਸਿੱਲ ਦੇ ਹੀ ਤਿੰਨ ਨੌਜਵਾਨਾਂ ਨੇ ਇੱਕ ਅੌਰਤ ਦੀ ਮਦਦ ਨਾਲ ਸਮੂਹਿਕ ਜਬਰ ਜਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ ਇਸ ਮਾਮਲੇ ਵਿੱਚ ਪੁਲੀਸ ਨੇ ਕਈ ਮਹੀਨੇ ਬੀਤ ਜਾਣ ਮਗਰੋਂ ਵੀ ਅੱਜ ਤੱਕ ਇੱਕ ਵੀ ਨੌਜਵਾਨ ਨੂੰ ਗ੍ਰਿਫਤਾਰ ਨਹੀਂ ਕੀਤਾ। ਜਦੋਂ ਕਿ ਤਿੰਨੇ ਮੁਲਜ਼ਮ ਪਿੰਡ ਸਿੱਲ ਵਿੱਚ ਸ਼ਰ੍ਹੇਆਮ ਘੁੰਮ ਰਹੇ ਹਨ ਅਤੇ ਪੁਲੀਸ ਉਲਟਾ ਉਨ੍ਹਾਂ ਤੇ ਹੀ ਸਮਝੌਤੇ ਦਾ ਦਬਾਅ ਪਾ ਰਹੀ ਹੈ। ਪੀੜਤਾ ਦੇ ਪਿਤਾ ਨੇ ਅੱਜ ਫੇਜ਼-5 ਵਿਖੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਜਿਲ੍ਹਾ ਮੁਹਾਲੀ ਅਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਉਚ ਅਧਿਕਾਰੀਆਂ ਦੇ ਚੱਕਰ ਕੱਟ-ਕੱਟ ਕੇ ਹਾਰ ਚੁਕੇ ਹਨ ਪ੍ਰੰਤੂ ਉਨ੍ਹਾਂ ਨੂੰ ਕੋਈ ਵੀ ਉਚ ਅਧਿਕਾਰੀ ਪੱਲਾ ਨਹੀਂ ਫੜਾ ਰਿਹਾ। ਉਲਟਾ ਡੀਐਸਪੀ ਖਰੜ ਉਨ੍ਹਾਂ ਤੇ ਪੈਸੇ ਲੈ ਕੇ ਰਾਜੀਨਾਮਾ ਕਰਨ ਲਈ ਦਬਾਅ ਪਾ ਰਹੇ ਹਨ।
ਪੀੜਤਾ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਨਸਾਫ ਇਸ ਲਈ ਨਹੀਂ ਮਿਲ ਰਿਹਾ ਹੈ ਕਿਉਂਕਿ ਮੁਲਜਮ ਨੌਜਵਾਨ ਦੀ ਪਿੱਠ ਪਿੱਛੇ ਇਕ ਧਨਾਢ ਸੀਨੀਅਰ ਕਾਂਗਰਸੀ ਆਗੂ ਖੜ੍ਹਾ ਹੈ ਅਤੇ ਪੁਲੀਸ ਵੀ ਉਸ ਦੇ ਅਨੁਸਾਰ ਚਲ ਰਹੀ ਹੈ, ਇੰਨਾ ਹੀ ਨਹੀਂ ਡੀਐਸਪੀ ਵੀ ਇੱਕ ਸਾਬਕਾ ਕਾਂਗਰਸੀ ਮੰਤਰੀ ਦਾ ਨੇੜਲਾ ਰਿਸ਼ਤੇਦਾਰ ਹੈ। ਪੀੜਤਾ ਦੇ ਪਿਤਾ ਮੁਤਾਬਕ ਉਨ੍ਹਾਂ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਤੱਕ ਵੀ ਪਹੁੰਚ ਕੀਤੀ ਗਈ ਸੀ ਅਤੇ ਹਾਈਕੋਰਟ ਵੱਲੋੱ ਮੁਲਜਮਾਂ ਨੂੰ ਜਲਦ ਫੜਨ ਲਈ ਪੁਲੀਸ ਨੂੰ ਹੁਕਮ ਵੀ ਕੀਤੇ ਗਏ ਹਨ, ਪ੍ਰੰਤੂ ਪੁਲੀਸ (ਜਿਹੜੀ ਹਾਈ ਕੋਰਟ ਵਿੱਚ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਬਾਰੇ ਬਿਆਨ ਦੇ ਚੁੱਕੀ ਹੈ) ਮੁਲਜ਼ਮਾਂ ਨੂੰ ਫੜਨ ਦੀ ਬਜਾਏ ਚੁੱਪ ਕਰਕੇ ਬੈਠੀ ਹੈ। ਪੀੜਤਾ ਦੇ ਪਿਤਾ ਦਾ ਕਹਿਣਾ ਹੈ ਕਿ ਜੇਕਰ ਮੁਲਜਮਾਂ ਨੂੰ ਜਲਦ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਪੁਲੀਸ ਦੀ ਇਸ ਮਾੜੀ ਕਾਰਗੁਜਾਰੀ ਕਾਰਨ ਉਹ ਜਿਲ੍ਹਾ ਐਸ.ਏ.ਐਸ.ਨਗਰ ਦੇ ਮੁਖੀ ਦੇ ਦਫ਼ਤਰ ਦੇ ਬਾਹਰ ਅਣਮਿੱਥੇ ਸਮੇ ਲਈ ਆਪਣੀ ਲੜਕੀ ਸਮੇਤ ਧਰਨੇ ਤੇ ਬੈਠਣਗੇ।
ਪੀੜਤਾ ਦੇ ਪਿਤਾ ਨੇ ਇਹ ਵੀ ਕਿਹਾ ਕਿ ਭਲਕੇ 16 ਦਸੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੁਹਾਲੀ ਅਦਾਲਤ ਵਿੱਚ ਪੇਸ਼ੀ ਦੌਰਾਨ ਉਹ ਮੁੱਖ ਮੰਤਰੀ ਨੂੰ ਮਿਲ ਕੇ ਪੁਲੀਸ ਦੀ ਇਸ ਮਾੜੀ ਕਾਰਗੁਜਾਰੀ ਬਾਰੇ ਸ਼ਿਕਾਇਤ ਵੀ ਦੇਣਗੇ। ਉਨ੍ਹਾਂ ਦੱਸਿਆ ਕਿ ਉਹ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਦੇ ਹਨ। ਇਸ ਲਈ ਉਨ੍ਹਾਂ ਦਾ ਪਰਿਵਾਰ ਇਸ ਸਮੇੱ ਜਲਾਲਤ ਵਰਗੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹੈ। ਪੀੜਤਾ ਦੇ ਪਿਤਾ ਦਾ ਕਹਿਣਾ ਹੈ ਕਿ ਬਦਨਾਮੀ ਅਤੇ ਮੁਲਜਮਾਂ ਦੇ ਡਰ ਤੋਂ ਉਸ ਦੀ ਬੱਚੀ ਸਕੂਲ ਵੀ ਨਹੀਂ ਜਾ ਪਾ ਰਹੀ ਅਤੇ ਉਸਦੀ ਪੜਾਈ ਵੀ ਇੱਕ ਤਰ੍ਹਾਂ ਨਾਲ ਬੰਦ ਹੋ ਗਈ ਹੈ। ਦੱਸਣਯੋਗ ਹੈ ਕਿ ਨਾਬਾਲਗ ਪੀੜਤ ਲੜਕੀ ਨਾਲ ਪਿੰਡ ਦੇ ਹੀ ਤਿੰਨ ਨੌਜਵਾਨਾਂ ਨੇ ਇੱਕ ਅੌਰਤ ਦੀ ਮਦੱਦ ਨਾਲ ਸਕੂਲ ਤੋਂ ਘਰ ਜਾਣ ਸਮੇਂ ਜਬਰ ਜਿਨਾਹ ਕੀਤਾ ਸੀ ਅਤੇ ਥਾਣਾ ਘੜੂੰਆਂ ਦੀ ਪੁਲੀਸ ਨੇ ਤਿੰਨਾ ਨੌਜਵਾਨਾਂ ਅਤੇ ਅਣਪਛਾਤੀ ਅੌਰਤ ਖਿਲਾਫ ਧਾਰਾ-341,376,506,34 ਅਤੇ ਪੋਸਕੋ ਐਕਟ ਦੇ ਤਹਿਤ 3 ਜੁਲਾਈ 2017 ਨੂੰ ਮਾਮਲਾ ਦਰਜ਼ ਕੀਤਾ ਸੀ। ਇਸ ਸਬੰਧੀ ਥਾਣਾ ਘੜੂੰਆਂ ਦੇ ਮੁਖੀ ਹਿੰਮਤ ਸਿੰਘ ਨੇ ਦੱਸਿਆ ਕਿ ਮੁਲਜਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਚੱਲ ਰਹੀ ਹੈ।
ਇਸ ਸਬੰਧੀ ਡੀਐਸਪੀ ਖਰੜ ਦੀਪ ਕਮਲ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਮਾਮਲਾ ਆਈਜੀ ਪਟਿਆਲਾ ਜ਼ੋਨ ਦੇ ਆਦੇਸ਼ਾਂ ਉੱਤੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਟਰਾਂਸਫਰ ਕਰ ਦਿੱਤਾ ਗਿਆ ਹੈ, ਜਦੋਂ ਕਿ ਇੰਨੇ ਮਹੀਨੇ ਮੁਲਜਮਾਂ ਨੂੰ ਨਾ ਫੜ ਸਕਣ ਵਾਲੀ ਗੱਲ ਨੂੰ ਉਹ ਟਾਲ ਗਏ। ਇਸ ਸਬੰਧੀ ਫਹਿਤਗੜ੍ਹ ਸਾਹਿਬ ਦੇ ਡੀਐਸਪੀ ਅਨਿਲ ਕੁਮਾਰ ਕੋਹਲੀ ਨੇ ਦੱਸਿਆ ਕਿ ਉਨਾਂ ਨੇ ਇਸ ਮਾਮਲੇ ਦੀ ਰਿਪੋਰਟ ਬਣਾ ਕੇ ਕਰੀਬ ਮਹੀਨਾ ਪਹਿਲਾਂ ਉਚ ਅਧਿਕਾਰੀਆਂ ਨੂੰ ਭੇਜ ਦਿੱਤੀ ਸੀ, ਉਚ ਅਧਿਕਾਰੀ ਹੀ ਇਸ ਬਾਰੇ ਦੱਸ ਸਕਦੇ ਹਨ, ਕਿਉਂਕਿ ਹੁਣ ਤਾਂ ਉਨਾਂ ਦੀ ਬਦਲੀ ਵੀ ਹੋ ਗਈ ਹੈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …