ਦਲਿਤ ਵਰਗ ਦੇ ਪੀੜਤ ਲੋਕਾਂ ਨੇ ਮੁੱਖ ਮੰਤਰੀ ਦੇ ਭ੍ਰਿਸ਼ਟਾਚਾਰ ਵਿਰੋਧੀ ਪੋਰਟਲ ’ਤੇ ਸਵਾਲ ਚੁੱਕੇ

ਮੀਰਪੁਰ ਦੇ ਸਰਪੰਚ ਨੇ ਬੀਡੀਪੀਓ ’ਤੇ ਤੰਗ ਪ੍ਰੇਸ਼ਾਨ ਤੇ ਰਿਸ਼ਵਤ ਮੰਗਣ ਦੇ ਦੋਸ਼ ਲਾਏ, ਬੀਡੀਪੀਓ ਨੇ ਦੋਸ਼ ਨਕਾਰੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਦਸੰਬਰ:
ਅੱਤਿਆਚਾਰ ਅਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ, ਪਿੰਡ ਮੀਰਪੁਰ (ਬਲਾਕ ਦਸੂਹਾ) ਦੇ ਸਰਪੰਚ ਲਖਵੀਰ ਸਿੰਘ ਅਤੇ ਝਿੰਗੜ ਕਲਾਂ ਤੋਂ ਪੰਚ ਜਸਵੀਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਭ੍ਰਿਸ਼ਟਾਚਾਰ ਵਿਰੋਧੀ ਪੋਰਟਲ ’ਤੇ ਸਵਾਲ ਚੁੱਕੇ ਹਨ। ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਉਕਤ ਆਗੂਆਂ ਨੇ ਦਸੂਹਾ ਬਲਾਕ ਦੇ ਬੀਡੀਪੀਓ ’ਤੇ ਪੰਚਾਇਤਾਂ ਨੂੰ ਬਿਨਾਂ ਵਜ੍ਹਾ ਤੰਗ ਪ੍ਰੇਸ਼ਾਨ ਕਰਨ ਅਤੇ ਰਿਸ਼ਵਤ ਮੰਗਣ ਦਾ ਦੋਸ਼ ਲਾਇਆ ਹੈ। ਉਧਰ, ਬੀਡੀਪੀਓ ਧਨਵੰਤ ਸਿੰਘ ਰੰਧਾਵਾ ਨੇ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਝੂਠ ਦਾ ਪੁਲੰਦਾ ਦੱਸਿਆ ਹੈ।
ਸ੍ਰੀ ਕੁੰਭੜਾ ਕਿਹਾ ਕਿ ਆਪ ਸਰਕਾਰ ਦੇ ਸ਼ਾਸਨ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰੀ ਦਫ਼ਤਰਾਂ ਵਿੱਚ ਡਾ. ਭੀਮ ਰਾਓ ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਦੀ ਫੋਟੋ ਲਗਾਉਣ ਨਾਲ ਦੁੱਧ ਧੌਤੇ ਹੋਣ ਦਾ ਸਰਟੀਫਿਕੇਟ ਨਹੀਂ ਮਿਲ ਜਾਂਦਾ ਜਦੋਂਕਿ ਸਚਾਈ ਇਹ ਹੈ ਕਿ ਹੁਕਮਰਾਨ ਅਤੇ ਉੱਚ ਅਧਿਕਾਰੀ ਅੰਬੇਦਕਰ ਸਾਹਿਬ ਦੇ ਵਾਰਸਾਂ ’ਤੇ ਅੱਤਿਆਚਾਰ ਕਰ ਰਹੇ ਹਨ। ਉਨ੍ਹਾਂ ਕਈ ਮਾਮਲਾ ਹਵਾਲਾ ਦਿੰਦੇ ਹੋਏ ਕਿਹਾ ਕਿ ਦਲਿਤ ਵਰਗ ਨਾਲ ਸਬੰਧਤ ਪੀੜਤ ਵਿਅਕਤੀ ਇਨਸਾਫ਼ ਸਰਕਾਰੀ ਦਫ਼ਤਰਾਂ ਅਤੇ ਥਾਣਿਆਂ ਵਿੱਚ ਖੱਜਲਖੁਆਰ ਹੋ ਰਹੇ ਹਨ।
ਪੀੜਤ ਸਰਪੰਚ ਲਖਵੀਰ ਸਿੰਘ ਨੇ ਕਿਹਾ ਕਿ ਸਰਕਾਰ ਦੇ ਅਫ਼ਸਰ ਸਰਪੰਚਾਂ ਨੂੰ ਦੋਵੇਂ ਹੱਥੀਂ ਲੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਤਿੰਨ ਮਹੀਨੇ ਪਹਿਲਾਂ ਇੱਕ ਪੰਚਾਇਤ ਅਫ਼ਸਰ ਦੇ ਖ਼ਿਲਾਫ਼ ਮੁੱਖ ਮੰਤਰੀ ਦੇ ਭ੍ਰਿਸ਼ਟਾਚਾਰ ਵਿਰੋਧੀ ਪੋਰਟਲ ’ਤੇ ਰਿਸ਼ਵਤ ਮੰਗਣ ਦੀ ਆਡੀਓ ਭੇਜੀ ਸੀ ਅਤੇ ਵਿਜੀਲੈਂਸ ਬਿਊਰੋ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਨੂੰ ਵੀ ਸ਼ਿਕਾਇਤ ਭੇਜੀ ਗਈ ਸੀ, ਲੇਕਿਨ ਅਧਿਕਾਰੀ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦੋਸ਼ ਲਾਇਆ ਕਿ ਦਲਿਤ ਵਰਗ ਨਾਲ ਸਬੰਧਤ ਹੋਣ ਕਾਰਨ ਉਸ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਜਸਵੀਰ ਸਿੰਘ ਝਿਗੜ ਕਲਾਂ ਨੇ ਵੀ ਸਰਕਾਰ ਅਤੇ ਉੱਚ ਅਧਿਕਾਰੀਆਂ ’ਤੇ ਗੰਭੀਰ ਦੋਸ਼ ਲਾਏ ਹਨ।
ਇਸ ਮੌਕੇ ਲਖਵੀਰ ਸਿੰਘ ਸਰਪੰਚ, ਗਰਾਮ ਪੰਚਾਇਤ ਪਿੰਡ ਮੀਰਪੁਰ ਜ਼ਿਲ੍ਹਾ ਹੁਸ਼ਿਆਰਪੁਰ ਨੇ ਕਿਹਾ ਕਿ ਉਹ ਦਲਿਤ ਪਰਿਵਾਰ ਨਾਲ ਸੰਬੰਧਤ ਹਨ ਅਤੇ ਉਨ੍ਹਾਂ ਨੇ 5 ਡਿਪਲੋਮੇ ਕੀਤੇ ਹੋਏ ਹਨ। ਉਹਨਾਂ ਦੱਸਿਆ ਕਿ ਉਹ 2008 ਤੋੱ 2013 ਤੱਕ ਪਹਿਲਾਂ ਵੀ ਸਰਪੰਚ ਰਹੇ ਹਨ ਅਤੇ ਉਹਨਾਂ ਦੀ ਵਧੀਆ ਕਾਰਜਕਾਰੀ ਕਰਕੇ 2019 ਵਿੱਚ ਪਿੰਡ ਵਾਸੀਆਂ ਨੇ ਮੈਨੂੰ ਐਸਸੀ ਹੋਣ ਦੇ ਬਾਵਜੂਦ ਜਨਰਲ ਸੀਟ ਤੇ ਭਾਰੀ ਬਹੁਮੱਤ ਨਾਲ ਜਿਤਾ ਕੇ ਸਰਪੰਚ ਬਣਾਇਆ ਸੀ ਪ੍ਰੰਤੂ ਬੀਡੀਪੀਓ ਦਸੂਹਾ ਧੰਨਵੰਤ ਸਿੰਘ ਰੰਧਾਵਾ ਵੱਲੋਂ ਹੱਦ ਤੋਂ ਵੱਧ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਹੈ।
ਉਨ੍ਹਾਂ ਦੋਸ਼ ਲਾਇਆ ਕਿ ਪਿੰਡ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਜਾਣ ਬੁੱਝ ਕੇ ਰੁਕਾਵਟਾਂ ਪਾਈਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਤੇ ਜਾਨਲੇਵਾ ਹਮਲੇ ਵੀ ਕਰਵਾਏ ਗਏ ਪ੍ਰੰਤੂ ਸਿਆਸੀ ਦਬਾਅ ਹੋਣ ਕਾਰਨ ਉਹਨਾਂ ਦੀ ਐਫ਼ਆਈਆਰ ਵੀ ਦਰਜ ਨਹੀਂ ਕੀਤੀ ਗਈ। ਉਨ੍ਹਾਂ ਇਲਜਾਮ ਲਗਾਇਆ ਕਿ ਬੀਡੀਪੀਓ ਨੇ ਉਨ੍ਹਾਂ ਕੋਲੋਂ ਛੱਪੜ ਦੀ ਉਸਾਰੀ ਚਲਾਉਣ ਲਈ 30 ਹਜ਼ਾਰ ਰੁਪਏ ਰਿਸ਼ਵਤ ਮੰਗੀ ਜਿਸ ਦੀ ਰਿਕਾਰਡਿੰਗ ਉਨ੍ਹਾਂ ਨੇ ਸਬੂਤ ਦੇ ਤੌਰ ਤੇ ਪ੍ਰਸ਼ਾਸਨ ਤੱਕ ਪਹੁੰਚਾਈ। ਪਰ ਕੋਈ ਕਾਰਵਾਈ ਨਹੀਂ ਹੋਈ ਉਲਟਾ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਇਸ ਮੌਕੇ ਕੁਲਦੀਪ ਸਿੰਘ ਸਰਪੰਚ ਪਿੰਡ ਰਾਗੋਵਾਲ, ਹਰਭਜਨ ਸਿੰਘ ਪੰਚ, ਪਰਮਿੰਦਰ ਸਿੰਘ ਪੰਚ ਮੀਰਪੁਰ, ਦਲਵੀਰ ਕੌਰ ਪੰਚ ਮੀਰਪੁਰ, ਤਰਸੇਮ ਸਿੰਘ ਢਿੱਲੋਂ ਪ੍ਰਧਾਨ ਡੇਅਰੀ ਐਸੋਸੀਏਸ਼ਨ, ਦਵਿੰਦਰ ਸਿੰਘ, ਸ਼ਵਿੰਦਰ ਸਿੰਘ ਲੱਖੋਵਾਲ, ਡਾ. ਅੰਬੇਦਕਰ ਭਲਾਈ ਮੰਚ ਦੇ ਪ੍ਰਧਾਨ ਕਿਰਪਾਲ ਸਿੰਘ ਮੁੰਡੀ ਖਰੜ, ਅਵਤਾਰ ਸਿੰਘ ਮੱਕੜਿਆਂ, ਹਰਪਿੰਦਰ ਸਿੰਘ ਸੁਰਲ ਕਲਾਂ, ਲਖਵੀਰ ਸਿੰਘ ਵਡਾਲਾ, ਵਿਕਰਮ ਸਿੰਘ ਬਾਕਰਪੁਰ ਹਾਜ਼ਰ ਸਨ।

ਉਧਰ, ਦੂਜੇ ਪਾਸੇ ਬੀਡੀਪੀਓ ਧਨਵੰਤ ਸਿੰਘ ਰੰਧਾਵਾ ਨੇ ਉਕਤ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਰਪੰਚ ਲਖਵੀਰ ਸਿੰਘ ਦੇ ਖ਼ਿਲਾਫ਼ ਗਬਨ ਕਰਨ ਦੇ ਗੰਭੀਰ ਦੋਸ਼ ਹਨ ਅਤੇ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਸਰਪੰਚ ਜਾਂਚ ਨੂੰ ਰੋਕਣ ਲਈ ਉਨ੍ਹਾਂ ਖ਼ਿਲਾਫ਼ ਗਲਤ ਤੇ ਗੁਮਰਾਹਕੁਨ ਬਿਆਨਬਾਜ਼ੀ ਕਰ ਰਹੇ ਹਨ। ਰਿਸ਼ਵਤ ਮੰਗਣ ਦੀ ਆਡੀਓ ਬਾਰੇ ਬੀਡੀਪੀਓ ਨੇ ਸਪੱਸ਼ਟ ਕੀਤਾ ਕਿ ਸਰਪੰਚ ਨੇ ਉਸ ਦੀ ਆਡੀਓ ਨਾਲ ਛੇੜਛਾੜ ਕਰਕੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਜੀਲੈਂਸ ਪਹਿਲਾਂ ਹੀ ਪੜਤਾਲ ਕਰ ਚੁੱਕਾ ਹੈ। ਲੇਕਿਨ ਉਹ ਹੁਣ ਵੀ ਹਰੇਕ ਜਾਂਚ ਦਾ ਸਾਹਮਣਾ ਕਰਨ ਨੂੰ ਤਿਆਰ ਹਨ ਪ੍ਰੰਤੂ ਸਰਪੰਚ ਖ਼ਿਲਾਫ਼ ਚੱਲ ਰਹੀ ਪੜਤਾਲ ਨੂੰ ਕਿਸੇ ਵੀ ਕੀਮਤ ’ਤੇ ਬੰਦ ਨਹੀਂ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਵਿਜੀਲੈਂਸ ਨੇ 2024 ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ 173 ਮੁਲਜ਼ਮ ਗ੍ਰਿਫ਼ਤਾਰ ਕੀਤੇ: ਵਰਿੰਦਰ ਕੁਮਾਰ

ਵਿਜੀਲੈਂਸ ਨੇ 2024 ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ 173 ਮੁਲਜ਼ਮ ਗ੍ਰਿਫ਼ਤਾਰ ਕੀਤੇ: ਵਰਿੰਦਰ ਕੁਮਾਰ 10 ਗਜ਼ਟਿ…