ਪੰਜਾਬ ਪੁਲੀਸ ਦੀਆਂ ਵਧੀਕੀਆਂ ਖ਼ਿਲਾਫ਼ ਪੀੜਤ ਪਰਿਵਾਰਾਂ ਦਾ ਰੋਹ ਭਖਿਆ, ਜਾਂਚ ਅਧਿਕਾਰੀ ਨੇ ਦੋਸ਼ ਨਕਾਰੇ

ਪੀੜਤ ਪਰਿਵਾਰਾਂ ਵੱਲੋਂ ਮਹੀਨੇ ਦਾ ਅਲਟੀਮੇਟਮ, ਐੱਸਐੱਸਪੀ ਦਫ਼ਤਰ ਅੱਗੇ ਮੁੱਖ ਮੰਤਰੀ ਦਾ ਪੁਤਲਾ ਸਾੜਨ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਐਸ.ਏ.ਐਸ. ਨਗਰ (ਮੁਹਾਲੀ), 19 ਦਸੰਬਰ:
ਪੰਜਾਬ ਪੁਲੀਸ ਦੀਆਂ ਵਧੀਕੀਆਂ ਖ਼ਿਲਾਫ਼ ਲੋਕਾਂ ਦਾ ਰੋਹ ਲਗਾਤਾਰ ਭਖਦਾ ਜਾ ਰਿਹਾ ਹੈ। ਪੀੜਤ ਪਰਿਵਾਰਾਂ ਨੇ ਅੱਜ ਸ਼ਹਿਰ ਵਿੱਚ ਪੁਲੀਸ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪੁਲੀਸ ਨੂੰ ਇੱਕ ਮਹੀਨੇ ਦਾ ਅਲਟੀਮੇਟਮ ਦਿੰਦੇ ਹੋਏ ਐੱਸਐੱਸਪੀ ਦਫ਼ਤਰ ਦਾ ਘਿਰਾਓ ਕਰਕੇ ਮੁੱਖ ਮੰਤਰੀ ਦਾ ਪੁਤਲਾ ਸਾੜਨ ਦੀ ਚਿਤਾਵਨੀ ਦਿੱਤੀ। ਉਧਰ, ਜਾਂਚ ਅਧਿਕਾਰੀ ਏਐਸਆਈ ਸਿਕੰਦਰ ਸਿੰਘ ਨੇ ਪੀੜਤ ਪਰਿਵਾਰ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ।
ਅੱਜ ਇੱਥੇ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਮੌਜੂਦਗੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਲਵਿੰਦਰ ਸਿੰਘ ਮਾਣਕਪੁਰ ਕੱਲਰ, ਗੁਰਮੇਜਰ ਸਿੰਘ ਧਰਮਗੜ੍ਹ ਅਤੇ ਮਮਤਾ ਕੁੰਭੜਾ ਨੇ ਆਪਬੀਤੀ ਦੱਸਦਿਆਂ ਪੁਲੀਸ ਵਧੀਕੀਆਂ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਉਹ ਵੱਖ-ਵੱਖ ਥਾਣਿਆਂ ਵਿੱਚ ਖੱਜਲ ਹੋ ਰਹੇ ਹਨ। ਗੁਲਮੋਹਰ ਸਿਟੀ ਖਰੜ ਦੇ ਵਸਨੀਕ ਬਲਵਿੰਦਰ ਸਿੰਘ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਪੜੌਸੀ ਨਾਲ ਹੋਈ ਲੜਾਈ ਦੇ ਮਾਮਲੇ ਵਿੱਚ ਪੁਲੀਸ ਨੇ ਉਸ ਦੀ ਸ਼ਿਕਾਇਤ ’ਤੇ ਕੋਈ ਕਾਰਵਾਈ ਨਹੀਂ ਕੀਤੀ, ਸਗੋਂ ਉਲਟਾ ਉਨ੍ਹਾਂ ਖ਼ਿਲਾਫ਼ ਹੀ ਪਰਚਾ ਦਰਜ ਕਰ ਦਿੱਤਾ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੁਲੀਸ ਨੇ ਇਸ ਮਾਮਲੇ ਵਿੱਚ ਪੁਲੀਸ ਨੇ ਉਸ ਦੇ ਬੇਟੇ ਤਲਵਿੰਦਰ ਸਿੰਘ ਨੂੰ ਵੀ ਨਾਮਜ਼ਦ ਕਰ ਦਿੱਤਾ ਜਦੋਂਕਿ ਉਸ ਦਾ ਬੇਟਾ ਕਾਫ਼ੀ ਸਮੇਂ ਤੋਂ ਪਟਿਆਲਾ ਜੇਲ੍ਹ ਵਿੱਚ ਬੰਦ ਹੈ। ਇਸ ਮਾਮਲੇ ਸਬੰਧੀ ਉਨ੍ਹਾਂ ਨੇ ਐੱਸਐੱਸਪੀ ਨੂੰ ਸ਼ਿਕਾਇਤ ਦਿੱਤੀ। ਉਪਰੰਤ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੂੰ ਵੀ ਸ਼ਿਕਾਇਤ ਦੇ ਕੇ ਇਨਸਾਫ਼ ਦੀ ਮੁਹਾਰ ਲਾਈ ਗਈ ਪਰ ਸੁਣਵਾਈ ਨਹੀਂ ਹੋਈ। ਉਨ੍ਹਾਂ ਜਾਂਚ ਅਧਿਕਾਰੀ ਏਐਸਆਈ ਸਿਕੰਦਰ ਸਿੰਘ ’ਤੇ ਪੈਸੇ ਮੰਗਣ ਦਾ ਵੀ ਦੋਸ਼ ਲਾਇਆ।
ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਮੰਗ ਕੀਤੀ ਕਿ ਖਰੜ ਸਿਟੀ ਦੇ ਤਤਕਾਲੀ ਐਸਐਚਓ ਅਤੇ ਜਾਂਚ ਅਧਿਕਾਰੀ ਨੂੰ ਮੁਅੱਤਲ ਕੀਤਾ ਜਾਵੇ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਸ੍ਰੀਮਤੀ ਮਮਤਾ ਨੇ ਦੋਸ਼ ਲਾਇਆ ਕਿ ਆਪ ਸਰਕਾਰ ਦੇ ਸ਼ਾਸ਼ਨ ਵਿੱਚ ਗਰੀਬ ਲੋਕਾਂ ’ਤੇ ਪੁਲੀਸ ਅੱਤਿਆਚਾਰ ਅਤੇ ਭ੍ਰਿਸ਼ਟਾਚਾਰ ਵਧਿਆ ਹੈ। ਇਸ ਮੌਕੇ ਲਖਵੀਰ ਸਿੰਘ ਬਡਾਲਾ, ਸ਼ਵਿੰਦਰ ਸਿੰਘ ਲੱਖੋਵਾਲ, ਬਲਜੀਤ ਸਿੰਘ ਕਕਰਾਲੀ, ਜਸਕਿਰਨ ਸਿੰਘ, ਨਿਰਮਲ ਕੌਰ, ਗੁਰਮੁੱਖ ਸਿੰਘ, ਜਸਮੀਤ ਸਿੰਘ, ਕੁਲਜੀਤ ਸਿੰਘ, ਗੁਰਨਾਮ ਕੌਰ ਸਾਬਕਾ ਬਲਾਕ ਸਮਿਤੀ ਮੈਂਬਰ, ਅਵਤਾਰ ਸਿੰਘ ਮੱਕੜਿਆਂ, ਸਤਿੰਦਰ ਸਿੰਘ ਧਰਮਗੜ੍ਹ, ਸੋਨੀਆ ਰਾਣੀ, ਨਿਰਮਲ ਕੌਰ ਮੌਜੂਦ ਸਨ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਮਾਮਲੇ ਦੇ ਜਾਂਚ ਅਧਿਕਾਰੀ ਥਾਣੇਦਾਰ ਸਿਕੰਦਰ ਸਿੰਘ ਨੇ ਉਸ ’ਤੇ ਰਿਸ਼ਵਤ ਮੰਗਣ ਅਤੇ ਪੀੜਤ ਪਰਿਵਾਰ ਨੂੰ ਖੱਜਲ-ਖੁਆਰ ਕਰਨ ਦੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਦੱਸਿਆ ਹੈ। ਉਸ ਨੇ ਦੱਸਿਆ ਕਿ ਉਲਟਾ ਬਲਵਿੰਦਰ ਸਿੰਘ ਪੁਲੀਸ ’ਤੇ ਦਬਾਅ ਪਾਉਣ ਲਈ ਝੂਠੇ ਇਲਜ਼ਾਮ ਲਗਾ ਰਿਹਾ ਹੈ। ਉਂਜ ਵੀ ਹੁਣ ਉਨ੍ਹਾਂ (ਜਾਂਚ ਅਧਿਕਾਰੀ) ਦੀ ਖਰੜ ਤੋਂ ਕੁਰਾਲੀ ਥਾਣੇ ਵਿੱਚ ਬਦਲੀ ਹੋ ਚੁੱਕੀ ਹੈ ਅਤੇ ਥਾਣਾ ਮੁਖੀ ਵੀ ਬਦਲੇ ਜਾ ਚੁੱਕੇ ਹਨ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…