nabaz-e-punjab.com

ਨਵੰਬਰ 1984 ਸਿੱਖ ਕਤਲੇਆਮ ਦੇ ਪੀੜਤ ਇਨਸਾਫ਼ ਲਈ ਹੁਣ ਮਹਾਤਮਾ ਗਾਂਧੀ ਤੇ ਪੰਡਿਤ ਨਹਿਰੂ ਦੀ ਸਮਾਧੀ ’ਤੇ ਟੇਕਣਗੇ ਮੱਥਾ

ਲੋੜ ਪੈਣ ’ਤੇ ਬ੍ਰਿਟੇਨ ਅੱਗੇ ਰੋਏ ਜਾਣਗੇ ਪੀੜਤ ਪਰਿਵਾਰਾਂ ਦੇ ਦੁਖੜੇ: ਸੁਖਵਿੰਦਰ ਭਾਟੀਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਨਵੰਬਰ:
ਪਿਛਲੇ 33 ਸਾਲਾਂ ਤੋਂ ਵੱਖ ਵੱਖ ਸਰਕਾਰਾਂ ਦੇ ਝੂਠੇ ਲਾਰਿਆਂ ਤੋਂ ਅੱਕੇ ਨਵੰਬਰ 1984 ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਨੇ ਹੁਣ ਮਹਾਤਮਾ ਗਾਂਧੀ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਦੀਆਂ ਸਮਾਧੀਆਂ ਅੱਗੇ ਆਪਣੇ ਦੁਖੜੇ ਰੋਣ ਦਾ ਪ੍ਰੋਗਰਾਮ ਉਲੀਕਿਆ ਹੈ। 1984 ਸਿੱਖ ਕਤਲੇਆਮ ਪੀੜਤ ਪਰਿਵਾਰ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਭਾਟੀਆ ਨੇ ਦੱਸਿਆ ਕਿ ਦੇਸ਼ ਦੀ ਵੰਡ ਵੇਲੇ ਇਨ੍ਹਾਂ ਦੋਵਾਂ ਆਗੂਆਂ ਨੇ ਸਿੱਖਾਂ ਨੂੰ ਭਾਰਤ ਵਿੱਚ ਇਨਸਾਫ਼ ਅਤੇ ਬਣਦਾ ਮਾਣ ਸਤਿਕਾਰ ਦੇਣ ਦੀ ਗੱਲ ਆਖੀ ਸੀ ਪ੍ਰੰਤੂ ਉਹ ਪਿਛਲੇ 33 ਸਾਲਾਂ ਤੋਂ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਅਤੇ ਦੋਸ਼ੀਆਂ ਨੂੰ ਕਾਨੂੰਨ ਮੁਤਾਬਕ ਸਖ਼ਤ ਸਜ਼ਾਵਾਂ ਦੇਣ ਸਬੰਧੀ ਹੁਕਮਰਾਨਾਂ ਦੇ ਅੱਗੇ ਤਰਲੇ ਕੱਢਦੇ ਆ ਰਹੇ ਹਨ ਅਤੇ ਹਰੇਕ ਵਾਰ ਹੁਕਮਰਾਨ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦੇਣ ਦਾ ਭਰੋਸਾ ਤਾਂ ਦਿੰਦੇ ਹਨ ਪ੍ਰੰਤੂ ਉਨ੍ਹਾਂ ਦੀ ਕਹਿਣੀ ਅਤੇ ਕਥਨੀ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਜਿਸ ਕਾਰਨ ਪੀੜਤ ਪਰਿਵਾਰ ਇਨਸਾਫ਼ ਖੱਜਲ ਖੁਆਰ ਹੋ ਰਹੇ ਹਨ ਜਦੋਂ ਕਿ ਦੋਸ਼ੀ ਸ਼ਰ੍ਹੇਆਮ ਘੁੰਮ ਰਹੇ ਹਨ। ਇਹੀ ਨਹੀਂ ਯੂਪੀਏ ਦੀ ਅਗਵਾਈ ਵਾਲੀ ਕੇਂਦਰ ਦੀ ਕਾਂਗਰਸ ਵਜ਼ਾਰਤ ਵੇਲੇ ਦੋਸ਼ੀਆਂ ਨੂੰ ਸਜ਼ਾ ਦੀ ਥਾਂ ਸਨਮਾਨ ਦਿੱਤਾ ਜਾਂਦਾ ਰਿਹਾ ਹੈ।
ਸ੍ਰੀ ਭਾਟੀਆ ਨੇ ਸਰਕਾਰਾਂ ਅਤੇ ਸਿਆਸੀ ਆਗੂਆਂ ਦੇ ਝੂਠੇ ਲਾਰਿਆਂ ਤੋਂ ਅੱਕੇ ਪੀੜਤ ਪਰਿਵਾਰ ਆਪਣੇ ਜ਼ਖ਼ਮਾਂ ’ਤੇ ਮਲ੍ਹਮ ਲਗਾਉਣ ਲਈ ਹੁਣ ਮਹਾਤਮਾ ਗਾਂਧੀ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਦੀਆਂ ਸਮਾਧੀਆਂ ਅੱਗੇ ਬੈਠ ਕੇ ਆਪਣੇ ਦੁਖੜੇ ਰੋਣਗੇ। ਇਹ ਫੈਸਲਾ ਅੱਜ ਇੱਥੋਂ ਦੇ ਫੇਜ਼-4 ਸਥਿਤ ਗੁਰਦੁਆਰਾ ਕਲਗੀਧਰ ਸਾਹਿਬ ਵਿੱਚ ਪੀੜਤ ਪਰਿਵਾਰਾਂ ਦੀ ਉਕਤ ਜਥੇਬੰਦੀ ਦੇ ਬੈਨਰ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ। ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਸ਼ਾਂਤਮਈ ਸੰਘਰਸ਼ ਦੀ ਰੂਪਰੇਖਾ ਵੀ ਤਿਆਰ ਕੀਤੀ ਗਈ।
ਮੀਡੀਆ ਨਾਲ ਗੱਲਬਾਤ ਦੌਰਾਨ ਸੁਖਵਿੰਦਰ ਸਿੰਘ ਭਾਟੀਆ ਨੇ ਦੱਸਿਆ ਕਿ ਮਹਾਤਮਾ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਜਿਨ੍ਹਾਂ ਨੇ 1947 ਦੀ ਵੰਡ ਵੇਲੇ ਸਿੱਖਾਂ ਨੂੰ ਭਰੋਸਾ ਦਿੱਤਾ ਸੀ ਕਿ ਸਿੱਖਾਂ ਨੂੰ ਆਪਣਾ ਵੱਖਰਾ ਦੇਸ਼ ਬਣਾਉਣ ਦੀ ਲੋੜ ਨਹੀਂ ਇਨ੍ਹਾਂ ਨੂੰ ਭਾਰਤ ਵਿੱਚ ਹੀ ਇਨਸਾਫ਼ ਅਤੇ ਇੱਜ਼ਤ ਮਾਣ ਮਿਲੇਗਾ। ਹੁਣ ਪੀੜਤ ਪਰਿਵਾਰ ਉਕਤ ਦੇਸ਼ ਭਗਤਾਂ ਦੀਆਂ ਸਮਾਧੀਆਂ ਅੱਗੇ ਬੈਠ ਕੇ ਸਵਾਲ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਮਸਲੇ ਦਾ ਹੱਲ ਨਹੀਂ ਹੋਇਆ ਤਾਂ ਉਨ੍ਹਾਂ ਦੀ ਜਥੇਬੰਦੀ ਬ੍ਰਿਟੇਨ ਸਰਕਾਰ ਕੋਲ ਵੀ ਮਦਦ ਲਈ ਗੁਹਾਰ ਲਗਾਏਗੀ ਕਿਉਂਕਿ ਉਸ ਵੇਲੇ ਭਾਰਤ ’ਤੇ ਬ੍ਰਿਟੇਨ ਦਾ ਸ਼ਾਸਨ ਸੀ। ਉਨ੍ਹਾਂ ਕਿਹਾ ਕਿ ਜਥੇਬੰਦੀ ਸ਼ਾਂਤਮਈ ਢੰਗ ਨਾਲ ਆਪਣਾ ਪ੍ਰਦਰਸ਼ਨ ਕਰੇਗੀ ਅਤੇ ਮਿਥੇ ਪ੍ਰੋਗਰਾਮ ਅਨੁਸਾਰ ਆਪਣਾ ਪ੍ਰੋਗਰਾਮ ਖ਼ਤਮ ਕਰਕੇ ਵਾਪਸ ਪਰਤੇਗੀ।
ਸ੍ਰੀ ਭਾਟੀਆ ਨੇ ਦੱਸਿਆ ਕਿ ਭਾਰਤ ਵਰਗੇ ਇਨਸਾਫ਼ ਪਸੰਦ ਮੁਲਕ ਵਿੱਚ ਸਿੱਖਾਂ ਨੂੰ ਇਨਸਾਫ਼ ਨਾ ਮਿਲਣਾ ਬਹੁਤ ਹੀ ਮੰਦਭਾਗੀ ਗੱਲ ਹੈ। ਜਿਸ ਦੀ ਜਿੰਨੀ ਨਿੰਦਾ ਕੀਤੀ ਜਾਵੇ, ਥੋੜੀ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਸਰਕਾਰਾਂ ਤੱਕ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕਰੇਗੀ। ਉਨ੍ਹਾਂ ਕਿਹਾ ਕਿ ਸਿੱਖ ਕਤਲੇਆਮ ਪੀੜਤ ਸੁਸਾਇਟੀ ਦੇਸ਼ ਦੇ ਰਾਸ਼ਟਰਪਤੀ ਤੱਕ ਵੀ ਇਸ ਮਾਮਲੇ ਪ੍ਰਤੀ ਇਨਸਾਫ਼ ਦੀ ਮੰਗ ਕਰ ਚੁੱਕੀ ਹੈ ਪ੍ਰੰਤੂ ਇਨਸਾਫ਼ ਨਹੀਂ ਮਿਲਿਆ। ਜਨਰਲ ਸਕੱਤਰ ਬਲਵਿੰਦਰ ਸਿੰਘ ਨੇ ਵੀ ਮੀਟਿੰਗ ਵਿੱਚ ਵਿਚਾਰ ਸਾਂਝੇ ਕਰਦਿਆਂ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…