Share on Facebook Share on Twitter Share on Google+ Share on Pinterest Share on Linkedin ਸੋਹਾਣਾ ਪੁਲੀਸ ਦੇ ਸਤਾਏ ਹੋਏ ਲੋਕ ਬਲਵਿੰਦਰ ਸਿੰਘ ਕੁੰਭੜਾ ਨੂੰ ਮਿਲੇ, ਜਾਂਚ ਅਧਿਕਾਰੀ ਨੇ ਦੋਸ਼ ਨਕਾਰੇ ਐਸਐਚਓ ਸੋਹਾਣਾ ਨੇ ਜੇਕਰ ਕੇਸਾਂ ਨੂੰ ਤੋੜ ਮਰੋੜ ਕੇ ਲੋਕਾਂ ਨਾਲ ਵਧੀਕੀਆਂ ਬੰਦ ਨਾ ਕੀਤੀਆਂ ਤਾਂ ਕਰਾਂਗੇ ਸੰਘਰਸ਼: ਕੁੰਭੜਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਜੁਲਾਈ: ਮੁਹਾਲੀ ਵਿਧਾਨ ਸਭਾ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਲੋਕ ਸੋਹਾਣਾ ਪੁਲੀਸ ਦੀਆਂ ਕਥਿਤ ਵਧੀਕੀਆਂ ਨੂੰ ਲੈ ਕੇ ਅੱਜ ਇੱਥੇ ਪੰਚਾਇਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੂੰ ਮਿਲੇ। ਜਿਨ੍ਹਾਂ ਵਿੱਚ ਪਿੰਡ ਢੇਲਪੁਰ ਦੇ ਸਰਪੰਚ ਸੁਰਿੰਦਰ ਸਿੰਘ, ਪਿੰਡ ਬਠਲਾਣਾ ਦੇ ਸਰਪੰਚ ਧਰਮ ਸਿੰਘ ਅਤੇ ਪਿੰਡ ਪੱਤੋਂ ਨਿਵਾਸੀ ਮੰਗਲ ਸਿੰਘ ਸ਼ਾਮਲ ਸਨ। ਉਕਤ ਪਿੰਡਾਂ ਦੇ ਸਰਪੰਚਾਂ ਨੇ ਬਲਵਿੰਦਰ ਸਿੰਘ ਕੁੰਭੜਾ ਨੂੰ ਦੱਸਿਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਪਾਰਟੀ ਨਾਲ ਸਬੰਧ ਰੱਖਦੇ ਹਨ ਅਤੇ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਅਕਾਲੀ ਪਾਰਟੀ ਨੂੰ ਸਹਿਯੋਗ ਦਿੱਤਾ ਸੀ। ਪ੍ਰੰਤੂ ਹੁਣ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਉਪਰੰਤ ਉਨ੍ਹਾਂ ਨਾਲ ਸਥਾਨਕ ਕਾਂਗਰਸੀ ਆਗੂ ਅਤੇ ਵਰਕਰ ਧੱਕੇਸ਼ਾਹੀਆਂ ਕਰ ਰਹੇ ਹਨ ਅਤੇ ਉਨ੍ਹਾਂ ਉੱਤੇ ਆਨੇ ਬਹਾਨੇ ਬਣਾ ਕੇ ਹਮਲੇ ਕੀਤੇ ਜਾ ਰਹੇ ਹਨ ਅਤੇ ਸੋਹਾਣਾ ਪੁਲੀਸ ਪੀੜਤ ਲੋਕਾਂ ਦੀ ਸੁਣਵਾਈ ਨਾ ਕਰਕੇ ਕੇਸਾਂ ਨੂੰ ਗੁੰਝਲਦਾਰ ਬਣਾ ਕੇ ਹਮਲਾਵਰਾਂ ਦਾ ਸਾਥ ਦੇ ਰਹੀ ਹੈ ਜਦੋਂ ਕਿ ਪੀੜਤ ਲੋਕ ਖੱਜਲ ਖੁਆਰ ਹੋ ਰਹੇ ਹਨ। ਇਸ ਮੌਕੇ ਪਿੰਡ ਬਠਲਾਣਾ ਦੇ ਸਰਪੰਚ ਧਰਮ ਸਿੰਘ ਨੇ ਦੱਸਿਆ ਕਿ ਬੀਤੇ ਦਿਨ 25 ਜੁਲਾਈ ਦੀ ਰਾਤ ਨੂੰ ਦਸ ਵਜੇ ਦੇ ਕਰੀਬ ਪਿੰਡ ਦੇ ਹਰਵਿੰਦਰ ਸਿੰਘ ਆਪਣੇ ਨਾਲ ਹੋਰ ਕਈ ਵਿਅਕਤੀਆਂ ਨੂੰ ਲੈ ਕੇ ਡੰਡਿਆਂ ਸੋਟਿਆਂ ਨਾਲ ਲੈਸ ਹੋ ਕੇ ਉਨ੍ਹਾਂ ਦਾ ਦਰਵਾਜ਼ਾ ਖੜਕਾਉਣ ਲੱਗਾ। ਜਦੋਂ ਉਸ ਦੀ ਪਤਨੀ ਗੁਰਦੇਵ ਕੌਰ ਦਰਵਾਜ਼ਾ ਖੋਲ੍ਹਣ ਗਈ ਤਾਂ ਉਸ ਨੂੰ ਕਹਿਣ ਲੱਗੇ ਕਿ ਤੁਹਾਡੇ ਘਰ ਅਵਾਰਾ ਸਾਂਢ ਬੰਨ੍ਹਣਾ ਹੈ। ਜਦੋਂ ਗੁਰਦੇਵ ਕੌਰ ਨੇ ਕਾਰਨ ਪੁਛਿਆ ਤਾਂ ਹਮਲਾਵਰਾਂ ਨੇ ਉਸ ਨੂੰ ਧੱਕੇ ਮਾਰੇ ਅਤੇ ਜਾਤੀਸੂਚਕ ਸ਼ਬਦ ਵਰਤਦੇ ਹੋਏ ਉਸ ਦੇ ਕੱਪੜੇ ਤੱਕ ਫਾੜ ਦਿੱਤੇ। ਜਦੋਂ ਧਰਮ ਸਿੰਘ ਸਰਪੰਚ ਉਠਿਆ ਤਾਂ ਉਹ ਦੋਵਾਂ ਪਤੀ ਪਤਨੀ ਨੂੰ ਧੱਕਾ ਮੁੱਕੀ ਕਰਕੇ ਗਾਲੀ ਗਲੋਚ ਕਰਦੇ ਹੋਏ ਫਰਾਰ ਹੋ ਗਏ। ਇਸ ਦੀ ਸੂਚਨਾ ਉਸੀ ਰਾਤ ਨੂੰ ਸਾਢੇ ਦਸ ਵਜੇ ਉਨ੍ਹਾਂ ਸੋਹਾਣਾ ਥਾਣੇ ਜਾ ਕੇ ਦਿੱਤੀ ਪ੍ਰੰਤੂ ਪੁਲਿਸ ਹਮਲਾਵਰਾਂ ’ਤੇ ਕਾਰਵਾਈ ਕਰਨ ਦੀ ਬਜਾਇ ਰਾਜ਼ੀਨਾਮੇ ਦੀ ਗੱਲਬਾਤ ਕਰਨ ਲੱਗ ਪਈ। ਸਰਪੰਚ ਧਰਮ ਸਿੰਘ ਨੇ ਦੱਸਿਆ ਕਿ ਹਰਵਿੰਦਰ ਸਿੰਘ ਕਾਂਗਰਸ ਪਾਰਟੀ ਨਾਲ ਸਬੰਧ ਰੱਖਦਾ ਹੈ ਅਤੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਦਾ ਖਾਸ ਬੰਦਾ ਹੈ। ਹਰਵਿੰਦਰ ਸਿੰਘ ਉਸ ਨੂੰ ਵਾਰ ਵਾਰ ਇਸ ਗੱਲ ਲਈ ਪ੍ਰੈਸ਼ਰ ਬਣਾ ਰਿਹਾ ਹੈ ਕਿ ਉਹ ਅਕਾਲੀ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਜੁਆਇਨ ਕਰੇ ਤਾਂ ਜੋ ਉਹ ਪੰਚਾਇਤ ਨੂੰ ਗਰਾਂਟਾਂ ਦਿਵਾ ਕੇ ਆਪਣੇ ਢੰਗ ਨਾਲ ਖਰਚ ਕਰਵਾ ਸਕੇ। ਪਿੰਡ ਢੇਲਪੁਰ ਦੇ ਸਰਪੰਚ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਰਹਿਣ ਵਾਲੇ ਕਾਂਗਰਸੀ ਸਮਰਥਕ ਸ਼ੇਰ ਸਿੰਘ ਨੇ ਆਪਣੇ ਘਰ ਦੇ ਕੋਲ ਨਿਯਮਾਂ ਦੇ ਉਲਟ ਗਲੀ ਪੁੱਟ ਕੇ ਸਰਕਾਰੀ ਪਾਈਪਲਾਈਨ ਤੋਂ ਟੂਟੀ ਦਾ ਕੁਨੈਕਸ਼ਨ ਜੋੜ ਲਿਆ। ਸਰਪੰਚ ਨੇ ਇਸ ਗਲਤ ਕੰਮ ਬਾਰੇ ਵਾਟਰ ਸਪਲਾਈ ਵਿਭਾਗ ਨੂੰ ਵੀ ਸ਼ਿਕਾਇਤ ਦਿੱਤੀ। ਜਦੋਂ ਪੁਲਿਸ ਸਟੇਸ਼ਨ ਸੋਹਾਣਾ ਵਿਖੇ ਵੀ ਆਪਣੀ ਸਰਪੰਚੀ ਦੀ ਜ਼ਿੰਮੇਵਾਰੀ ਸਮਝਦੇ ਹੋਏ ਟੂਟੀ ਬਾਰੇ ਸ਼ਿਕਾਇਤ ਦਿੱਤੀ ਤਾਂ ਪੁਲਿਸ ਉਸ ਦੇ ਖਿਲਾਫ਼ ਕਾਰਵਾਈ ਕਰਨ ਦੀ ਬਜਾਇ ਉਲਟਾ ਸਰਪੰਚ ਸੁਰਿੰਦਰ ਸਿੰਘ ਨੂੰ ਹੀ ਪ੍ਰੈਸ਼ਰ ਬਣਾ ਰਹੀ ਹੈ ਕਿ ਉਹ ਸ਼ੇਰ ਸਿੰਘ ਤੋਂ ਮੁਆਫ਼ੀ ਮੰਗੇ। ਸਰਪੰਚ ਨੇ ਦੱਸਿਆ ਕਿ ਸ਼ੇਰ ਸਿੰਘ ਆਪਣੀ ਵਿਧਾਇਕ ਸਿੱਧੂ ਨਾਲ ਨੇੜਤਾ ਦੱਸਦੇ ਹੋਏ ਪੁਲਿਸ ਸਟੇਸ਼ਨ ਸੋਹਾਣਾ ਵਿਚ ਵੀ ਰਸੂਖ ਰੱਖਦਾ ਹੈ ਅਤੇ ਪੁਲਿਸ ਉਸ ਦੇ ਕਹਿਣ ਮੁਤਾਬਕ ਕੰਮ ਕਰ ਰਹੀ ਹੈ। ਇਸ ਮੌਕੇ ਬਲਵਿੰਦਰ ਸਿੰਘ ਕੁੰਭੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਦੀ ਸ਼ਹਿ ’ਤੇ ਪਿੰਡਾਂ ਦੇ ਪੰਚਾਂ ਸਰਪੰਚਾਂ ਨਾਲ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਚਾਇਤ ਲੋਕਤੰਤਰ ਦੀ ਮੁਢਲੀ ਇਕਾਈ ਹੈ। ਇਸ ਲਈ ਕਿਸੇ ਵੀ ਪੰਚ ਸਰਪੰਚ ਨੂੰ ਕਾਂਗਰਸੀ ਆਗੂਆਂ ਦੀ ਸ਼ਹਿ ’ਤੇ ਪੁਲਿਸ ਥਾਣਿਆਂ ਵਿੱਚ ਜ਼ਲੀਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੋਂ ਅਤੇ ਮਨੱੁਖੀ ਅਧਿਕਾਰ ਕਮਿਸ਼ਨ ਤੋਂ ਮੰਗ ਕੀਤੀ ਕਿ ਵਿਰੋਧੀ ਪਾਰਟੀਆਂ ਨਾਲ ਸਬੰਧ ਰੱਖਣ ਵਾਲੇ ਪੰਚਾਂ ਸਰਪੰਚਾਂ ਨਾਲ ਧੱਕੇਸ਼ਾਹੀ ਕਰਨ ਅਤੇ ਜ਼ਲੀਲ ਕਰਨ ਵਾਲੇ ਐਸ.ਐਚ.ਓ. ਸੋਹਾਣਾ ਰਾਜਨ ਪਰਮਿੰਦਰ ਅਤੇ ਜਾਂਚ ਅਧਿਕਾਰੀ ਬੂਟਾ ਸਿੰਘ ਦੇ ਖਿਲਾਫ਼ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ। ਜੇਕਰ ਐਸ.ਐਚ.ਓ. ਨੇ ਪੰਚਾਂ ਸਰਪੰਚਾਂ ਅਤੇ ਆਮ ਲੋਕਾਂ ਦੇ ਕੇਸਾਂ ਨੂੰ ਤੋੜ ਮਰੋੜ ਕੇ ਧੱਕੇਸ਼ਾਹੀਆਂ ਬੰਦ ਨਾ ਕੀਤੀਆਂ ਤਾਂ ਜਲਦ ਹੀ ਐਸ.ਐਚ.ਓ. ਸੋਹਾਣਾ ਖਿਲਾਫ਼ ਅਤੇ ਹਲਕਾ ਵਿਧਾਇਕ ਬਲਬੀਰ ਸਿੰਘ ਸਿਧੂ ਖਿਲਾਫ਼ ਸੰਘਰਸ਼ ਦਾ ਰਸਤਾ ਅਪਣਾਇਆ ਜਾਵੇਗਾ। ਉਧਰ, ਦੂਜੇ ਪਾਸੇ ਸੰਪਰਕ ਕਰਨ ’ਤੇ ਸੋਹਾਣਾ ਥਾਣਾ ਦੇ ਏਐਸਆਈ ਬੂਟਾ ਸਿੰਘ ਨੇ ਸਾਰੇ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਦੱਸਦਿਆਂ ਕਿਹਾ ਕਿ ਪੁਲੀਸ ਨਿਰਪੱਖ ਜਾਂਚ ਕਰ ਰਹੀ ਹੈ ਅਤੇ ਇਨ੍ਹਾਂ ਕੇਸਾਂ ਬਾਰੇ ਰਿਪੋਰਟ ਤਿਆਰ ਕਰਕੇ ਸੀਨੀਅਰ ਅਧਿਕਾਰੀਆਂ ਨੂੰ ਭੇਜੀ ਜਾ ਰਹੀ ਹੈ। ਸ਼ਿਕਾਇਤ ਕਰਤਾ ਉਨ੍ਹਾਂ ਨੂੰ ਬਦਨਾਮ ਕਰਨ ਲਈ ਝੂਠੇ ਤੇ ਬੇਬੁਨਿਆਦ ਦੋਸ ਲਗਾ ਰਹੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ