ਪੀੜਤ ਲੋਕਾਂ ਨੇ ਐਸਸੀ ਕਮਿਸ਼ਨਾਂ ਦੇ ਹੁਕਮਾਂ ਦੀਆਂ ਕਾਪੀਆਂ ਸਾੜ ਕੇ ਰੋਸ ਮੁਜ਼ਾਹਰਾ ਕੀਤਾ

ਪਿੰਡ ਕੈਲੋਂ ਮਾਮਲੇ ਵਿੱਚ ਹਫ਼ਤੇ ਦਾ ਅਲਟੀਮੇਟਮ, ਐੱਸਐੱਸਪੀ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ

ਪੱਕੇ ਮੋਰਚੇ ਵਾਲੀ ਥਾਂ ’ਤੇ ਮਨਾਇਆ ਡਾ. ਬੀਆਰ ਅੰਬੇਡਕਰ ਦਾ ਜਨਮ ਦਿਹਾੜਾ

ਨਬਜ਼-ਏ-ਪੰਜਾਬ, ਮੁਹਾਲੀ, 14 ਅਪਰੈਲ:
ਐਸਸੀ\ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਜਾਅਲੀ ਜਾਤੀ ਸਰਟੀਫਿਕੇਟਾਂ ਦੀ ਜਾਂਚ ਅਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਮੁਹਾਲੀ ਦੇ ਫੇਜ਼-7 ਦੇ ਲਾਲ ਬੱਤੀ ਪੁਆਇੰਟ ਨੇੜੇ ਚੱਲ ਰਹੇ ਪੱਕੇ ਮੋਰਚੇ ਵਾਲੀ ਥਾਂ ’ਤੇ ਭਾਰਤ ਰਤਨ ਡਾ. ਬੀਆਰ ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ। ਕੇਕ ਕੱਟਿਆ ਅਤੇ ਲੱਡੂ ਵੰਡੇ। ਮੋਰਚੇ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ, ਅਵਤਾਰ ਸਿੰਘ ਨਗਲਾ, ਲਖਵੀਰ ਸਿੰਘ ਬੌਬੀ, ਮਾ. ਬਨਵਾਰੀ ਲਾਲ, ਹਰਚੰਦ ਸਿੰਘ ਜਖਵਾਲੀ, ਸੁਰਿੰਦਰ ਸਿੰਘ ਖੁੱਡਾ ਅਲੀਸ਼ੇਰ, ਸੁਖਦੇਵ ਸਿੰਘ ਚੱਪੜਚਿੜੀ, ਐਸਐਸ ਸੁਮਨ ਅਤੇ ਰਣਜੀਤ ਸਿੰਘ ਖੰਨਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਸਮਾਜ ਦੇ ਲੋਕਾਂ ਨੂੰ ਡਾ. ਅੰਬੇਡਕਰ ਦੇ ਜੀਵਨ ਤੋਂ ਸੇਧ ਲੈ ਕੇ ਅੱਗੇ ਵਧਣ ਦਾ ਸੱਦਾ ਦਿੱਤਾ।
ਇਸ ਉਪਰੰਤ ਵੱਖ-ਵੱਖ ਦਲਿਤ ਸੰਗਠਨਾਂ ਨੇ ਕੌਮੀ ਅਤੇ ਪੰਜਾਬ ਦੇ ਐਸਸੀ ਕਮਿਸ਼ਨਾਂ ਦੇ ਹੁਕਮਾਂ ਦੀਆਂ ਕਾਪੀਆਂ ਸਾੜ ਕੇ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਅਤੇ ਪੱਕੇ ਮੋਰਚੇ ਵਾਲੀ ਥਾਂ ਤੋਂ ਲਾਲ ਬੱਤੀ ਚੌਕ ਤੱਕ ਰੋਸ ਮਾਰਚ ਕੀਤਾ। ਬੁਲਾਰਿਆਂ ਨੇ ਕਿਹਾ ਕਿ ਕੌਮੀ ਅਤੇ ਪੰਜਾਬ ਦੇ ਐਸਸੀ ਕਮਿਸ਼ਨ ਚਿੱਟੇ ਹਾਥੀ ਸਾਬਤ ਹੋ ਰਹੇ ਹਨ। ਕਮਿਸ਼ਨਾਂ ਦੇ ਹੁਕਮਾਂ ਨੂੰ ਨਾ ਤਾਂ ਪੰਜਾਬ ਸਰਕਾਰ ਮੰਨਦੀ ਹੈ ਅਤੇ ਨਾ ਹੀ ਪੁਲੀਸ ਜਾਂ ਹੋਰ ਅਫ਼ਸਰ ਮੰਨਦੇ ਹਨ, ਸਗੋਂ ਕਮਿਸ਼ਨਾਂ ਦੇ ਆਦੇਸ਼ਾਂ ਨੂੰ ਟਿੱਚ ਸਮਝਦੇ ਹਨ। ਜਿਸ ਕਾਰਨ ਪੀੜਤਾਂ ਨੂੰ ਇਨਸਾਫ਼ ਲਈ ਖੱਜਲ-ਖੁਆਰ ਹੋਣਾ ਪੈ ਰਿਹਾ ਹੈ।
ਦਲਿਤ ਆਗੂਆਂ ਨੇ ਕਿਹਾ ਕਿ ਐਸੀ ਕਮਿਸ਼ਨਾਂ ਵੱਲੋਂ ਹੁਣ ਤੱਕ ਕੀਤੇ ਗਏ ਹੁਕਮਾਂ ਉੱਤੇ ਪੁਲੀਸ ਜਾਂ ਸਬੰਧਤ ਵਿਭਾਗਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਇਸ ਮੌਕੇ ਪਿੰਡ ਕੈਲੋਂ ਦੇ ਪੀੜਤ ਪਰਿਵਾਰ ਨੇ ਮੀਡੀਆ ਨੂੰ ਆਪਬੀਤੀ ਦੱਸਦਿਆਂ ਕਿਹਾ ਕਿ ਪੁਲੀਸ ਨੂੰ ਹਫ਼ਤੇ ਦਾ ਅਲਟੀਮੇਟਮ ਦਿੰਦੇ ਹੋਏ ਚਿਤਾਵਨੀ ਦਿੱਤੀ ਕਿ ਜੇਕਰ ਸਾਰੇ ਹਮਲਾਵਰਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਤਾਂ ਉਹ ਦਲਿਤ ਸੰਗਠਨਾਂ ਦੇ ਬੈਨਰ ਹੇਠ ਐੱਸਐੱਸਪੀ ਦਫ਼ਤਰ ਦਾ ਘਿਰਾਓ ਕਰਨਗੇ।

ਇਸ ਮੌਕੇ ਹਰਨੇਕ ਸਿੰਘ ਮਲੋਆ, ਸ਼ਵਿੰਦਰ ਸਿੰਘ ਲੱਖੋਵਾਲ, ਪ੍ਰਵੀਨ ਟਾਂਕ, ਸਰਬਜੀਤ ਰੌਕੀ, ਬਲਜੀਤ ਸਿੰਘ ਕਕਰਾਲੀ, ਸਿਮਰਨਜੀਤ ਸਿੰਘ, ਦਿਲਵਰ ਖਾਨ, ਦਿਲਬਾਗ ਟਾਂਕ ਆਦਿਵਾਸੀ, ਬਾਬੂ ਵੇਦ ਪ੍ਰਕਾਸ਼, ਬਲਵਿੰਦਰ ਸਿੰਘ ਸਰਪੰਚ ਮੱਕੜਿਆਂ, ਗੁਰਨਾਮ ਕੌਰ ਸਾਬਕਾ ਬਲਾਕ ਸਮਿਤੀ ਮੈਂਬਰ, ਪਰਮਜੀਤ ਕੌਰ, ਸਤਵਿੰਦਰ ਕੌਰ ਕੈਲੋਂ, ਬਲਵਿੰਦਰ ਸਿੰਘ ਧੀਮਾਨ, ਅਜੀਤ ਸਿੰਘ ਪ੍ਰਧਾਨ, ਰਿਸ਼ੀਰਾਜ ਮਹਾਰ, ਸੁਰਜੀਤ ਸਿੰਘ ਜਖਵਾਲੀ, ਜੈ ਸਿੰਘ ਬਾੜਾ, ਹਜ਼ਾਰਾ ਸਿੰਘ ਸਾਬਕਾ ਸਰਪੰਚ, ਨੰਬਰਦਾਰ ਬਲਵਿੰਦਰ ਸਿੰਘ, ਬੱਗਾ ਸਿੰਘ ਚੂਹੜਮਾਜਰਾ, ਸੁਖਦੇਵ ਸਿੰਘ ਸਮਗੋਲੀ, ਭੁਪਿੰਦਰ ਸਿੰਘ ਅਤੇ ਹਰਮੀਤ ਸਿੰਘ ਹਾਜ਼ਰ ਸਨ।

Load More Related Articles

Check Also

ਵਿਜੀਲੈਂਸ ਵੱਲੋਂ ਬੀਡੀਪੀਓ ਦਫ਼ਤਰ ਦਾ ਸੁਪਰਡੈਂਟ 60 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਬੀਡੀਪੀਓ ਦਫ਼ਤਰ ਦਾ ਸੁਪਰਡੈਂਟ 60 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ ਨਬਜ਼-ਏ…