ਮੁਹਾਲੀ ਨਗਰ ਨਿਗਮ ਵਿੱਚ ਰਿਸ਼ਵਤਖੋਰੀ ਤੇ ਘਪਲੇਬਾਜੀ ਦੇ ਮੁੱਦੇ ’ਤੇ ਪੀੜਤਾਂ ਵੱਲੋਂ ਰੋਸ ਮੁਜ਼ਾਹਰਾ

ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਤੇ ਕਾਰਕੁਨਾਂ ਨੇ ਨਗਰ ਨਿਗਮ ਦਾ ਦਫ਼ਤਰ ਘੇਰਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਮਈ:
ਅੱਤਿਆਚਾਰ ਅਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਨੇ ਮੁਹਾਲੀ ਨਗਰ ਨਿਗਮ ਵਿੱਚ ਰਿਸ਼ਵਤਖੋਰੀ ਅਤੇ ਘਪਲੇਬਾਜੀ ਦੇ ਮੁੱਦੇ ’ਤੇ ਅੱਜ ਸੰਸਥਾ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਹੇਠ ਪੀੜਤ ਵਿਅਕਤੀਆਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਦਫ਼ਤਰੀ ਸਟਾਫ਼ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੱਚੇ ਮਕਾਨਾਂ ਲਈ ਦਿੱਤੀ ਜਾਣ ਵਾਲੀ ਰਾਸ਼ੀ ਹੁਣ ਤੱਕ ਯੋਗ ਲਾਭਪਾਤਰੀਆਂ ਨੂੰ ਨਹੀਂ ਮਿਲੀ ਹੈ ਜਦੋਂਕਿ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਇਹ ਪੈਸਾ ਉਹ ਵਿਅਕਤੀ ਲੈਣ ਵਿੱਚ ਕਾਮਯਾਬ ਰਹੇ ਹਨ, ਜਿਨ੍ਹਾਂ ਕੋਲ ਬਹੁਮੰਜ਼ਲਾਂ ਪੀਜੀ ਬਣਾ ਕੇ ਕਿਰਾਏ ’ਤੇ ਦਿੱਤੇ ਹੋਏ ਹਨ।
ਬਲਵਿੰਦਰ ਕੁੰਭੜਾ ਨੇ ਕਿਹਾ ਕਿ ਕੱਚੇ ਮਕਾਨਾਂ ਲਈ ਲਾਭਪਾਤਰੀਆਂ ਨੂੰ ਦਿੱਤੀ ਗਰਾਂਟ ਸਬੰਧੀ ਨਗਰ ਨਿਗਮ ਤੋਂ ਸੂਚਨਾ ਅਧਿਕਾਰ ਐਕਟ ਤਹਿਤ ਮੰਗੀ ਗਈ ਸੀ ਲੇਕਿਨ 40 ਦਿਨ ਬੀਤ ਜਾਣ ਦੇ ਬਾਵਜੂਦ ਨਹੀਂ ਦਿੱਤੀ ਜਾਣਕਾਰੀ। ਉਨ੍ਹਾਂ ਕਿਹਾ ਕਿ ਨਿਗਮ ਅਧਿਕਾਰੀ ਖ਼ਾਮੀਆਂ ਛੁਪਾਉਣ ਲਈ ਉਨ੍ਹਾਂ ਨੂੰ ਜਾਣਕਾਰੀ ਨਹੀਂ ਦੇ ਰਹੇ ਹਨ। ਗਰੇਸੀਸ਼ਨ ਹਸਪਤਾਲ ਨੇੜੇ ਚੌਰਾਹੇ ’ਤੇ ਕਈ ਵਿਅਕਤੀ ਸੜਕ ਹਾਦਸਿਆਂ ਵਿੱਚ ਮਾਰੇ ਜਾ ਚੁੱਕੇ ਹਨ ਪ੍ਰੰਤੂ ਹੁਣ ਤੱਕ ਟਰੈਫ਼ਿਕ ਲਾਈਟਾਂ ਨਹੀਂ ਲੱਗੀਆਂ ਅਤੇ ਨਾ ਹੀ ਸਪੀਡ ਬਰੇਕਰ, ਜ਼ੈਬਰਾ ਕਰਾਸਿੰਗ ਬਣਾਏ ਅਤੇ ਬੱਸ ਕਿਊ ਸ਼ੈਲਟਰ ਵੀ ਨਹੀਂ ਬਣਾਇਆ ਗਿਆ।
ਮਨਜੀਤ ਸਿੰਘ ਵਾਸੀ ਕੁੰਭੜਾ ਨੇ ਕਿਹਾ ਕਿ ਉਨ੍ਹਾਂ ਘਰ ਨੇੜੇ ਬਹੁਮੰਜ਼ਲਾ ਪੀਜੀ ਬਣਾਉਣ ਕਾਰਨ ਉਸ ਦੇ ਮਕਾਨ ਵਿੱਚ ਤਰੇੜਾਂ ਪੈ ਗਈਆਂ ਹਨ। ਇਸ ਸਬੰਧੀ ਸਾਲ ਪਹਿਲਾਂ ਦਿੱਤੀ ਸ਼ਿਕਾਇਤ ’ਤੇ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਸਿਰਫ਼ ਨੋਟਿਸ ਕੱਢ ਕੇ ਖਾਨਾਪੂਰਤੀ ਕੀਤੀ ਜਾ ਰਹੀ ਹੈ। ਇੰਜ ਹੀ ਸਾਲ ਪਹਿਲਾਂ ਹੀ ਅਮਨਦੀਪ ਸਿੰਘ, ਰਾਜ ਕੁਮਾਰ, ਪ੍ਰਵੀਨ ਕੁਮਾਰ ਵਾਸੀ ਸੋਹਾਣਾ ਨੇ ਬਹੁਮੰਜ਼ਲਾ ਪੀਜੀ ਬਣਾ ਕੇ ਕਿਰਾਏ ’ਤੇ ਦੇਣ ਅਤੇ ਉਨ੍ਹਾਂ ਦੇ ਮਕਾਨਾਂ ਨੂੰ ਨੁਕਸਾਨ ਪਹੁੰਚਣ ਸਬੰਧੀ ਸ਼ਿਕਾਇਤ ਦਿੱਤੀ ਸੀ ਪਰ ਹੁਣ ਤੱਕ ਸਬੰਧਤ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਕੁੰਭੜਾ ਵਿੱਚ ਕਥਿਤ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੈ। ਇਸ ਸਬੰਧੀ ਵੀ ਕਾਰਵਾਈ ਕਰਨ ਦੀ ਥਾਂ ਨਿਗਮ ਨੇ ਚੁੱਪ ਵੱਟ ਲਈ ਹੈ। ਪੀੜਤਾਂ ਨੇ ਦੱਸਿਆ ਕਿ ਇਸ ਸਬੰਧੀ ਮੁੱਖ ਮੰਤਰੀ, ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ, ਨਗਰ ਨਿਗਮ ਅਤੇ ਡੀਸੀ ਨੂੰ ਮੁੜ ਮੰਗ ਪੱਤਰ ਸੌਂਪ ਕੇ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਬਲਵਿੰਦਰ ਕੁੰਭੜਾ ਅਤੇ ਹੋਰਨਾਂ ਪੀੜਤਾਂ ਨੇ ਸਰਕਾਰ ਨੂੰ 15 ਦਿਨ ਦਾ ਅਲਟੀਮੇਟਮ ਦਿੰਦੇ ਹੋਏ ਚਿਤਾਵਨੀ ਦਿੱਤੀ ਕਿ ਜੇਕਰ ਇਸ ਦੌਰਾਨ ਉਨ੍ਹਾਂ ਦੀਆਂ ਦੀ ਸ਼ਿਕਾਇਤਾਂ ’ਤੇ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਨਗਰ ਨਿਗਮ, ਡੀਸੀ ਦਫ਼ਤਰ ਜਾਂ ਵਿਧਾਇਕ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ।
ਇਸ ਮੌਕੇ ਡਾ. ਅੰਬੇਦਕਰ ਭਲਾਈ ਮੰਚ ਦੇ ਪ੍ਰਧਾਨ ਕਿਰਪਾਲ ਸਿੰਘ ਮੁੰਡੀ ਖਰੜ, ਸਮਾਜ ਭਲਾਈ ਫਰੰਟ ਦੇ ਪ੍ਰਧਾਨ ਸ਼ਵਿੰਦਰ ਸਿੰਘ ਲੱਖੋਵਾਲ, ਅਵਤਾਰ ਸਿੰਘ, ਰਜਿੰਦਰ ਸਿੰਘ, ਦੇਬ ਸਿੰਘ, ਅਮਰ ਸਿੰਘ, ਗੁਰਮੇਲ ਸਿੰਘ ਮਨਜੀਤ ਸਿੰਘ ਅਤੇ ਹੋਰ ਕਾਰਕੁਨ ਮੌਜੂਦ ਸਨ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ ਨੇ ਕਿਹਾ ਕਿ ਇਨ੍ਹਾਂ ’ਚੋਂ ਕੋਈ ਵੀ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਅਤੇ ਨਾ ਹੀ ਹੁਣ ਤੱਕ ਕੋਈ ਪੀੜਤ ਉਨ੍ਹਾਂ ਨੂੰ ਦਫ਼ਤਰ ਆ ਕੇ ਮਿਲਿਆ ਹੈ ਅਤੇ ਨਾ ਹੀ ਕਿਸੇ ਨੇ ਉਨ੍ਹਾਂ ਨੂੰ ਕੋਈ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਉਪਰੋਕਤ ਸਾਰੇ ਮਾਮਲਿਆਂ ਸਬੰਧੀ ਜਾਂਚ ਕਰਵਾਉਣਗੇ ਅਤੇ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।

Load More Related Articles

Check Also

ਨੰਬਰਦਾਰਾਂ ਦੀਆਂ ਹੱਕੀ ਮੰਗਾਂ ਤੇ ਸਮੱਸਿਆਵਾਂ ਦੇ ਹੱਲ ਲਈ ਯੋਗ ਪੈਰਵੀ ਕਰਨ ਦਾ ਮਤਾ ਪਾਸ

ਨੰਬਰਦਾਰਾਂ ਦੀਆਂ ਹੱਕੀ ਮੰਗਾਂ ਤੇ ਸਮੱਸਿਆਵਾਂ ਦੇ ਹੱਲ ਲਈ ਯੋਗ ਪੈਰਵੀ ਕਰਨ ਦਾ ਮਤਾ ਪਾਸ ਭਗਤ ਆਸਾ ਰਾਮ ਜੀ ਦ…