ਪੀੜਤ ਲੋਕਾਂ ਵੱਲੋਂ ਡੀਐਸਪੀ ਦਫ਼ਤਰ ਦੇ ਬਾਹਰ ਨਾਅਰੇਬਾਜ਼ੀ, ਪੁਲੀਸ ਨੂੰ ਦਿੱਤਾ 15 ਦਿਨ ਦਾ ਅਲਟੀਮੇਟਮ

ਥਾਣਿਆਂ ਵਿੱਚ ਇਨਸਾਫ਼ ਲਈ ਖੱਜਲ-ਖੁਆਰ ਹੋ ਰਹੇ ਲੋਕਾਂ ਨੇ ਮੁੱਖ ਮੰਤਰੀ ਤੇ ਡੀਜੀਪੀ ਨੂੰ ਲਗਾਈ ਗੁਹਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਕਤੂਬਰ:
ਸਰਕਾਰੀ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਪੁਲੀਸ ਥਾਣਿਆਂ ਵਿੱਚ ਖੱਜਲ-ਖੁਆਰ ਹੋ ਰਹੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬ ਦੇ ਨਵੇਂ ਮੁੱਖ ਮੰਤਰੀ ਅਤੇ ਡੀਜੀਪੀ ਨੂੰ ਨਿੱਜੀ ਦਖ਼ਲ ਦੇਣ ਦੀ ਗੁਹਾਰ ਲਗਾਈ ਹੈ। ਉਨ੍ਹਾਂ ਕਿਹਾ ਕਿ ਕਈ ਮਾਮਲੇ ਪਿਛਲੇ ਚਾਰ ਸਾਲਾਂ ਤੋਂ ਲਮਕ ਰਹੇ ਹਨ ਲੇਕਿਨ ਹੁਣ ਪੜਤਾਲਾਂ ਕਿਸੇ ਕੰਢੇ ਨਹੀਂ ਲੱਗੀਆਂ ਹਨ। ਹਾਲਾਂਕਿ ਮੁਹਾਲੀ ਵਿੱਚ ਤਾਇਨਾਤ ਰਹੇ ਐਸਐਸਪੀ ਵੱਲੋਂ ਸਮੇਂ ਸਮੇਂ ਸਿਰ ਪੀੜਤ ਵਿਅਕਤੀਆਂ ਦੀਆਂ ਦਰਖ਼ਾਸਤਾਂ ਡੀਐਸਪੀ ਅਤੇ ਸਬੰਧਤ ਐਸਐਚਓਜ਼ ਨੂੰ ਮਾਰਕ ਕਰਕੇ ਜਾਂਚ ਲਈ ਭੇਜੀਆਂ ਗਈਆਂ ਸਨ ਪਰ ਪੀੜਤ ਵਿਅਕਤੀ ਜਾਂਚ ਅਧਿਕਾਰੀਆਂ ਅਤੇ ਥਾਣਿਆਂ ਦੇ ਚੱਕਰ ਕੱਟ ਕੇ ਥੱਕ ਚੁੱਕੇ ਹਨ। ਅੱਜ ਇਨ੍ਹਾਂ ਪੀੜਤ ਲੋਕਾਂ ਨੇ ਡੀਐਸਪੀ ਦਫ਼ਤਰ ਦੇ ਬਾਹਰ ਰੋਸ ਵਿਖਾਵਾ ਕਰਦਿਆਂ ਨਾਅਰੇਬਾਜ਼ੀ ਕੀਤੀ।
ਸ੍ਰੀ ਕੁੰਭੜਾ ਨੇ ਮੁਹਾਲੀ ਪੁਲੀਸ ਨੂੰ 15 ਦਿਨ ਦਾ ਅਲਟੀਮੇਟਮ ਦਿੰਦੇ ਹੋਏ 22 ਅਕਤੂਬਰ ਨੂੰ ਡੀਐਸਪੀ (ਸਿਟੀ-2) ਦੇ ਦਫ਼ਤਰ ਦਾ ਘਿਰਾਓ ਕਰਨ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਪੀੜਤ ਵਿਅਕਤੀ ਅਨੁਸੂਚਿਤ ਜਾਤੀ ਨਾਲ ਸਬੰਧਤ ਹਨ। ਜਿਸ ਕਾਰਨ ਪੁਲੀਸ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ 4 ਐਸਐਸਪੀ ਬਦਲ ਚੁੱਕੇ ਹਨ ਪਰ ਪਰਨਾਲਾ ਉੱਥੇ ਦਾ ਉੱਥੇ ਹੈ। ਉਨ੍ਹਾਂ ਕਿਹਾ ਕਿ ਕਈ ਕੇਸ ਅਜਿਹੇ ਵੀ ਹਨ, ਜਿਨ੍ਹਾਂ ਵਿੱਚ ਪੁਲੀਸ ਅਫ਼ਸਰਾਂ ਨੇ ਰਿਸ਼ਵਤ ਵੀ ਵਸੂਲੀ ਜਾ ਚੁੱਕੀ ਹੈ ਪਰ ਫਿਰ ਵੀ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲਿਆ।
ਬਲਵਿੰਦਰ ਕੁੰਭੜਾ ਨੇ ਆਪਣਾ ਮੋਬਾਈਲ ਨੰਬਰ 9316116455 ਅਤੇ ਲਖਵੀਰ ਸਿੰਘ ਵਡਾਲਾ 7973899927 ਅਤੇ ਬਲਵਿੰਦਰ ਸਿੰਘ ਮਾਣਕਪੁਰ ਕੱਲਰ ਦਾ ਮੋਬਾਈਲ ਨੰਬਰ 9915441353 ਜਾਰੀ ਕਰਕੇ ਥਾਣਿਆਂ ਵਿੱਚ ਇਨਸਾਫ਼ ਲਈ ਖੱਜਲ-ਖੁਆਰ ਹੋ ਰਹੇ ਪੀੜਤ ਲੋਕਾਂ ਨੂੰ ਉਨ੍ਹਾਂ ਨਾਲ ਤਾਲਮੇਲ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਪੁਲੀਸ ਵਧੀਕੀਆਂ ਖ਼ਿਲਾਫ਼ ਸਾਂਝੀ ਲੜਾਈ ਲੜੀ ਜਾ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਬੇਟੇ ਦੇ ਵਿਆਹ ਸਮਾਗਮ ਤੋਂ ਬਾਅਦ ਪੀੜਤ ਵਿਅਕਤੀਆਂ ਦਾ ਵਫ਼ਦ ਚਰਨਜੀਤ ਚੰਨੀ ਅਤੇ ਡੀਜੀਪੀ ਸਹੋਤਾ ਨੂੰ ਮਿਲੇਗਾ ਅਤੇ ਜ਼ਿੰਮੇਵਾਰ ਪੁਲੀਸ ਅਫ਼ਸਰਾਂ ਖ਼ਿਲਾਫ਼ ਬਣਦੀ ਵਿਭਾਗੀ ਕਾਰਵਾਈ ਦੀ ਮੰਗ ਕੀਤੀ ਜਾਵੇਗੀ। ਜੇਕਰ ਫਿਰ ਵੀ ਇਨਸਾਫ਼ ਨਹੀਂ ਮਿਲਿਆ ਤਾਂ ਲੜੀਵਾਰ ਧਰਨਾ ਸ਼ੁਰੂ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In Awareness/Campaigns

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…