ਇਨਸਾਫ਼ ਲਈ ਥਾਣਿਆਂ ਵਿੱਚ ਖੱਜਲ-ਖੁਆਰ ਹੋ ਰਹੇ ਪੀੜਤ ਲੋਕਾਂ ਵੱਲੋਂ ਡੀਐਸਪੀ ਦਫ਼ਤਰ ਦੇ ਬਾਹਰ ਧਰਨਾ

ਪੁਲੀਸ ਕੇਸਾਂ ਦੇ ਨਿਪਟਾਰੇ ਕਰਕੇ ਪੀੜਤ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਵਿੱਢਿਆ ਜਾਵੇਗਾ: ਬਲਵਿੰਦਰ ਕੁੰਭੜਾ

ਡੀਐਸਪੀ ਵੱਲੋਂ ਮੁੱਖ ਮੰਤਰੀ ਤੇ ਡੀਜੀਪੀ ਦੇ ਨਾਂਅ ਲਿਖਿਆ ਮੰਗ ਨਾ ਲੈਣ ਕਾਰਨ ਗੁੱਸੇ ’ਚ ਆਏ ਲੋਕਾਂ ਨੇ ਮੰਗ ਪੱਤਰ ਸਾੜਿਆ

ਅਨੁਸੂਚਿਤ ਤੇ ਅਨੁਸੂਚਿਤ ਜਨਜਾਤੀ ਜਾਤੀਆਂ ਨਾਲ ਸਬੰਧਤ ਲੋਕਾਂ ਨੇ ਮੁੱਖ ਮੰਤਰੀ ਤੇ ਡੀਜੀਪੀ ਨੂੰ ਲਗਾਈ ਇਨਸਾਫ਼ ਦੀ ਗੁਹਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਕਤੂਬਰ:
ਸਰਕਾਰੀ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਵੱਲੋਂ ਅੱਜ ਇੱਥੇ ਸੈਕਟਰ-79 ਸਥਿਤ ਡੀਐਸਪੀ (ਸਿਟੀ-2) ਦੇ ਦਫ਼ਤਰ ਬਾਹਰ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ ਗਈ। ਧਰਨੇ ਦੀ ਅਗਵਾਈ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕੀਤੀ। ਉਨ੍ਹਾਂ ਵੱਖ-ਵੱਖ 8 ਕੇਸਾਂ ਦਾ ਵੇਰਵਾ ਦਿੰਦੇ ਹੋਏ ਦੋਸ਼ ਲਾਇਆ ਕਿ ਅਨੁਸੂਚਿਤ ਅਤੇ ਅਨੁਸੂਚਿਤ ਜਨਜਾਤੀ ਦੇ ਲੋਕ ਪਿਛਲੇ ਕਈ ਸਾਲਾਂ ਤੋਂ ਵੱਖ-ਵੱਖ ਪੁਲੀਸ ਥਾਣਿਆਂ ਵਿੱਚ ਇਨਸਾਫ਼ ਲਈ ਖੱਜਲ-ਖੁਆਰ ਹੋ ਰਹੇ ਹਨ। ਹਾਲਾਂਕਿ ਇਸ ਸਬੰਧੀ ਪੀੜਤ ਪਰਿਵਾਰਾਂ ਵੱਲੋਂ ਪਹਿਲਾਂ ਵੀ ਕਈ ਵਾਰ ਧਰਨੇ ਦਿੱਤੇ ਜਾ ਚੁੱਕੇ ਹਨ ਅਤੇ ਉੱਚ ਅਧਿਕਾਰੀਆਂ ਨੂੰ ਅਣਗਿਣਤ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ ਪ੍ਰੰਤੂ ਤਫ਼ਤੀਸ਼ੀ ਅਫ਼ਸਰ ਜਾਂਚ ਪ੍ਰਕਿਰਿਆ ਨੂੰ ਕਿਸੇ ਕੰਢੇ ਲਗਾਉਣ ਦੀ ਬਜਾਏ ਉਲਟਾ ਪੀੜਤ ਲੋਕਾਂ ਨੂੰ ਥਾਣਿਆਂ ਵਿੱਚ ਬਿਠਾ ਕੇ ਜ਼ਲੀਲ ਕੀਤਾ ਜਾਂਦਾ ਹੈ।
ਸ੍ਰੀ ਕੁੰਭੜਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਨਿੱਜੀ ਦਖ਼ਲ ਦੇ ਕੇ ਗਰੀਬ ਲੋਕਾਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਜਾਂਚ ਨੂੰ ਲਮਕਾ ਕੇ ਰੱਖਣ ਵਾਲੇ ਪੁਲੀਸ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕਰਕੇ ਉਨ੍ਹਾਂ ਖ਼ਿਲਾਫ਼ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਹੁਣ ਵੀ ਪੀੜਤ ਲੋਕਾਂ ਨੂੰ ਇਨਸਾਫ਼ ਨਹੀਂ ਮਿਲਿਆ ਤਾਂ ਸਰਕਾਰ ਅਤੇ ਪੁਲੀਸ ਖ਼ਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਯੂਥ ਵਿੰਗ ਦੇ ਬੁਲਾਰੇ ਜਗਤਾਰ ਸਿੰਘ ਘੜੂੰਆਂ ਨੇ ਧਰਨੇ ਵਿੱਚ ਸ਼ਮੂਲੀਅਤ ਕਰਕੇ ਗਰੀਬ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਯੋਗ ਪੈਰਵੀ ਕਰਨ ਦਾ ਭਰੋਸਾ ਦਿੱਤਾ। ਉਧਰ, ਜਦੋਂ ਡੀਐਸਪੀ ਨੇ ਮੁੱਖ ਮੰਤਰੀ ਅਤੇ ਡੀਜੀਪੀ ਦੇ ਨਾਂਅ ਲਿਖਿਆ ਮੰਗ ਪੱਤਰ ਨਾ ਫੜਿਆ ਤਾਂ ਗੁੱਸੇ ਵਿੱਚ ਆਏ ਲੋਕਾਂ ਨੇ ਮੰਗ ਪੱਤਰ ਸਾੜ ਕੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਬਲਵਿੰਦਰ ਸਿੰਘ ਮਾਣਕਪੁਰ ਕੱਲਰ, ਅਵਤਾਰ ਸਿੰਘ ਮੱਕੜਿਆਂ, ਪਾਲਾ ਰਾਮ ਸੁਰਲਕਲਾਂ, ਲਖਮੀਰ ਸਿੰਘ ਬਡਾਲਾ, ਓਮ ਪ੍ਰਕਾਸ਼ ਮੱਕੜਿਆਂ, ਅਜਾਇਬ ਸਿੰਘ ਪੰਚ, ਤਰਸੇਮ ਸਿੰਘ ਮਟੌਰ, ਸੁਰਿੰਦਰ ਸਿੰਘ ਸਾਬਕਾ ਸਰਪੰਚ, ਗੁਰਨਾਮ ਕੌਰ ਕੁੰਭੜਾ ਸਾਬਕਾ ਬਲਾਕ ਸਮਿਤੀ ਮੈਂਬਰ, ਪਰਮਜੀਤ ਕੌਰ, ਮਨਜੀਤ ਕੌਰ, ਕਰਮਜੀਤ ਕੌਰ, ਰੁਪਿੰਦਰ ਕੌਰ ਸਾਬਕਾ ਬਲਾਕ ਸਮਿਤੀ ਮੈਂਬਰ ਧੜਾਕ, ਕਮਲਪ੍ਰੀਤ ਸਿੰਘ, ਗੁਰਿੰਦਰ ਸਿੰਘ ਵੀ ਹਾਜ਼ਰ ਸਨ।

ਇਸ ਸਬੰਧੀ ਡੀਐਸਪੀ (ਸਿਟੀ-2) ਸੁਖਜੀਤ ਸਿੰਘ ਵਿਰਕ ਨਾਲ ਲਗਾਤਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਇਸ ਮਗਰੋਂ ਡੀਐਸਪੀ ਨੂੰ ਪੁਲੀਸ ਦਾ ਪੱਖ ਜਾਣਨ ਲਈ ਟੈਕਸ ਮੈਸੇਜ ਅਤੇ ਵਸਟਐਪ ’ਤੇ ਸੁਨੇਹਾ ਲਾਇਆ ਗਿਆ ਪ੍ਰੰਤੂ ਉਨ੍ਹਾਂ ਗੱਲ ਨਹੀਂ ਕੀਤੀ।

Load More Related Articles
Load More By Nabaz-e-Punjab
Load More In Awareness/Campaigns

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…