
ਪੀੜਤ ਅੌਰਤਾਂ ਦੀ ਮਦਦ ਲਈ ਸਰਕਾਰੀ ਹਸਪਤਾਲ ਫੇਜ਼-6 ਵਿੱਚ ‘ਸਖੀ’ ਵਨ ਸਟਾਪ ਸੈਂਟਰ ਸਥਾਪਿਤ
‘ਸਖੀ’ ਵਨ ਸਟਾਪ ਸੈਂਟਰ ਵਿੱਚ ਹਿੰਸਾ ਪੀੜਤ ਅੌਰਤਾਂ ਨੂੰ ਮਿਲੇਗੀ ਮੁਫ਼ਤ ਡਾਕਟਰੀ ਤੇ ਕਾਨੂੰਨੀ ਸਹਾਇਤਾ
ਸੈਂਟਰ ਵਿੱਚ ਹਿੰਸਾ ਪੀੜਤ ਅੌਰਤਾਂ ਆਰਜ਼ੀ ਤੌਰ ’ਤੇ ਆਪਣੇ ਬੱਚਿਆਂ ਸਮੇਤ ਆਸਰਾ ਵੀ ਲੈ ਸਕਣਗੀਆਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਜਨਵਰੀ:
ਪੰਜਾਬ ਸਰਕਾਰ ਵੱਲੋਂ ਘਰੇਲੂ ਹਿੰਸਾ ਅਤੇ ਹੋਰ ਵੱਖ ਵੱਖ ਕਿਸਮ ਦੇ ਅੱਤਿਆਚਾਰਾਂ ਅਤੇ ਵਧੀਕੀਆਂ ਦੀ ਸ਼ਿਕਾਰ ਪੀੜਤ ਅੌਰਤਾਂ ਨੂੰ ਫੌਰੀ ਇਮਦਾਦ ਪ੍ਰਦਾਨ ਕਰਨ ਲਈ ਸਾਰੇ ਜ਼ਿਲ੍ਹਿਆਂ ਵਿੱਚ ਵਿਸ਼ੇਸ਼ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ। ਅਜਿਹਾ ਹੀ ਇੱਕ ਕੇਂਦਰ ‘ਸਖੀ’ ਵਨ ਸਟਾਪ ਸੈਂਟਰ ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਵਿੱਚ ਸਥਾਪਿਤ ਕੀਤਾ ਗਿਆ ਹੈ। ਜਿਸਦਾ ਉਦਘਾਟਨ ਕੈਬਨਿਟ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਕੀਤਾ। ਉਨ੍ਹਾਂ ਕਿਹਾ ਕਿ ਪੀੜਤ ਅੌਰਤਾਂ ਨੂੰ ਸਰਕਾਰੀ ਮਦਦ ਅਤੇ ਸੁਣਵਾਈ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਪੰਜਾਬ ਭਰ ਵਿੱਚ ਜ਼ਿਲ੍ਹਾ ਪੱਧਰ ’ਤੇ ਅਜਿਹੇ ਸੈਂਟਰ ਸਥਾਪਿਤ ਜਾ ਰਹੇ ਹਨ, ਜੋ 24 ਘੰਟੇ ਖੁੱਲ੍ਹੇ ਰਹਿਣਗੇ।
ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਇਨ੍ਹਾਂ ਸੈਂਟਰਾਂ ਵਿੱਚ ਮਹਿਲਾ ਸਿਪਾਹੀ ਵੀ ਤਾਇਨਾਤ ਹੋਵੇਗੀ ਅਤੇ ਪੀੜਤ ਅੌਰਤਾਂ ਨੂੰ ਐਮਰਜੈਂਸੀ ਡਾਕਟਰੀ ਸਹਾਇਤਾ, ਪੁਲੀਸ ਦੀ ਮਦਦ ਅਤੇ ਜੇਕਰ ਦੋਸ਼ ਗੰਭੀਰ ਹਨ ਤਾਂ ਉਸ ਦੀ ਸ਼ਿਕਾਇਤ ’ਤੇ ਫੌਰੀ ਤੌਰ ’ਤੇ ਕੇਸ ਦਰਜ ਕਰਨ ਦੀ ਸੁਵਿਧਾ ਹੋਵੇਗੀ। ਇਸ ਤੋਂ ਇਲਾਵਾ ਪੀੜਤ ਅੌਰਤ ਨੂੰ ਆਪਣੇ ਕੇਸ ਨੂੰ ਅੱਗੇ ਵਧਾਉਣ ਲਈ ਕਾਨੂੰਨੀ ਸਹਾਇਤਾ ਦੇ ਨਾਲ-ਨਾਲ ਕੌਂਸਲਿੰਗ ਵੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹਿੰਸਾ ਦੀ ਸ਼ਿਕਾਰ ਅੌਰਤ ਆਰਜ਼ੀ ਤੌਰ ’ਤੇ ਆਪਣੇ ਬੱਚਿਆਂ ਸਮੇਤ ‘ਸਖੀ ਵਨ ਸਟਾਪ ਸੈਂਟਰ’ ਵਿੱਚ ਆਸਰਾ ਵੀ ਲੈ ਸਕਦੀ ਹੈ।
ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਅੌਰਤਾਂ ਦੀ ਭਲਾਈ ਲਈ ਕਈ ਸਕੀਮਾਂ ਅਤੇ ਪ੍ਰੋਗਰਾਮ ਚਲਾ ਰਹੀ ਹੈ। ਜਿੱਥੇ ਐਸਿਡ ਹਮਲੇ ਦੀ ਸ਼ਿਕਾਰ ਪੀੜਤ ਅੌਰਤ ਨੂੰ ਸਰਕਾਰ ਵੱਲੋਂ 8 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਸਰਕਾਰੀ ਮਦਦ ਦਿੱਤੀ ਜਾਂਦੀ ਹੈ। ਹੁਣ ਇਨ੍ਹਾਂ ਸੈਂਟਰਾਂ ਰਾਹੀਂ ਕਿਸੇ ਵੀ ਕਿਸਮ ਦੀ ਹਿੰਸਾ ਪੀੜਤ ਅੌਰਤ ਨੂੰ ਫੌਰੀ ਤੌਰ ’ਤੇ ਸਰਕਾਰੀ ਮਦਦ ਅਤੇ ਡਾਕਟਰੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ, ਐਸਐਸਪੀ ਕੁਲਦੀਪ ਸਿੰਘ ਚਾਹਲ, ਏਡੀਸੀ (ਜਨਰਲ) ਚਰਨਦੇਵ ਸਿੰਘ ਮਾਨ, ਐਸਡੀਐਮ ਜਗਦੀਪ ਸਹਿਗਲ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਜਸਬੀਰ ਸਿੰਘ, ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਸਮੇਤ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।