
ਇਨਸਾਫ਼ ਲਈ ਥਾਣਿਆਂ ਵਿੱਚ ਖੱਜਲ-ਖੁਆਰ ਹੋ ਰਹੇ ਪੀੜਤ ਲੋਕ ਐਸਐਸਪੀ ਨੂੰ ਮਿਲੇ
ਪੁਰਾਣੇ ਪੁਲੀਸ ਕੇਸਾਂ ਦਾ ਨਿਪਟਾਰਾ ਕਰਕੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਵਿੱਢਿਆ ਜਾਵੇਗਾ: ਕੁੰਭੜਾ
ਅਨੁਸੂਚਿਤ ਜਾਤੀ ਤੇ ਜਨਜਾਤੀ ਨਾਲ ਸਬੰਧਤ ਲੋਕਾਂ ਨੇ ਮੁੱਖ ਮੰਤਰੀ ਤੇ ਡੀਜੀਪੀ ਤੋਂ ਨਿੱਜੀ ਦਖ਼ਲ ਦੇਣ ਦੀ ਮੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਪਰੈਲ:
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲੋਕਾਂ ਨੂੰ ਇਨਸਾਫ਼ ਮਿਲਣ ਦੀ ਆਸ ਬੱਝੀ ਸੀ ਲੇਕਿਨ ਅੱਜ ਵੀ ਬਹੁਤ ਸਾਰੇ ਲੋਕ ਇਨਸਾਫ਼ ਲਈ ਥਾਣਿਆਂ ਵਿੱਚ ਖੱਜਲ-ਖੁਆਰ ਹੋ ਰਹੇ ਹਨ। ਸਰਕਾਰੀ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਅੱਜ ਪੀੜਤ ਲੋਕਾਂ ਨੂੰ ਨਾਲ ਲੈ ਕੇ ਮੁਹਾਲੀ ਦੇ ਐਸਐਸਪੀ ਵਿਵੇਕ ਸ਼ੀਲ ਸੋਨੀ ਨਾਲ ਮੁਲਾਕਾਤ ਕੀਤੀ ਅਤੇ ਲਿਖਤੀ ਸ਼ਿਕਾਇਤ ਦੇ ਕੇ ਇਨਸਾਫ਼ ਦੀ ਗੁਹਾਰ ਲਾਈ। ਪੀੜਤਾਂ ਨੇ ਸੂਬੇ ਦੇ ਮੁੱਖ ਮੰਤਰੀ ਅਤੇ ਡੀਜੀਪੀ ਤੋਂ ਵੀ ਨਿੱਜੀ ਦਖ਼ਲ ਦੇਣ ਦੀ ਮੰਗ ਕੀਤੀ ਹੈ।
ਐਸਐਸਪੀ ਦਫ਼ਤਰ ਬਾਹਰ ਮੀਡੀਆ ਨਾਲ ਗੱਲਬਾਤ ਦੌਰਾਨ ਬਲਵਿੰਦਰ ਸਿੰਘ ਕੁੰਭੜਾ ਅਤੇ ਸੁਖਦੇਵ ਸਿੰਘ ਚੱਪੜਚਿੜੀ ਨੇ ਵੱਖ-ਵੱਖ ਪੁਰਾਣੇ ਕੇਸਾਂ ਦਾ ਵੇਰਵਾ ਦਿੰਦੇ ਹੋਏ ਦੋਸ਼ ਲਾਇਆ ਕਿ ਅਨੁਸੂਚਿਤ ਅਤੇ ਅਨੁਸੂਚਿਤ ਜਨਜਾਤੀ ਦੇ ਲੋਕ ਪਿਛਲੇ ਕਈ ਸਾਲਾਂ ਤੋਂ ਪੁਲੀਸ ਥਾਣਿਆਂ ਵਿੱਚ ਇਨਸਾਫ਼ ਲਈ ਖੱਜਲ-ਖੁਆਰ ਹੋ ਰਹੇ ਹਨ। ਹਾਲਾਂਕਿ ਇਸ ਸਬੰਧੀ ਪੀੜਤ ਪਰਿਵਾਰਾਂ ਵੱਲੋਂ ਪਹਿਲਾਂ ਵੀ ਕਈ ਵਾਰ ਧਰਨੇ ਦਿੱਤੇ ਜਾ ਚੁੱਕੇ ਹਨ ਅਤੇ ਉੱਚ ਅਧਿਕਾਰੀਆਂ ਨੂੰ ਅਣਗਿਣਤ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ ਪ੍ਰੰਤੂ ਤਫ਼ਤੀਸ਼ੀ ਅਫ਼ਸਰਾਂ ਵੱਲੋਂ ਜਾਂਚ ਪ੍ਰਕਿਰਿਆ ਨੂੰ ਕਿਸੇ ਕੰਢੇ ਲਗਾਉਣ ਦੀ ਥਾਂ ਪੀੜਤਾਂ ਨੂੰ ਜ਼ਲੀਲ ਕੀਤਾ ਜਾਂਦਾ ਹੈ।
ਉਨ੍ਹਾਂ ਮੰਗ ਕੀਤੀ ਕਿ ਜਾਂਚ ਨੂੰ ਲਮਕਾ ਕੇ ਰੱਖਣ ਵਾਲੇ ਤਫ਼ਤੀਸ਼ੀ ਅਫ਼ਸਰਾਂ ਦੀ ਜ਼ਿੰਮੇਵਾਰੀ ਤੈਅ ਕਰਕੇ ਉਨ੍ਹਾਂ ਖ਼ਿਲਾਫ਼ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਹੁਣ ਵੀ ਪੀੜਤ ਲੋਕਾਂ ਨੂੰ ਇਨਸਾਫ਼ ਨਹੀਂ ਮਿਲਿਆ ਤਾਂ ਸਰਕਾਰ ਅਤੇ ਪੁਲੀਸ ਖ਼ਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ। ਪੀੜਤ ਲੋਕਾਂ ਨੇ ਦੱਸਿਆ ਕਿ ਨਵੇਂ ਐਸਐਸਪੀ ਨੇ ਬੜੇ ਧਿਆਨ ਨਾਲ ਉਨ੍ਹਾਂ ਦੀ ਗੱਲ ਸੁਣੀ ਅਤੇ ਇਨਸਾਫ਼ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਬਲਵਿੰਦਰ ਸਿੰਘ ਮਾਣਕਪੁਰ ਕੱਲਰ, ਅਵਤਾਰ ਸਿੰਘ ਮੱਕੜਿਆਂ, ਸਾਬਕਾ ਸਰਪੰਚ ਗੁਰਮੇਲ ਸਿੰਘ, ਗੁਰਚਰਨ ਸਿੰਘ ਮਾਣਕਮਾਜਰਾ, ਕਮਲਪ੍ਰੀਤ ਸਿੰਘ ਕੁੰਭੜਾ ਵੀ ਹਾਜ਼ਰ ਸਨ।