
ਵਿਜੀਲੈਂਸ ਨੇ ਬਿਨਾਂ ਬਿੱਲਾਂ ਤੋਂ ਸਕਰੈਪ ਨਾਲ ਲੱਦੇ ਵਾਹਨਾਂ ਸਮੇਤ 5 ਟਰੱਕ ਡਰਾਈਵਰਾਂ ਨੂੰ ਕੀਤਾ ਗ੍ਰਿਫ਼ਤਾਰ
ਏਜੰਟਾਂ ਰਾਹੀਂ ਬਚਾਉਂਦੇ ਸਨ ਜੀਐਸਟੀ ਤੇ ਸਰਕਾਰੀ ਖਜਾਨੇ ਨੂੰ ਲਾਉਂਦੇ ਸੀ ਵੱਡਾ ਚੂਨਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਨਵੰਬਰ:
ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸਕਰੈਪ ਨਾਲ ਲੱਦੇ ਵਾਹਨਾਂ ਸਣੇ ਪੰਜ ਟਰੱਕ ਡਰਾਈਵਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਵੱਖ-ਵੱਖ ਏਜੰਟਾਂ ਅਤੇ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਜੀਐਸਟੀ ਬਚਾ ਕੇ ਸਰਕਾਰੀ ਖਜਾਨੇ ਨੂੰ ਭਾਰੀ ਖੋਰਾ ਲਗਾ ਰਹੇ ਸਨ। ਇਸ ਸਬੰਧੀ ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਥਾਣਾ ਮੁਹਾਲੀ ਵਿਖੇ ਦੀ ਧਾਰਾ 420, 465, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਵਿਜੀਲੈਂਸ ਅਨੁਸਾਰ ਗ੍ਰਿਫ਼ਤਾਰ ਕੀਤੇ ਟਰੱਕ ਡਰਾਈਵਰਾਂ ਦੀ ਪਛਾਣ ਗੌਰਵ ਕੁਮਾਰ, ਰਾਮ ਕੁਮਾਰ, ਅਸ਼ੋਕ ਕੁਮਾਰ, ਜਸਵੰਤ ਸਿੰਘ ਅਤੇ ਜੋਗਿੰਦਰ ਸਿੰਘ ਵਜੋਂ ਹੋਈ ਹੈ ਜੋ ਕਿ ਪੰਜਾਬ ਅਤੇ ਹਰਿਆਣਾ ਨਾਲ ਸਬੰਧਤ ਹਨ।
ਇਹ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਏਜੰਟਾਂ ਦੇ ਲੋਹੇ ਦੇ ਸਕਰੈਪ ਨਾਲ ਲੱਦੇ ਵਾਹਨ, ਜੋ ਕਿ ਵੱਖ-ਵੱਖ ਸੂਬਿਆਂ ਤੋਂ ਬਿਨਾਂ ਬਿੱਲਾਂ, ਘੱਟ ਬਿੱਲਾਂ ਅਤੇ ਫਰਜ਼ੀ ਬਿੱਲਾਂ ਨਾਲ ਮੰਡੀ ਗੋਬਿੰਦਗੜ੍ਹ ਅਤੇ ਖੰਨਾ ਇਲਾਕੇ ਦੀਆਂ ਭੱਠੀਆਂ ਵਿੱਚ ਖਪਤ ਲਈ ਲਿਆਂਦੇ ਜਾਂਦੇ ਸਨ। ਉਨ੍ਹਾਂ ਦੱਸਿਆ ਕਿ ਸਰਕਾਰੀ ਖਜਾਨੇ ਨੂੰ ਭਾਰੀ ਨੁਕਸਾਨ ਪਹੁੰਚਾਉਣ ਵਾਲਿਆਂ ਦਾ ਇਹ ਗੱਠਜੋੜ ਵਿਜੀਲੈਂਸ ਬਿਉਰੋ ਦੇ ਆਰਥਿਕ ਅਪਰਾਧਾਂ ਵਿੰਗ ਨੇ ਤੋੜਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਇਨ੍ਹਾਂ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਲੈਣ ਉਪਰੰਤ ਅਜਿਹੇ ਹੋਰ ਸ਼ਾਤਰ ਏਜੰਟਾਂ ਦਾ ਪਤਾ ਲਗਾਉਣ ਅਤੇ ਸਰਕਾਰੀ ਖਜਾਨੇ ਦੀ ਭਾਰੀ ਨੁਕਸਾਨ ਲਈ ਜ਼ਿੰਮੇਵਾਰ ਵਿਅਕਤੀ, ਲੋਹੇ ਦਾ ਸਕਰੈਪ ਦੀ ਸਮੱਗਰੀ ਰੱਖਣ ਅਤੇ ਸਬੰਧਤ ਭੱਠੀਆਂ ਸਬੰਧੀ ਪੁਖ਼ਤਾ ਜਾਣਕਾਰੀ ਜੁਟਾਈ ਜਾਵੇਗੀ। ਵਿਜੀਲੈਂਸ ਦੇ ਦੱਸਣ ਅਨੁਸਾਰ ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਟੈਕਸ ਚੋਰੀ ਕਰਨ ਸਬੰਧੀ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਵਿਜੀਲੈਂਸ ਦੀ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ।