nabaz-e-punjab.com

ਵਿਜੀਲੈਂਸ ਵੱਲੋਂ ਨਿਗਮ ਅਧਿਕਾਰੀ ਤੋਂ 5 ਲੱਖ ਦੀ ਜਬਰੀ ਵਸੂਲੀ ਕਰਨ ਵਾਲਾ ਪ੍ਰਾਈਵੇਟ ਵਿਅਕਤੀ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਜਨਵਰੀ:
ਪੰਜਾਬ ਵਿਜੀਲੈਂਸ ਬਿਊਰੋ ਦੇ ਉਡਣ ਦਸਤਾ-1 (ਮੁਹਾਲੀ) ਦੀ ਟੀਮ ਨੇ ਨਗਰ ਨਿਗਮ ਪਟਿਆਲਾ ਦੇ ਮਿਉਂਸਪਲ ਇੰਜੀਨੀਅਰ ਬਲਦੇਵ ਰਾਜ ਵਰਮਾ ਕੋਲੋਂ 5 ਲੱਖ ਰੁਪਏ ਜਬਰੀ ਵਸੂਲੀ ਕਰਨ ਦੇ ਮਾਮਲੇ ਵਿੱਚ ਅੱਜ ਇੱਕ ਪ੍ਰਾਈਵੇਟ ਵਿਅਕਤੀ ਲਾਲ ਚੰਦ ਬਾਂਸਲ ਵਾਸੀ ਗੁੱਗਾ ਮਾੜੀ ਕਲੋਨੀ ਖਰੜ (ਮੁਹਾਲੀ) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੇ ਖ਼ਿਲਾਫ਼ ਵਿਜੀਲੈਂਸ ਬਿਊਰੋ ਉਡਣ ਦਸਤਾ-1 ਦੇ ਮੁਹਾਲੀ ਥਾਣੇ ਵਿੱਚ ਧਾਰਾ 419, 420, 384 ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਵਿਅਕਤੀ, ਸਰਕਾਰੀ ਅਫ਼ਸਰਾਂ ਨੂੰ ਉਨ੍ਹਾਂ ਦੀ ਵਿਜੀਲੈਂਸ ਨੂੰ ਸ਼ਿਕਾਇਤਾਂ ਦੇਣ ਅਤੇ ਆਰਟੀਆਈ ਤਹਿਤ ਬੇਫਜੂਲ ਜਾਣਕਾਰੀਆਂ ਮੰਗਣ ਦੀ ਆੜ ਵਿੱਚ ਕਥਿਤ ਤੌਰ ’ਤੇ ਬਲੈਕਮੇਲ ਕਰਦਾ ਆ ਰਿਹਾ ਸੀ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਅਧਿਕਾਰੀ ਨੇ ਜਾਂਚ ਏਜੰਸੀ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਮੁਲਜ਼ਮ ਲਾਲ ਚੰਦ ਬਾਂਸਲ ਉਸ ਨੂੰ ਵਿਜੀਲੈਂਸ ਦਫ਼ਤਰ ਵਿੱਚ ਝੂਠੀ ਸ਼ਿਕਾਇਤ ਕਰਨ ਦੀ ਧਮਕੀ ਦੇ ਕੇ ਬਲੈਕਮੇਲ ਕਰ ਰਿਹਾ ਹੈ ਅਤੇ ਸ਼ਿਕਾਇਤ ਵਾਪਸ ਲੈਣ ਬਦਲੇ ਉਸ (ਨਿਗਮ ਅਧਿਕਾਰੀ) ਕੋਲੋਂ 2 ਕਰੋੜ ਰੁਪਏ ਮੰਗ ਕਰ ਰਿਹਾ ਹੈ। ਜਿਸ ’ਚੋਂ 50 ਲੱਖ ਰੁਪਏ ਨਗਦ ਅਤੇ 1.50 ਕਰੋੜ ਰੁਪਏ ਦੀ ਜਾਇਦਾਦ ਦੇਣ ਲਈ ਦਬਾਅ ਪਾਇਆ ਜਾ ਰਿਹਾ ਹੈ। ਸ਼ਿਕਾਇਤਕਰਤਾ ਅਧਿਕਾਰੀ ਨੇ ਦੁਖੀ ਹੋ ਕੇ ਇਸ ਸਬੰਧੀ ਸਾਰੀ ਗੱਲਬਾਤ ਰਿਕਾਰਡ ਕੀਤੀ ਗਈ ਕਿਉਂਕਿ ਉਹ ਜਬਰੀ ਵਸੂਲੀ ਦੀ ਰਕਮ ਨਹੀਂ ਦੇਣਾ ਚਾਹੁੰਦਾ ਸੀ ਪਰ ਉਸ ਨੇ ਮੁਲਜ਼ਮ ਨੂੰ ਟੋਕਨ ਮਨੀ ਵਜੋਂ 5 ਲੱਖ ਰੁਪਏ ਦੇਣ ਦਾ ਝੂਠਾ ਵਾਅਦਾ ਕੀਤਾ ਗਿਆ।
ਅਧਿਕਾਰੀ ਨੇ ਇਹ ਵੀ ਦੋਸ਼ ਲਾਇਆ ਹੈ ਕਿ ਇਸ ਤੋਂ ਪਹਿਲਾਂ ਮੁਲਜ਼ਮ ਲਾਲ ਚੰਦ ਬਾਂਸਲ ਨੇ ਉਸ ਖ਼ਿਲਾਫ਼ ਸਾਲ 2015 ਅਤੇ 2017 ਵਿੱਚ ਵੀ ਦੋ ਝੂਠੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਸਨ ਪਰ ਵਿਜੀਲੈਂਸ ਬਿਊਰੋ ਨੇ ਮੁੱਢਲੀ ਪੜਤਾਲ ਮਗਰੋਂ ਦੋਵੇਂ ਸ਼ਿਕਾਇਤਾਂ ਦਫ਼ਤਰ ਦਾਖ਼ਲ ਕਰ ਦਿੱਤੀਆਂ ਸਨ। ਵਿਜੀਲੈਂਸ ਅਨੁਸਾਰ ਅਧਿਕਾਰੀ ਦੀ ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਵਿਜੀਲੈਂਸ ਦੀ ਟੀਮ ਨੇ ਜਾਲ ਵਿਛਾ ਕੇ ਮੁਲਜ਼ਮ ਲਾਲ ਚੰਦ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 5 ਲੱਖ ਰੁਪਏ ਲੈਂਦਿਆਂ ਟੀਡੀਆਈ ਕਲੋਨੀ ਮੁਹਾਲੀ ਨੇੜਿਓਂ ਗ੍ਰਿਫ਼ਤਾਰ ਕਰ ਲਿਆ।
ਮੁਲਜ਼ਮ ਦੀ ਗ੍ਰਿਫ਼ਤਾਰੀ ਉਪਰੰਤ ਵਿਜੀਲੈਂਸ ਨੇ ਉਸਦੇ ਘਰ ਦੀ ਤਲਾਸ਼ੀ ਲਈ ਗਈ ਅਤੇ ਕਰੀਬ 70 ਫਾਈਲਾਂ, ਵੱਖ-ਵੱਖ ਦਸਤਾਵੇਜ਼ ਅਤੇ ਨੋਟ ਗਿਣਤੀ ਕਰਨ ਵਾਲੀ ਮਸ਼ੀਨ ਤੋਂ ਇਲਾਵਾ ਇੱਕ ਲੈਪਟਾਪ ਬਰਾਮਦ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਸਰਕਾਰੀ ਅਧਿਕਾਰੀਆਂ ਖ਼ਿਲਾਫ਼ ਦਰਜ ਸ਼ਿਕਾਇਤਾਂ ਸਬੰਧੀ ਡਿਜੀਟਲ ਫਾਈਲਾਂ ਹਨ। ਪੁਲੀਸ ਵੱਲੋਂ ਪਹਿਲਾਂ ਵੀ ਉਸ ਵਿਰੁੱਧ ਧੋਖਾਧੜੀ ਦੇ ਦੋ ਵੱਖ-ਵੱਖ ਪਰਚੇ ਦਰਜ ਕੀਤੇ ਗਏ ਸਨ। ਵਿਜੀਲੈਂਸ ਦੀ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਸਰਕਾਰੀ ਮੁਲਾਜ਼ਮਾਂ ਵਿਰੁੱਧ ਆਰਟੀਆਈ ਅਤੇ ਸ਼ਿਕਾਇਤਾਂ ਦਰਜ ਕਰਵਾਉਂਦਾ ਰਹਿੰਦਾ ਸੀ ਅਤੇ ਬਾਅਦ ਵਿੱਚ ਉਹ ਸਬੰਧਤ ਅਧਿਕਾਰੀਆਂ ਵਿਰੁੱਧ ਕੋਈ ਜਾਂਚ/ਸ਼ਿਕਾਇਤ ਨਾ ਕਰਵਾਉਣ ਬਾਰੇ ਘੋਸ਼ਣਾ ਪੱਤਰ ਦੇ ਕੇ ਅਜਿਹੀਆਂ ਝੂਠੀਆਂ ਦਰਖਾਸਤਾਂ/ਸ਼ਿਕਾਇਤਾਂ ਵਾਪਸ ਲੈ ਲੈਂਦਾ ਸੀ। ਇਸ ਤੋਂ ਪਹਿਲਾਂ ਵੀ ਉਕਤ ਮੁਲਜ਼ਮ ਨੇ ਨਗਰ ਕੌਂਸਲ ਖਰੜ ਵਿੱਚ ਘੋਸ਼ਣਾ-ਪੱਤਰ ਦਿੱਤਾ ਸੀ ਕਿ ਉਹ ਸ਼ਿਕਾਇਤਕਰਤਾ ਨਿਗਮ ਅਧਿਕਾਰੀ ਬਲਦੇਵ ਰਾਜ ਵਰਮਾ ਖ਼ਿਲਾਫ਼ ਆਰਟੀਆਈ ਤਹਿਤ ਕੋਈ ਜਾਣਕਾਰੀ ਨਹੀਂ ਚਾਹੁੰਦਾ ਹੈ। ਉਸ ਸਮੇਂ ਉਕਤ ਅਧਿਕਾਰੀ ਖਰੜ ਨਗਰ ਕੌਂਸਲ ਦੇ ਦਫ਼ਤਰ ਵਿੱਚ ਤਾਇਨਾਤ ਸੀ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…