ਆਰਸੀਸੀ ਬੈਂਚ ਘੁਟਾਲਾ: ਵਿਜੀਲੈਂਸ ਵੱਲੋਂ ਮਿੱਤਲ ਟਰੇਡਰਜ਼ ਕੰਪਨੀ ਦੇ ਮਾਲਕ ਪਿਊ ਪੁੱਤ ਗ੍ਰਿਫ਼ਤਾਰ

ਸਰਪੰਚ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਸਰਕਾਰ ਨੂੰ 82 ਲੱਖ ਦਾ ਚੂਨਾ ਲਗਾਉਣ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਪਰੈਲ:
ਪੰਜਾਬੀ ਵਿਜੀਲੈਂਸ ਬਿਊਰੋ ਨੇ ਆਰਸੀਸੀ ਬੈਂਚ ਖਰੀਦ ਘੁਟਾਲੇ ਦੇ ਮਾਮਲੇ ਵਿੱਚ ਮਿੱਤਲ ਟਰੇਡਰਜ਼ ਸੰਗਰੂਰ ਦੇ ਮਾਲਕ ਸੁਰਿੰਦਰਪਾਲ ਮਿੱਤਲ ਅਤੇ ਉਸ ਦੇ ਸਪੁੱਤਰ ਵਿਨੀਤ ਮਿੱਤਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਮੁਹਾਲੀ ਵਿਜੀਲੈਂਸ ਦੇ ਐਸਐਸਪੀ ਸ੍ਰ. ਪਰਮਜੀਤ ਸਿੰਘ ਵਿਰਕ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਮਿੱਤਲ ਪਿਊ ਪੁੱਤ ਨੂੰ ਸ਼ੁੱਕਰਵਾਰ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ।
ਵਿਜੀਲੈਂਸ ਦੀ ਜਾਣਕਾਰੀ ਅਨੁਸਾਰ ਗਰਾਮ ਪੰਚਾਇਤ ਝਿਊਰਹੇੜੀ ਦੇ ਸਰਪੰਚ ਗੁਰਪਾਲ ਸਿੰਘ, ਗਰਾਮ ਸੇਵਕ ਰਵਿੰਦਰ ਸਿੰਘ ਅਤੇ ਉਸ ਸਮੇਂ ਦੇ ਬੀਡੀਪੀਓ ਜਤਿੰਦਰ ਸਿੰਘ ਢਿੱਲੋਂ ਵੱਲੋਂ ਮਿੱਤਲ ਟਰੇਡਜ ਨਾਭਾ ਗੇਟ ਸੰਗਰੂਰ ਨਾਮ ਦੀ ਫਰਮ ਪਾਸੋਂ ਆਰ ਬੈਂਚ ਖਰੀਦ ਕਰਨ ਸਬੰਧੀ 41ਲੱਖ-41ਲੱਖ ਰੁਪਏ ਦੇ 2 ਬੈਂਕ ਚੈਕ ਗਰਾਮ ਪੰਚਾਇਤ ਝਿਊਰਹੇੜੀ ਦੇ ਬੈਂਕ ਖਾਤੇ ਵਿੱਚੋਂ ਜਾਰੀ ਕੀਤੇ ਗਏ। ਇਹ ਉਕਤ 82 ਲੱਖ ਰੁਪਏ ਦੀ ਰਕਮ ਮਿੱਤਲ ਟਰੇਡਜ਼ ਫਰਮ ਵੱਲੋਂ ਆਪਣੇ ਬੈਂਕ ਅਕਾਊਂਟ ਵਿੱਚ ਮਿਤੀ 3-1-2017 ਨੂੰ ਡਰਾਅ ਕਰਵਾਈ ਗਈ ਸੀ। ਲੇਕਿਨ ਇਸ ਦੇ ਇਵਜ਼ ਵਿੱਚ ਆਰ ਬੈਂਚਾਂ ਦੀ ਸਪਲਾਈ ਨਹੀ ਕੀਤੀ ਗਈ ਅਤੇ ਇਹ ਸਾਰੀ ਰਕਮ ਇਸ ਫਰਮ ਵੱਲੋਂ ਗੁਰਪਾਲ ਸਿੰਘ ਸਰਪੰਚ, ਗਰਾਮ ਸੇਵਕ ਰਵਿੰਦਰ ਸਿੰਘ ਅਤੇ ਬੀਡੀਪੀਓ ਜਤਿੰਦਰ ਸਿੰਘ ਢਿੱਲੋਂ ਨਾਲ ਮਿਲੀਭੁਗਤ ਕਰਕੇ ਹੜ੍ਹਪ ਕਰ ਲਈ ਗਈ।
ਪ੍ਰਾਪਤ ਜਾਣਕਾਰੀ ਮੁਤਾਬਿਕ ਮਿੱਤਲ ਟਰੇਡਜ ਵੱਲੋਂ ਇਨ੍ਹਾਂ ਆਰ ਦੀ ਖਰੀਦ ਸਬੰਧੀ ਬਿੱਲ ਨੰਬਰ 6606 ਮਿਤੀ 24-6-2017, ਮੁਬਲਿਗ 41 ਲੱਖ ਰੁਪਏ ਅਤੇ ਬਿੱਲ ਨੰਬਰ 6610 ਮਿਤੀ 25-6-2017 ਮੁਬਲਿਗ 41 ਲੱਖ ਰੁਪਏ ਗਰਾਮ ਪੰਚਾਇਤ ਝਿਊਰਹੇੜੀ ਦੇ ਨਾਮ ਤੇ ਜਾਰੀ ਕੀਤੇ ਗਏ ਸਨ, ਜਿਸ ਮੁਤਾਬਕ 1237+1237 ਕੁੱਲ 2474 ਆਰ ਬੈਂਚ ਸਪਲਾਈ ਕੀਤੇ ਜਾਣੇ ਸਨ। ਇਨ੍ਹਾਂ ਬੈਂਚਾਂ ਦੀ ਖਰੀਦ ਕਰਨ ਸਬੰਧੀ ਮਿੱਤਲ ਟਰੇਡਜ ਤੋਂ ਇਲਾਵਾ ਦੋ ਹੋਰ ਫਰਮਾਂ ਟੀ ਸੰਗਰੂਰ ਅਤੇ ਕੁਆਲਿਟੀ ਸਪੋਰਟਸ ਐਂਡ ਸਟੇਸ਼ਨਰੀ ਸਟੋਰਜ਼ ਸੰਗਰੂਰ ਪਾਸੋਂ ਕੁਟੇਸ਼ਨਾ ਮਿਤੀ 20-1-2017 ਨੂੰ ਹਾਸਲ ਕੀਤੀਆਂ ਜਾਣੀਆਂ ਵਿਖਾਈਆਂ ਗਈਆਂ ਹਨ। ਇਹ ਤਿੰਨੋ ਫਰਮਾਂ ਵਾਲੇ ਆਪਸ ਵਿੱਚ ਨਜ਼ਦੀਕੀ ਰਿਸ਼ਤੇਦਾਰ ਹਨ। ਉਕਤ 82 ਲੱਖ ਰੁਪਏ ਦੀ ਰਕਮ ਬੈਂਕ ਸਟੇਟਮੈਂਟ ਮੁਤਾਬਕ ਮਿੱਤਲ ਟਰੇਡਜ ਫਰਮ ਦੇ ਖਾਤੇ ਵਿੱਚ ਮਿਤੀ 03-01-2017 ਨੂੰ ਡਰਾਅ ਹੋਣੀ ਪਾਈ ਗਈ, ਜਦੋਂ ਕਿ ਆਰ ਬੈਂਚਾਂ ਦੀ ਖਰੀਦ ਸਬੰਧੀ ਕੁਟੇਸ਼ਨਾਂ ਮਿਤੀ 20-01-2017 ਨੂੰ ਹਾਸਲ ਕੀਤੀਆਂ ਜਾਣੀਆਂ ਵਿਖਾਈਆਂ ਗਈਆਂ ਹਨ ਅਤੇ ਕੈਸ਼ ਬੁੱਕ ਵਿੱਚ ਇਸ ਫਰਮ ਨੂੰ ਰਕਮ ਜਾਰੀ ਕਰਨ ਦੀ ਮਿਤੀ 20-01-2017 ਵਿਖਾਈ ਗਈ ਹੈ।
ਵਿਜੀਲੈਂਸ ਦੀ ਤਫਤੀਸ਼ ਤੋਂ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਮਿੱਤਲ ਟਰੇਡਜ਼ ਸੰਗਰੂਰ ਪਾਸ ਅਜਿਹੇ ਆਰ ਬੈੱਚ ਤਿਆਰ ਕਰਨ ਬਾਰੇ ਕੋਈ ਆਪਣਾ ਯੂਨਿਟ/ਫੈਕਟਰੀ ਨਹੀਂ ਹੈ। ਅਜਿਹੇ ਆਰ ਬੈਂਚ ਖਰੜ ਦੇ ਏਰੀਆ ਦੇ ਆਸ/ਪਾਸ ਕਈ ਜਗ੍ਹਾ ਤੇ ਤਿਆਰ ਹੁੰਦੇ ਹਨ, ਲੇਕਿਨ ਫਰਮ ਨਾਲ ਮਿਲੀਭੁਗਤ ਹੋਣ ਕਰਕੇ ਇਹ ਆਰ ਬੈਂਚ ਸੰਗਰੂਰ ਤੋਂ ਖਰੀਦਣ ਦਾ ਫੈਸਲਾ ਕੀਤਾ ਗਿਆ ਅਤੇ ਕੁਟੇਸ਼ਨਾਂ ਵੀ ਸੰਗਰੂਰ ਤੋਂ ਹਾਸਲ ਕੀਤੀਆਂ ਗਈਆ। ਇਨ੍ਹਾਂ ਆਰ ਬੈਂਚਾਂ ਦੀ ਖਰੀਦ ਟੈਂਡਰ ਪ੍ਰਕਿਰਿਆ ਰਾਹੀਂ ਕਰਨ ਦੀ ਬਜਾਏ ਕੁਟੇਸ਼ਨਾਂ ਦੇ ਅਧਾਰ ਤੇ ਕੀਤੀ ਗਈ ਹੈ। ਇਨ੍ਹਾਂ ਬੈਂਚਾਂ ਦੀ ਖਰੀਦ ਕਰਨ ਤੋਂ ਪਹਿਲਾਂ, ਬੈਂਚਾਂ ਦੀ ਕੁਆਲਿਟੀ ਸਬੰਧੀ ਕੋਈ ਸਪੈਸੀਫਿਕੇਸ਼ਨ ਨਿਰਧਾਰਤ ਨਹੀ ਕੀਤੀ ਗਈ ਅਤੇ ਨਾ ਹੀ ਹਾਸਲ ਕੀਤੀਆਂ ਗਈਆਂ ਕੁਟੈਸ਼ਨਾ ਵਿੱਚ ਅਜਿਹੀ ਕੋਈ ਸਪੈਸੀਫਿਕੇਸ਼ਨ ਦਰਜ ਹੈ।
ਮਹਿਕਮਾ ਪੇਂਡੂ ਵਿਕਾਸ ਤੇ ਪੰਚਾਇਤ ਦੇ ਤਹਿਸੁਦਾ ਨਿਯਮਾਂ ਮੁਤਾਬਕ ਅਜਿਹੀ ਅਦਾਇਗੀ ਕਰਨ ਤੋਂ ਪਹਿਲਾਂ ਪ੍ਰਬੰਧਕੀ ਪ੍ਰਵਾਨਗੀ ਲੈਣੀ ਜਰੂਰੀ ਸੀ। ਜੇਕਰ ਅਜਿਹੇ ਆਰ ਬੈਂਚ ਪੰਚਾਇਤ ਸੰਮਤੀ ਖਰੜ ਵੱਲੋਂ ਪਿੰਡਾਂ ਲਈ ਖਰੀਦ ਕੀਤੇ ਜਾਣੇ ਸਨ ਤਾਂ ਉਸ ਵੱਲੋਂ ਅਜਿਹੀ ਖਰੀਦ ਤੋਂ ਪਹਿਲਾਂ ਬਲਾਕ ਦੇ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਪਾਸੋਂ ਬੈਂਚਾਂ ਦੀ ਜਰੂਰਤ ਸਬੰਧੀ ਗਰਾਮ ਪੰਚਾਇਤਾਂ ਤੋਂ ਮਤੇ ਪਾਸ ਕਰਵਾ ਕੇ ਡੀਮਾਂਡ ਹਾਸਲ ਕਰਨੀ ਬਣਦੀ ਸੀ ਅਤੇ ਉਸ ਉਪਰੰਤ ਟੈਂਡਰ ਲਗਾ ਕੇ ਖਰੀਦ ਕਰਨੀ ਬਣਦੀ ਸੀ ਅਤੇ ਖਰੀਦ ਕਰਨ ਤੋਂ ਬਾਅਦ ਬੈਂਚਾਂ ਦੀ ਗਿਣਤੀ ਸਬੰਧੀ ਇੰਦਰਾਜ ਸਟਾਕ ਰਜਿਸਟਰ ਵਿੱਚ ਕਰਨਾ ਬਣਦਾ ਸੀ ਅਤੇ ਸਟਾਕ ਰਜਿਸਟਰ ਵਿੱਚ ਹੀ ਵੱਖ/ਵੱਖ ਪੰਚਾਇਤਾਂ ਨੂੰ ਬੈਂਚ ਜਾਰੀ ਕਰਨੇ ਬਣਦੇ ਸੀ। ਗਰਾਮ ਪੰਚਾਇਤਾਂ ਨੂੰ ਬੈਂਚ ਪ੍ਰਾਪਤ ਹੋਣ ਉਪਰੰਤ ਪੰਚਾਇਤਾਂ ਦੇ ਸਟਾਕ ਰਜਿਸਟਰ ਵਿੱਚ ਵੀ ਇਸ ਦਾ ਇੰਦਰਾਜ ਕਰਨਾ ਬਣਦਾ ਸੀ, ਲੇਕਿਨ ਅਜਿਹਾ ਨਹੀਂ ਕੀਤਾ ਗਿਆ। ਜਤਿੰਦਰ ਸਿੰਘ ਢਿੱਲੋਂ ਬੀ.ਡੀ.ਪੀ.ਓ ਖਰੜ ਹੁਣ ਮੁਅੱਤਲ ਅਤੇ ਗੁਰਪਾਲ ਸਿੰਘ ਸਰਪੰਚ ਪਿੰਡ ਝਿਊਰਹੇੜੀ, ਗਰਾਮ ਸੇਵਕ ਰਵਿੰਦਰ ਸਿੰਘ ਵੱਲੋਂ ਆਪਣੇ ਆਹੁਦਿਆਂ ਦਾ ਨਜਾਇਜ਼ ਫਾਇਦਾ ਉਠਾ ਕੇ ਅਤੇ ਆਪਣੀਆਂ ਕਾਨੂੰਨੀ ਸ਼ਕਤੀਆਂ ਦਾ ਗਲਤ ਫਾਇਦਾ ਉਠਾ ਕੇ ਮਿੱਤਲ ਟਰੇਡਜ਼, ਨਾਭਾ ਗੇਟ, ਸੰਗਰੂਰ ਫਰਮ ਦੇ ਮਾਲਕਾਂ ਨਾਲ ਮਿਲੀ ਭੁਗਤ ਕਰਕੇ ਰਿਸ਼ਵਤ ਹਾਸਲ ਕਰਕੇ ਆਪਣੇ ਆਪ ਨੂੰ ਨਿੱਜੀ ਫਾਇਦਾ ਪਹੁੰਚਾਉਣ ਲਈ ਸਰਕਾਰ ਨੂੰ 82 ਲੱਖ ਰੁਪਏ ਦਾ ਵਿੱਤੀ ਨੁਕਸਾਨ ਪੰਹੁਚਾਇਆ ਹੈ।
ਇਸ ਸਬੰਧੀ ਤੱਥ ਸਾਹਮਣੇ ਆਉਣ ਤੇ ਮਿੱਤਲ ਟ੍ਰੇਡਰਜ਼ ਫਰਮ ਦੇ ਮਾਲਕਾਂ ਸੁਰਿੰਦਰਪਾਲ ਮਿੱਤਲ, ਵੀਨੀਤ ਮਿੱਤਲ ਅਤੇ ਜੀਤਪਾਲ ਮਿੱਤਲ ਨੂੰ ਮੁੱਕਦਮਾ ਨੰਬਰ 2 ਮਿਤੀ 20-02-2018 ਅ/ਧ 409,420,465,467,471,120ਬੀ ਆਈਪੀਸੀ ਅਤੇ 13 (1) (ਡੀ) 13 (2),88 ਪੀਸੀ ਐਕਟ ਥਾਣਾ ਵਿਜੀਲੈਸ ਬਿਊਰੋ ਫਸ-1 ਪੰਜਾਬ ਐਟ ਮੁਹਾਲੀ ਵਿੱਚ ਨਾਮਜ਼ਦ ਕਰਨ ਤੋਂ ਬਾਅਦ ਵਿਜੀਲੈਂਸ ਬਿਊਰੋ ਵਲੋਂ ਇਨ੍ਹਾਂ ਦੋਸ਼ੀਆਂ ਦੀ ਭਾਲ ਵਿੱਚ ਵੱਖ ਵੱਖ ਥਾਵਾਂ ਤੇ ਛਾਪਾਮਾਰੀ ਕੀਤੀ ਗਈ ਅਤੇ ਇਸ ਛਾਪਾਮਾਰੀ ਦੌਰਾਨ ਅੱਜ ਮਿੱਤਲ ਟ੍ਰੇਡਰਜ਼ ਫਰਮ ਸੰਗਰੂਰ ਦੇ ਮਾਲਕ ਸੁਰਿੰਦਰਪਾਲ ਮਿੱਤਲ ਅਤੇ ਉਸ ਦੇ ਲੜਕੇ ਵਿਨੀਤ ਮਿੱਤਲ ਨੂੰ ਵਿਜੀਲੈਂਸ ਬਿਊਰੋ ਮੁਹਾਲੀ ਦੀ ਟੀਮ ਜਿਸ ਦੀ ਅਗਵਾਈ ਸੀਨੀਅਰ ਇੰਸਪੈਕਟਰ ਸਤਵੰਤ ਸਿੰਘ ਸਿੱਧੂ ਵੱਲੋਂ ਕੀਤੀ ਗਈ ਹੈ। ਵੱਲੋਂ ਸੰਗਰੂਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਿਨ੍ਹਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁੱਛਗਿੱਛ ਦੌਰਾਨ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਇਹ ਦੱਸਣਯੋਗ ਹੈ ਕਿ ਇਸ ਕੇਸ ਵਿੱਚ ਦੋ ਬੀਡੀਪੀਓ ਮਾਲਵਿੰਦਰ ਸਿੰਘ, ਜਤਿੰਦਰ ਸਿੰਘ ਢਿੱਲੋਂ, ਗਰਾਮ ਸੇਵਕ ਰਵਿੰਦਰ ਸਿੰਘ ਅਤੇ ਉਸ ਸਮੇਂ ਦੇ ਡੀਡੀਪੀਓ ਹੁਣ ਏਡੀਸੀ ਗੁਰਵਿੰਦਰ ਸਿੰਘ ਸਰਾਓ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।

Load More Related Articles
Load More By Nabaz-e-Punjab
Load More In General News

Check Also

ਬੀਬੀ ਭਾਨੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ

ਬੀਬੀ ਭਾਨੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 27 ਫਰਵਰੀ: ਇੱਥੋਂ…