
ਵਿਜੀਲੈਂਸ ਵੱਲੋਂ ਤਕਨੀਕੀ ਸਹਾਇਕ ਤੇ ਏਐਸਆਈ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 3 ਜੁਲਾਈ:
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਅੱਜ ਦੋ ਵੱਖ-ਵੱਖ ਕੇਸਾਂ ਵਿੱਚ ਜਨਰਲ ਮੈਨੇਜਰ ਕਮ-ਮਾਈਨਿੰਗ ਅਫਸਰ ਲੁਧਿਆਣਾ ਵਿਖੇ ਤਾਇਨਾਤ ਜੂਨੀਅਰ ਤਕਨੀਕੀ ਸਹਾਇਕ (ਜੇ.ਟੀ.ਏ) ਕੁਲਦੀਪ ਸਿੰਘ ਅਤੇ ਡਵੀਜਨ ਨੰਬਰ 5 ਦੇ ਥਾਣਾ, ਲੁਧਿਆਣਾ ਵਿਖੇ ਤਾਇਨਾਤ ਏ.ਐਸ.ਆਈ ਰਜਿੰਦਰ ਕੁਮਾਰ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਕੁਲਦੀਪ ਸਿੰਘ ਨੂੰ ਮਹਿੰਦਰ ਸਿੰਘ, ਵਾਸੀ ਪਿੰਡ ਪਵਾਤ, ਜਿਲਾ ਲੁਧਿਆਣਾ ਦੀ ਸ਼ਿਕਾਇਤ ਉੱਤੇ ਵਿਜੀਲੈਂਸ ਬਿਓਰੇ ਵਲੋਂ 25 ਹਜਾਰ ਰੁਪਏ ਰਿਸ਼ਵਤ ਲੈਦਿਆਂ ਰੰਗੇ ਹੱਥੀ ਦਬੋਚ ਲਿਆ ਗਿਆ। ਬੁਲਾਰੇ ਨੇ ਦੱਸਿਆ ਉਕਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦਸਿਆ ਕਿ ਉਸ ਦਾ ਪੱਥਰ ਦਾ ਭਰਿਆ ਟਿੱਪਰ ਛੱਡਣ ਬਦਲੇ ਉਕਤ ਜੇ.ਟੀ.ਏ ਵਲੋਂ 25 ਹਜਾਰ ਰੁਪਏ ਦੀ ਮੰਗ ਕੀਤੀ ਗਈ ਸੀ। ਵਿਜੀਲੈਂਸ ਵਲੋਂ ਦੋਸ਼ਾਂ ਦੀ ਪੜਤਾਲ ਉਪਰੰਤ ਉਕਤ ਜੇ.ਟੀ.ਏ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 25 ਹਜਾਰ ਰੁਪਏ ਦੀ ਰਕਮ ਸਮੇਤ ਕਾਬੂ ਕਰ ਲਿਆ ਗਿਆ।
ਇਸੇ ਤਰ੍ਹਾਂ ਵਿਜੀਲੈਂਸ ਬਿਊਰੋ ਨੇ ਲੁਧਿਆਣਾ ਦੇ ਡਵੀਜਨ ਨੰਬਰ 5 ਦੇ ਥਾਣਾ ਵਿਖੇ ਤਾਇਨਾਤ ਏ.ਐਸ.ਆਈ ਰਜਿੰਦਰ ਕੁਮਾਰ ਨੂੰ 15 ਹਜਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੀ ਹੱਥੀਂ ਕਾਬੂ ਕੀਤਾ ਹੈ। ਉਨਾਂ ਦੱਸਿਆ ਕਿ ਦੋਸ਼ੀ ਰਜਿੰਦਰ ਕੁਮਾਰ ਨੂੰ ਗੁਰਬਖਸ਼ ਸਿੰਘ, ਵਾਸੀ ਪਿੰਡ ਪਾਂਗਲੀਆਂ, ਜਿਲਾ ਲੁਧਿਆਣਾ ਦੀ ਸ਼ਿਕਾਇਤ ਉੱਤੇ ਵਿਜੀਲੈਂਸ ਬਿਓਰੇ ਵਲੋਂ 15 ਹਜਾਰ ਰੁਪਏ ਰਿਸ਼ਵਤ ਲੈਦਿਆਂ ਰੰਗੇ ਹੱਥੀ ਦਬੋਚ ਲਿਆ ਗਿਆ।
ਬੁਲਾਰੇ ਨੇ ਦੱਸਿਆ ਉਕਤ ਸ਼ਿਕਾਇਤ ਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦਸਿਆ ਕਿ ਉਸ ਦੇ ਰਿਸ਼ਤੇਦਾਰ ‘ਤੇ ਚੱਲ ਰਹੇ ਕੇਸ ਵਿਚ ਅਦਾਲਤ ਤੋਂ ਹੋਰ ਰਿਮਾਂਡ ਨਾ ਲੈਣ ਬਦਲੇ ਦੋਸ਼ੀ ਏ.ਐਸ.ਆਈ. ਨੂੰ ਪਹਿਲਾਂ ਹੀ 5000 ਰੁਪਏ ਦਿੱਤੇ ਜਾ ਚੁੱਕੇ ਹਨ ਅਤੇ ਹੁਣ ਉਸ ਵੱਲੋਂ 15000 ਰੁਪਏ ਦੀ ਹੋਰ ਮੰਗ ਕੀਤੀ ਗਈ ਹੈ। ਵਿਜੀਲੈਂਸ ਵਲੋਂ ਦੋਸ਼ਾਂ ਦੀ ਪੜਤਾਲ ਉਪਰੰਤ ਉਕਤ ਏ.ਐਸ.ਆਈ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 15 ਹਜ਼ਾਰ ਰੁਪਏ ਦੀ ਰਕਮ ਸਮੇਤ ਕਾਬੂ ਕਰ ਲਿਆ ਗਿਆ। ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਉਕਤ ਦੋਹਾਂ ਦੋਸ਼ੀਆਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੇ ਦੇ ਥਾਣਾ ਲੁਧਿਆਣਾ ਵਿਖੇ ਮੁੱਕਦਮੇ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।