nabaz-e-punjab.com

ਵਿਜੀਲੈਂਸ ਵੱਲੋਂ ਨਸ਼ਿਆਂ ਦੇ ਮਾਮਲੇ ਵਿੱਚ ਬਰਖ਼ਾਸਤ ਏਐਸਆਈ ਇੰਦਰਜੀਤ ਸਿੰਘ ਦਾ ਦਲਾਲ ਗ੍ਰਿਫ਼ਤਾਰ

ਮੁਹਾਲੀ ਅਦਾਲਤ ਨੇ ਮੁਲਜ਼ਮ ਰਮਿੰਦਰਪਾਲ ਪ੍ਰਿੰਸ ਨੂੰ ਚਾਰ ਸਾਲਾਂ ਭਗੌੜਾ ਕਰਾਰ ਦਿੱਤਾ ਸੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਪਰੈਲ:
ਪੰਜਾਬ ਵਿਜੀਲੈਂਸ ਬਿਊਰੋ ਨੇ ਮਿਸ਼ਨ ਕੰਪਾਊਂਡ ਜਲੰਧਰ ਦੇ ਵਸਨੀਕ ਰਮਿੰਦਰਪਾਲ ਸਿੰਘ ਪ੍ਰਿੰਸ ਨੂੰ ਗ੍ਰਿਫ਼ਤਾਰ ਕੀਤਾ ਹੈ, ਉਹ ਪਿਛਲੇ ਚਾਰ ਸਾਲਾਂ ਤੋਂ ਵੱਧ ਸਮੇਂ ਤੋਂ ਭਗੌੜਾ ਚੱਲ ਰਿਹਾ ਸੀ। ਇਹ ਮੁਲਜ਼ਮ ਨਸ਼ਿਆਂ ਦੇ ਮਾਮਲੇ ਵਿੱਚ ਬਰਖ਼ਾਸਤ ਏਐਸਆਈ ਇੰਦਰਜੀਤ ਸਿੰਘ ਇੰਚਾਰਜ ਸੀਆਈਏ ਤਰਨਤਾਰਨ ਲਈ ਰਿਸ਼ਵਤ ਦੀ ਦਲਾਲੀ ਕਰਦਾ ਸੀ। ਉਸ ਦੇ ਖ਼ਿਲਾਫ਼ ਮੁਹਾਲੀ ਸਥਿਤ ਵਿਜੀਲੈਂਸ ਬਿਊਰੋ ਦੇ ਥਾਣੇ ਵਿੱਚ 12 ਫਰਵਰੀ 2015 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਸੀ। ਰਮਿੰਦਰਪਾਲ ਪ੍ਰਿੰਸ ਨੂੰ ਮੁਹਾਲੀ ਅਦਾਲਤ ਵੱਲੋਂ 4 ਜਨਵਰੀ 2019 ਭਗੌੜਾ ਕਰਾਰ ਦਿੱਤਾ ਗਿਆ ਸੀ ਅਤੇ ਉਹ ਉਦੋਂ ਤੋਂ ਹੀ ਵਿਜੀਲੈਂਸ ਦੀ ਗ੍ਰਿਫ਼ਤ ਤੋਂ ਬਾਹਰ ਸੀ। ਮੁਲਜ਼ਮ ਨੂੰ ਭਲਕੇ ਵੀਰਵਾਰ ਨੂੰ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ ਅਤੇ ਪੁੱਛਗਿੱਛ ਦੌਰਾਨ ਵਿਜੀਲੈਂਸ ਨੂੰ ਨਸ਼ਿਆਂ ਦੇ ਮਾਮਲੇ ਵਿੱਚ ਹੋਰ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਸਿਹਤ ਵਿਭਾਗ ਪੰਜਾਬ ਦੀ ਖਰੜ ਸਥਿਤ ਸਟੇਟ ਕੈਮੀਕਲ ਐਗਜ਼ਾਮੀਨਰ ਲੈਬਾਰਟਰੀ ਵਿੱਚ ਪ੍ਰਯੋਗਸ਼ਾਲਾ ਅਟੈਂਡੈਂਟ ਵਜੋਂ ਤਾਇਨਾਤ ਮੁਲਜ਼ਮ ਜਗਦੀਪ ਸਿੰਘ, ਪਿੰਡ ਸੇਹਾ (ਲੁਧਿਆਣਾ) ਨੇ ਖ਼ੁਲਾਸਾ ਕੀਤਾ ਹੈ ਕਿ ਸੀਆਈਏ ਸਟਾਫ਼ ਤਰਨ ਤਾਰਨ ਦੇ ਇੰਚਾਰਜ ਏਐਸਆਈ ਇੰਦਰਜੀਤ ਸਿੰਘ ਨੇ ਉਸ ਖ਼ਿਲਾਫ਼ ਅਤੇ ਉਪਰੋਕਤ ਪ੍ਰਯੋਗਸ਼ਾਲਾ ਵਿੱਚ ਤਾਇਨਾਤ ਪਰਮਿੰਦਰ ਸਿੰਘ ਵਿਸ਼ਲੇਸ਼ਕ ਵਿਰੁੱਧ ਐਨਡੀਪੀਐਸ ਕੇਸ ਦਰਜ ਕਰਨ ਦੀ ਧਮਕੀ ਦੇ ਕੇ ਉਸ ਕੋਲੋਂ 10 ਲੱਖ ਰੁਪਏ ਅਤੇ 3.50 ਲੱਖ ਰੁਪਏ ਦੀ ਰਿਸ਼ਵਤ ਲਈ ਸੀ। ਵਿਜੀਲੈਂਸ ਅਨੁਸਾਰ ਮੁਲਜ਼ਮ ਜਗਦੀਪ ਸਿੰਘ ਨੇ ਇਹ ਵੀ ਖ਼ੁਲਾਸਾ ਕੀਤਾ ਸੀ ਕਿ ਮੁਲਜ਼ਮ ਏਐਸਆਈ ਨੇ ਇਹ ਰਿਸ਼ਵਤ ਆਪਣੇ ਦੋ ਨਿੱਜੀ ਵਿਚੋਲਿਆਂ ਰਮਿੰਦਰਪਾਲ ਸਿੰਘ ਪ੍ਰਿੰਸ ਅਤੇ ਜ਼ਿਲ੍ਹਾ ਕਪੂਰਥਲਾ ਦੇ ਨਵਾਂ ਪਿੰਡ ਗੇਟਵਾਲਾ ਦੇ ਵਸਨੀਕ ਪਵਨ ਕੁਮਾਰ ਰਾਹੀਂ ਹਾਸਲ ਕੀਤੀ ਸੀ।
ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਮੁਲਜ਼ਮ ਪਵਨ ਕੁਮਾਰ ਨੇ ਮੁਲਜ਼ਮ ਏਐਸਆਈ ਨੂੰ ਦੇਣ ਲਈ ਉਸ ਤੋਂ 3 ਲੱਖ ਰੁਪਏ ਅਤੇ ਪਰਮਿੰਦਰ ਸਿੰਘ ਤੋਂ 1.50 ਲੱਖ ਰੁਪਏ ਲਏ ਸਨ। ਇਸ ਕੁੱਲ 17 ਲੱਖ ਰੁਪਏ ਦੀ ਰਿਸ਼ਵਤ ’ਚੋਂ ਰਮਿੰਦਰਪਾਲ ਪ੍ਰਿੰਸ ਨੇ 2 ਲੱਖ ਰੁਪਏ ਹਾਸਲ ਕੀਤੇ ਸਨ। ਇਨ੍ਹਾਂ ਇਲਜ਼ਾਮਾਂ ਦੀ ਜਾਂਚ ਤੋਂ ਬਾਅਦ ਉਪਰੋਕਤ ਤਿੰਨੇ ਮੁਲਜ਼ਮਾਂ ਖ਼ਿਲਾਫ਼ ਮੁਹਾਲੀ ਵਿਜੀਲੈਂਸ ਨੇ ਇਹ ਕੇਸ ਦਰਜ ਕੀਤਾ ਸੀ। ਜਿਸ ਵਿੱਚ ਮੁਲਜ਼ਮ ਇੰਦਰਜੀਤ ਸਿੰਘ, ਪਵਨ ਕੁਮਾਰ ਅਤੇ ਰਮਿੰਦਰਪਾਲ ਸਿੰਘ ਸ਼ਾਮਲ ਹਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…