nabaz-e-punjab.com

ਵਿਜੀਲੈਂਸ ਵੱਲੋਂ ਰੈਵੀਨਿਊ ਰਿਕਾਰਡ ’ਚ ਹੇਰਾਫੇਰੀ ਕਰਕੇ ਸ਼ਾਮਲਾਤ ਜ਼ਮੀਨ ਵੇਚਣ ਦੇ ਮਾਮਲੇ ਵਿੱਚ ਦੋ ਮੁਲਜ਼ਮ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਸਤੰਬਰ:
ਕਰੋੜਾਂ ਰੁਪਏ ਦੀ ਜ਼ਮੀਨ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਹੜੱਪਣ ਵਾਲੇ ਭੂ-ਮਾਫੀਆ ਖ਼ਿਲਾਫ਼ ਸ਼ਿਕੰਜਾ ਕੱਸਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪਰਵੀਨ ਕੁਮਾਰ ਅਤੇ ਵੀਰ ਸਿੰਘ ਵਾਸੀ ਪਿੰਡ ਕੋਨਾ (ਪੰਚਕੂਲਾ) ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਕੀਤੀ ਹੈ। ਇਹ ਦੋਵੇਂ ਮੁਲਜ਼ਮ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਮੁਹਾਲੀ ਜ਼ਿਲ੍ਹੇ ਦੇ ਪਿੰਡ ਮਾਜਰੀਆਂ ਦੀ ਲਗਪਗ 558 ਏਕੜ (4624 ਕਨਾਲਾਂ) ਸ਼ਾਮਲਾਟ ਜ਼ਮੀਨ ਦੇ ਇੰਤਕਾਲ ਸਬੰਧੀ ਰੈਵੀਨਿਊ ਰਿਕਾਰਡ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ ਸ਼ਾਮਲ ਹਨ।
ਵਿਜੀਲੈਂਸ ਅਨੁਸਾਰ ਪਿੰਡ ਮਾਜਰੀਆਂ ਦੇ ਰੈਵੀਨਿਊ ਰਿਕਾਰਡ ਨਾਲ ਕੀਤੀ ਗਈ ਛੇੜਛਾੜ ਸਬੰਧੀ 2019 ਵਿੱਚ ਮੁਹਾਲੀ ਵਿੱਚ ਦਰਜ ਸ਼ਿਕਾਇਤ ਨੰਬਰ 370 ਦੀ ਡੂੰਘਾਈ ਨਾਲ ਪੜਤਾਲ ਮਗਰੋਂ ਪਹਿਲਾਂ ਹੀ ਮਾਜਰੀ ਸਬ ਤਹਿਸੀਲ ਦੇ ਅਧਿਕਾਰੀਆਂ ਅਤੇ ਪ੍ਰਾਈਵੇਟ ਵਿਅਕਤੀਆਂ/ਪ੍ਰਾਪਰਟੀ ਡੀਲਰਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ ਆਈਪੀਸੀ ਦੀ ਧਾਰਾ 409, 420, 465, 467, 468, 471, 477-ਏ, 201, 120-ਬੀ ਤਹਿਤ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਕੇਸ ਦਰਜ ਕੀਤਾ ਗਿਆ ਸੀ। ਉਕਤ ਵਿਅਕਤੀਆਂ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਵਿਜੀਲੈਂਸ ਬੁਲਾਰੇ ਨੇ ਦੱਸਿਆ ਕਿ ਉਕਤ ਮਾਮਲੇ ਦੀ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਵੀਰ ਸਿੰਘ ਵਾਸੀ ਪਿੰਡ ਕੋਨਾ, ਜ਼ਿਲ੍ਹਾ ਪੰਚਕੂਲਾ ਨੇ ਪਿੰਡ ਮਾਜਰੀਆਂ ਦੀ 17 ਏਕੜ (136 ਕਨਾਲ) ਜ਼ਮੀਨ ਧੋਖੇ ਨਾਲ ਆਪਣੇ ਨਾਂ ਕਰਵਾ ਲਈ ਅਤੇ ਇਸ ਜ਼ਮੀਨ ਨੂੰ ਅੱਗੇ ਜਨਰਲ ਪਾਵਰ ਆਫ਼ ਅਟਾਰਨੀ (ਜੀਪੀਏ) ਰਾਹੀਂ ਵੱਖ-ਵੱਖ ਵਿਅਕਤੀਆਂ ਨੂੰ ਵੇਚ ਦਿੱਤਾ। ਇਸੇ ਤਰ੍ਹਾਂ ਦੂਜੇ ਦੋਸ਼ੀ ਪਰਵੀਨ ਕੁਮਾਰ ਵਾਸੀ ਪਿੰਡ ਕੋਨਾ, ਜ਼ਿਲ੍ਹਾ ਪੰਚਕੂਲਾ ਨੇ 80 ਕਨਾਲ ਜ਼ਮੀਨ ਦੀ ਜੀਪੀਏ ਫ਼ਰਜ਼ੀ ਵਿਅਕਤੀ ਕਮਲਜੀਤ ਸਿੰਘ ਦੇ ਨਾਂ ’ਤੇ ਬਣਾਈ, ਜਿਸ ਬਾਰੇ ਅਜੇ ਤੱਕ ਕੋਈ ਸੁਰਾਗ ਹੱਥ ਨਹੀਂ ਲੱਗਾ ਅਤੇ ਇਸ ਨੂੰ ਅੱਗੇ ਵੱਖ-ਵੱਖ ਵਿਅਕਤੀਆਂ ਨੂੰ ਵੇਚ ਦਿੱਤਾ।
ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਦੀ ਪੜਤਾਲ ਦੌਰਾਨ ਇਹ ਪਾਇਆ ਗਿਆ ਕਿ ਇੰਤਕਾਲ ਸਬੰਧੀ ਮਾਲ ਰਿਕਾਰਡ ਵਿੱਚ ਨੰਬਰ. 3159 ਮਿਤੀ 21.05.2004 ਤਹਿਤ ਛੇੜਛਾੜ ਕੀਤੀ ਗਈ ਸੀ, ਜਿਸ ਨੂੰ ਪਿੰਡ ਮਾਜਰੀਆਂ ਦੇ ਵਸਨੀਕਾਂ ਵੱਲੋਂ ਆਪਣੀ ਜ਼ਮੀਨ ਦੀ ਵੰਡ ਲਈ ਦਰਜ਼ ਕਰਵਾਇਆ ਗਿਆ ਸੀ ਅਤੇ ਉਹ ਤਤਕਾਲੀ ਕੰਸੌਲੀਡੇਸ਼ਨ ਅਫ਼ਸਰ ਮੁਹਾਲੀ ਵੱਲੋਂ ਕੀਤੇ ਇੰਤਕਾਲ ਨੰਬਰ 2026 ਮਿਤੀ 07.05.1991 ਅਨੁਸਾਰ ਅਸਲ ਮਾਲਕ ਸਨ। ਪਰ ਦੋਸ਼ੀ ਪ੍ਰਾਪਰਟੀ ਡੀਲਰਾਂ ਨੇ ਮਾਲ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਧੋਖੇ ਨਾਲ ਪਿੰਡ ਦੀ ਜ਼ਮੀਨ ਦਾ ਇੰਤਕਾਲ ਬਦਲ ਦਿੱਤਾ ਜਿਸ ਵਿੱਚ 14 ਵਿਅਕਤੀਆਂ ਨੂੰ ਪਿੰਡ ਮਾਜਰੀਆਂ ਦੀ 558 ਏਕੜ (4464 ਕਨਾਲ) ਜ਼ਮੀਨ ਦੇ ਮਾਲਕ ਦਿਖਾਇਆ ਗਿਆ।
ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ 14 ਵਿਅਕਤੀਆਂ ’ਚੋਂ 12 ਬਿਲਕੁਲ ਫ਼ਰਜ਼ੀ ਸਨ। ਉਹ ਨਾ ਤਾਂ ਉਪਰੋਕਤ ਜ਼ਮੀਨ ਦੇ ਮਾਲਕ ਤੇ ਨਾ ਪਿੰਡ ਮਾਜਰੀਆਂ ਦੇ ਵਸਨੀਕ ਸਨ ਅਤੇ ਨਾ ਹੀ ਉਪਰੋਕਤ ਜ਼ਮੀਨ ਦੇ ਕਾਸ਼ਤਕਾਰ ਹਨ। ਬਾਕੀ 2 ਵਿਅਕਤੀ ਪਿੰਡ ਮਾਜਰੀਆਂ ਦੇ ਵਸਨੀਕ ਹਨ ਅਤੇ ਥੋੜੀ ਜ਼ਮੀਨ ਦੇ ਮਾਲਕ ਹਨ ਪਰ ਮੁਲਜ਼ਮ ਮਾਲ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਜ਼ਮੀਨ ਵਿੱਚ ਵਾਧਾ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਮਿਤੀ 18.06.2014 ਅਤੇ 19.06.2014 ਨੂੰ ਲਗਭਗ 578 ਏਕੜ (4624 ਕਨਾਲ) ਜ਼ਮੀਨ ਧੋਖੇ ਨਾਲ ਅਜਿਹੇ ਵਿਅਕਤੀਆਂ ਦੇ ਨਾਂ ਤਬਦੀਲ ਕੀਤੀ ਗਈ ਸੀ ਜੋ ਅਸਲ ਵਿੱਚ ਜ਼ਮੀਨ ਦੇ ਮਾਲਕ ਹੀ ਨਹੀਂ ਸਨ। ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ ਕੁੱਝ ਮਾਲ ਅਧਿਕਾਰੀਆਂ ਅਤੇ ਨਿੱਜੀ ਵਿਅਕਤੀਆਂ/ਪ੍ਰਾਪਰਟੀ ਡੀਲਰਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਉਕਤ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਮਾਮਲੇ ਸਬੰਧੀ ਅਗਲੇਰੀ ਪੁੱਛਗਿੱਛ ਲਈ ਇਨ੍ਹਾਂ ਦਾ ਪੁਲੀਸ ਰਿਮਾਂਡ ਲਿਆ ਜਾਵੇਗਾ।

Load More Related Articles
Load More By Nabaz-e-Punjab
Load More In Vigilance

Check Also

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ ਬਹੁ-ਕ…