nabaz-e-punjab.com

ਵਿਜੀਲੈਂਸ ਵੱਲੋਂ ਏਟੀਪੀ ਅਤੇ ਦੋ ਦਲਾਲ 8 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਕਾਬੂ, 5 ਰੋਜ਼ਾ ਪੁਲੀਸ ਰਿਮਾਂਡ

ਮੁਲਜ਼ਮ ਕੁਨਾਲ ਕੋਹਲੀ ਕੋਲੋਂ ਰਿਵਾਲਵਰ, ਜ਼ਿੰਦਾ ਕਾਰਤੂਸ ਤੇ ਫਰਜ਼ੀ ਸ਼ਿਕਾਇਤਾਂ ਵਾਲੀ ਫਾਈਲ ਬਰਾਮਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ:
ਪੰਜਾਬ ਵਿਜੀਲੈਂਸ ਬਿਊਰੋ ਨੇ ਬੁੱਧਵਾਰ ਨੂੰ ਸਹਾਇਕ ਟਾਊਨ ਪਲਾਨਰ (ਏਟੀਪੀ) ਜਲੰਧਰ ਰਵੀ ਪੰਕਜ ਸ਼ਰਮਾ ਅਤੇ ਉਸਦੇ ਦੋ ਸਾਥੀਆਂ ਕੁਨਾਲ ਕੋਹਲੀ ਅਤੇ ਅਰਵਿੰਦ ਸ਼ਰਮਾ ਦੋਵੇਂ ਪ੍ਰਾਈਵੇਟ ਵਿਅਕਤੀਆਂ (ਦਲਾਲ) ਨੂੰ 8 ਲੱਖ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਨਾਲ ਸਬੰਧਤ ਚੌਥੇ ਮੁਲਜ਼ਮ ਆਸ਼ੀਸ਼ ਅਰੋੜਾ ਦੀ ਭਾਲ ਕੀਤੀ ਜਾ ਰਹੀ ਹੈ। ਮੁਲਜ਼ਮਾਂ ਖ਼ਿਲਾਫ਼ ਮੁਹਾਲੀ ਸਥਿਤ ਵਿਜੀਲੈਂਸ ਥਾਣੇ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ 5 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।
ਵਿਜੀਲੈਂਸ ਨੇ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਮੁਲਜ਼ਮਾਂ ਦੇ ਸੱਤ ਦਿਨ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਕੁਨਾਲ ਕੋਹਲੀ ਦੀ ਤਲਾਸ਼ੀ ਦੌਰਾਨ ਉਸ ਕੋਲੋਂ ਕਈ ਬੈਂਕਾਂ ਦੇ ਏਟੀਐੱਮ, ਦੋ ਪ੍ਰੈੱਸ ਪਛਾਣ ਪੱਤਰਾਂ ਸਮੇਤ ਇੱਕ ਰਿਵਾਲਵਰ ਅਤੇ ਪੰਜ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਮੁਲਜ਼ਮ ਦੀ ਕਾਰ ’ਚੋਂ ਵੱਖ-ਵੱਖ ਵਿਅਕਤੀਆਂ ਖ਼ਿਲਾਫ਼ ਫਰਜ਼ੀ ਸ਼ਿਕਾਇਤਾਂ ਵਾਲੀਆਂ ਕਈ ਫਾਈਲਾਂ ਵੀ ਬਰਾਮਦ ਕੀਤੀਆਂ ਹਨ। ਜਿਸ ਤੋਂ ਇੰਜ ਜਾਪਦਾ ਹੈ ਕਿ ਮੁਲਜ਼ਮ ਆਮ ਲੋਕਾਂ ਖ਼ਿਲਾਫ਼ ਝੂਠੀਆਂ ਸ਼ਿਕਾਇਤਾਂ ਕਰਨ ਤੋਂ ਬਾਅਦ ਨਿਪਟਾਰੇ ਖਾਤਰ ਰਾਜ਼ੀਨਾਮਾ ਕਰਵਾਉਣ ਲਈ ਬਲੈਕਮੇਲ ਕਰਕੇ ਰਿਸ਼ਵਤ ਵਸੂਲਦਾ ਸੀ।
ਵਿਜੀਲੈਂਸ ਅਨੁਸਾਰ ਪਿੰਡ ਬਾਠ ਕਲਾਂ (ਜਲੰਧਰ) ਦੇ ਵਸਨੀਕ ਅਤੇ ਕੈਸਲ ਹੈਰੀਟੇਜ ਕੰਪਨੀ ਦੇ ਡਾਇਰੈਕਟਰ ਨਰਿੰਦਰ ਸਿੰਘ ਨੇ ਸਾਲ 2005 ਵਿੱਚ ਨਗਰ ਨਿਗਮ ਜਲੰਧਰ ਤੋਂ ਬਾਕਾਇਦਾ ਨਕਸ਼ਾ ਪ੍ਰਵਾਨ ਕਰਾਉਣ ਉਪਰੰਤ ਜਲੰਧਰ ਵਿੱਚ ਮੈਰਿਜ ਪੈਲੇਸ ‘ਬਾਠ ਕੈਸਲ’ ਦੀ ਉਸਾਰੀ ਕੀਤੀ ਸੀ। ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਦੱਸਿਆ ਕਿ ਉਸ ਨੂੰ ਮੁਲਜ਼ਮ ਏਟੀਪੀ ਤੋਂ 20 ਜਨਵਰੀ 2023 ਨੂੰ ਪੱਤਰ ਪ੍ਰਾਪਤ ਹੋਇਆ। ਜਿਸ ਵਿੱਚ ਲਿਖਿਆ ਹੋਇਆ ਸੀ ਕਿ ਨਗਰ ਨਿਗਮ ਨੂੰ ਇੱਕ ਸ਼ਿਕਾਇਤ ਮਿਲੀ ਹੈ, ਜਿਸ ਅਨੁਸਾਰ ਬਾਠ ਕੈਸਲ ਨੂੰ ਨਗਰ ਨਿਗਮ ਜਲੰਧਰ ਦੀ ਪ੍ਰਵਾਨਗੀ ਤੋਂ ਬਿਨਾਂ ਗੈਰਕਾਨੂੰਨੀ ਢੰਗ ਨਾਲ ਉਸਾਰਿਆ ਗਿਆ ਸੀ ਜਿਸ ਕਾਰਨ ਕੰਪਨੀ ਨੂੰ ਉਕਤ ਪੈਲੇਸ ਦਾ ਪ੍ਰਵਾਨਿਤ ਮੈਪ ਪਲਾਨ ਅਤੇ ਮੁਕੰਮਲ ਹੋਣ ਦਾ ਸਰਟੀਫਿਕੇਟ ਤਿੰਨ ਦਿਨਾਂ ਅੰਦਰ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਸੀ।
ਇਸ ਤੋਂ ਬਾਅਦ ਬਾਠ ਕੈਸਲ ਦੇ ਡਾਇਰੈਕਟਰ ਨਰਿੰਦਰ ਸਿੰਘ ਨੇ ਉਕਤ ਦੋਸ਼ੀ ਏਟੀਪੀ ਨਾਲ ਮੁਲਾਕਾਤ ਕੀਤੀ, ਜਿਸ ਨੇ ਉਸ ਨੂੰ ਆਪਣੇ ਨਿੱਜੀ ਵਿਅਕਤੀਆਂ ਕੁਨਾਲ ਕੋਹਲੀ, ਆਸ਼ੀਸ਼ ਅਰੋੜਾ ਅਤੇ ਅਰਵਿੰਦ ਸ਼ਰਮਾ ਵੱਲੋਂ ਬਾਠ ਕੈਸਲ ਖ਼ਿਲਾਫ਼ ਕੀਤੀ ਸ਼ਿਕਾਇਤ ਦਿਖਾਈ। ਉਕਤ ਦੋਸ਼ੀ ਏਟੀਪੀ ਨੇ ਸ਼ਿਕਾਇਤਕਰਤਾ ਨੂੰ ਸਲਾਹ ਦਿੱਤੀ ਕਿ ਇਹ ਪ੍ਰਾਈਵੇਟ ਵਿਅਕਤੀ ਪੈਸੇ ਲਏ ਬਿਨਾਂ ਸ਼ਿਕਾਇਤ ਵਾਪਸ ਨਹੀਂ ਲੈਣਗੇ ਅਤੇ ਮਾਮਲੇ ਨੂੰ ਨਿਪਟਾਉਣ ਲਈ 15 ਲੱਖ ਰੁਪਏ ਅਦਾ ਕਰਨੇ ਪੈਣਗੇ। ਇਸ ਤੋਂ ਬਾਅਦ ਉਕਤ ਸਹਾਇਕ ਟਾਊਨ ਪਲਾਨਰ ਰਵੀ ਪੰਕਜ ਸ਼ਰਮਾ ਨੇ ਨਰਿੰਦਰ ਸਿੰਘ ਦੀ ਕੁਨਾਲ ਕੋਹਲੀ ਨਾਲ ਮੁਲਾਕਾਤ ਕਰਵਾਈ, ਜਿਸ ਨੇ ਸ਼ਿਕਾਇਤ ਵਾਪਸ ਲੈਣ ਲਈ 20 ਲੱਖ ਰੁਪਏ ਦੀ ਮੰਗ ਕੀਤੀ।
ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਅੱਗੇ ਦੱਸਿਆ ਕਿ ਇਸ ਮਾਮਲੇ ਨੂੰ ਨਿਪਟਾਉਣ ਲਈ ਸੌਦਾ 10 ਲੱਖ ਰੁਪਏ ਵਿੱਚ ਤੈਅ ਹੋਇਆ ਹੈ ਅਤੇ ਰਵੀ ਪੰਕਜ ਸ਼ਰਮਾ ਨੇ ਉਸ ਤੋਂ ਪਹਿਲਾਂ ਹੀ ਦੋ ਕਿਸ਼ਤਾਂ ਵਿੱਚ 2 ਲੱਖ ਰੁਪਏ ਲੈ ਲਏ ਹਨ ਅਤੇ ਉਹ ਬਾਕੀ ਰਹਿੰਦੇ 8 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ। ਇਸ ਮਾਮਲੇ ਦੀ ਮੁੱਢਲੀ ਜਾਂਚ ਤੋਂ ਬਾਅਦ ਮੁਹਾਲੀ ਤੋਂ ਵਿਜੀਲੈਂਸ ਬਿਊਰੋ ਦੀ ਫਲਾਇੰਗ ਸਕੁਐਡ-1 ਟੀਮ ਨੇ ਉਕਤ ਏਟੀਪੀ ਰਵੀ ਪੰਕਜ ਸ਼ਰਮਾ ਸਮੇਤ ਉਕਤ ਦੋ ਪ੍ਰਾਈਵੇਟ ਵਿਅਕਤੀਆਂ ਨੂੰ ਜਲੰਧਰ ਤੋਂ 8 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਹਾਲਾਂਕਿ ਟਾਊਨ ਪਲਾਨਰ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਵਿਜੀਲੈਂਸ ਦੀ ਟੀਮ ਨੇ ਉਸ ਨੂੰ ਕਾਬੂ ਕਰ ਲਿਆ। ਜਦੋਂਕਿ ਚੌਥਾ ਦੋਸ਼ੀ ਆਸ਼ੀਸ਼ ਅਰੋੜਾ ਫਿਲਹਾਲ ਵਿਜੀਲੈਂਸ ਦੀ ਗ੍ਰਿਫ਼ਤ ਤੋਂ ਬਾਹਰ ਹੈ।

Load More Related Articles

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …