ਵਿਜੀਲੈਂਸ ਵੱਲੋਂ ਨਸ਼ਾ ਛੁਡਾਊ ਕੇਂਦਰਾਂ ਦਾ ਮਾਲਕ ਡਾ. ਅਮਿਤ ਬਾਂਸਲ ਗ੍ਰਿਫ਼ਤਾਰ, ਮੁਹਾਲੀ ’ਚ ਕੇਸ ਦਰਜ
ਮੁਲਜ਼ਮ ਨਾਲ ਮਿਲੀਭੁਗਤ ਕਾਰਨ ਡਰੱਗ ਇੰਸਪੈਕਟਰ ਲੁਧਿਆਣਾ ਖ਼ਿਲਾਫ਼ ਵੀ ਕੇਸ ਦਰਜ
ਨਬਜ਼-ਏ-ਪੰਜਾਬ, ਮੁਹਾਲੀ, 1 ਜਨਵਰੀ:
ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਦੇ ਵੱਖ-ਵੱਖ ਥਾਵਾਂ ’ਤੇ ਚਲਾਏ ਜਾ ਰਹੇ 22 ਨਸ਼ਾ ਛੁਡਾਊ ਕੇਂਦਰਾਂ ਵਿੱਚ ਨਸ਼ਾ ਛੁਡਾਉਣ ਵਾਲੀਆਂ ਦਵਾਈਆਂ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ ਡਾ. ਅਮਿਤ ਬਾਂਸਲ ਵਾਸੀ ਸੈਕਟਰ-28-ਏ, ਚੰਡੀਗੜ੍ਹ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ ਡਰੱਗ ਇੰਸਪੈਕਟਰ ਲੁਧਿਆਣਾ ਰੂਪਪ੍ਰੀਤ ਕੌਰ ਨੂੰ ਸਹਿ ਮੁਲਜ਼ਮ ਬਣਾਇਆ ਗਿਆ ਹੈ, ਜਿਸ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਨ੍ਹਾਂ ਦੋਵੇਂ ਮੁਲਜ਼ਮਾਂ ਖ਼ਿਲਾਫ਼ ਮੁਹਾਲੀ ਸਥਿਤ ਵਿਜੀਲੈਂਸ ਬਿਊਰੋ ਦੇ ਉੱਡਣ ਦਸਤਾ-1 ਥਾਣੇ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਆਈਪੀਸੀ ਦੀ ਧਾਰਾ 120-ਬੀ ਤਹਿਤ ਪਰਚਾ ਦਰਜ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਡਾ. ਅਮਿਤ ਬਾਂਸਲ ਪੰਜਾਬ ਵਿੱਚ ਕਰੀਬ 22 ਨਸ਼ਾ ਛੁਡਾਊ ਕੇਂਦਰ ਚਲਾ ਰਿਹਾ ਹੈ, ਜਿੱਥੇ ਨਸ਼ੇ ਦੇ ਆਦੀ ਮਰੀਜ਼ਾਂ ਨੂੰ ਇਲਾਜ ਲਈ ਐਡਨੋਕ-ਐਨ 0.4 ਅਤੇ ਐਡਨੋਕ-ਐਨ 2.0 (ਬਿਊਪ੍ਰੇਨੋਰਫੀਨ ਅਤੇ ਨਲੋਕਸੋਨ) ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਹਨ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਵੱਲੋਂ ਚਲਾਏ ਜਾ ਰਹੇ ਇਨ੍ਹਾਂ ਨਸ਼ਾ ਛੁਡਾਊ ਕੇਂਦਰਾਂ ਵਿੱਚ ਉਕਤ ਗੋਲੀਆਂ ਦੀ ਦੁਰਵਰਤੋਂ ਹੋ ਰਹੀ ਸੀ। ਇਹ ਗੋਲੀਆਂ ਬਾਜ਼ਾਰ ਵਿੱਚ ਅਜਿਹੇ ਵਿਅਕਤੀਆਂ ਅਤੇ ਨਸ਼ੇ ਦੇ ਆਦੀਆਂ ਨੂੰ ਵੇਚੀਆਂ ਜਾ ਰਹੀਆਂ ਸਨ, ਜਿਨ੍ਹਾਂ ਦਾ ਨਾਮ ਇਨ੍ਹਾਂ ਨਸ਼ਾ ਛੁਡਾਊ ਕੇਂਦਰਾਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਸੀ।
ਇਸ ਤੋਂ ਪਹਿਲਾਂ ਡਾ. ਅਮਿਤ ਬਾਂਸਲ ਦੇ ਲੁਧਿਆਣਾ ਸਥਿਤ ਸਿਮਰਨ ਹਸਪਤਾਲ/ਨਸ਼ਾ ਛੁਡਾਊ ਕੇਂਦਰ ਦੇ ਕਰਮਚਾਰੀਆਂ ਵਿਦੰਤ ਅਤੇ ਕਮਲਜੀਤ ਸਿੰਘ ਵਿਰੁੱਧ ਥਾਣਾ ਐਸਟੀਐਫ਼ ਫੇਜ਼-4, ਮੁਹਾਲੀ ਵਿੱਚ 5 ਅਕਤੂਬਰ 2022 ਦਰਜ ਕੀਤਾ ਗਿਆ ਸੀ। ਮੁਲਾਜ਼ਮਾਂ ਵੱਲੋਂ ਦਿੱਤੇ ਇਕਬਾਲੀਆ ਬਿਆਨਾਂ ਦੇ ਆਧਾਰ ’ਤੇ ਉਨ੍ਹਾਂ ਕੋਲੋਂ ਕਰੀਬ 23000 ਗੋਲੀਆਂ ਅਤੇ 90 ਹਜ਼ਾਰ ਡਰੱਗ ਮਨੀ ਬਰਾਮਦ ਕੀਤੀ ਗਈ ਸੀ। ਉਸੇ ਦਿਨ ਐਸਟੀਐਫ਼ ਦੀ ਟੀਮ ਨੇ ਡਰੱਗ ਇੰਸਪੈਕਟਰ ਰੂਪਪ੍ਰੀਤ ਕੌਰ ਦੀ ਹਾਜ਼ਰੀ ਵਿੱਚ ਉਪਰੋਕਤ ਸਿਮਰਨ ਨਸ਼ਾ ਛੁਡਾਊ ਕੇਂਦਰ ਦੀ ਛਾਣਬੀਣ ਕੀਤੀ, ਜਿੱਥੇ ਰਿਕਾਰਡ ਅਨੁਸਾਰ 4610 ਗੋਲੀਆਂ ਘੱਟ ਪਾਈਆਂ ਗਈਆਂ।
ਵਿਜੀਲੈਂਸ ਨੇ ਛਾਣਬੀਣ ਤੋਂ ਬਾਅਦ ਰਿਪੋਰਟ ਤਿਆਰ ਕੀਤੀ ਗਈ ਪਰ ਉਕਤ ਡਰੱਗ ਇੰਸਪੈਕਟਰ ਰੂਪਪ੍ਰੀਤ ਕੌਰ ਨੇ ਸਿਹਤ ਵਿਭਾਗ ਦੇ ਡਾਇਰੈਕਟਰ ਨੂੰ ਵੱਖਰੀ ਰਿਪੋਰਟ ਭੇਜੀ ਗਈ, ਜਿਸ ਵਿੱਚ ਉਨ੍ਹਾਂ ਨੇ ਡਾ. ਅਮਿਤ ਬਾਂਸਲ ਨਾਲ ਮਿਲੀਭੁਗਤ ਕਰਕੇ ਉਸ ਨੂੰ 610 ਗੋਲੀਆਂ ਦੀ ਘਾਟ ਸਬੰਧੀ ਕਾਨੂੰਨੀ ਕਾਰਵਾਈ ਤੋਂ ਬਚਾਉਣ ਲਈ 4610 ਗੋਲੀਆਂ ਦੀ ਬਜਾਏ 4000 ਗੋਲੀਆਂ ਦੀ ਘਾਟ ਦਾ ਹੀ ਜ਼ਿਕਰ ਕੀਤਾ ਸੀ, ਜੋ ਸਪੱਸ਼ਟ ਤੌਰ ’ਤੇ ਉਨ੍ਹਾਂ ਵੱਲੋਂ ਸਰਕਾਰੀ ਅਹੁਦੇ ਦੀ ਦੁਰਵਰਤੋਂ ਅਤੇ ਭ੍ਰਿਸ਼ਟਾਚਾਰ ਨੂੰ ਦਰਸਾਉਂਦਾ ਹੈ।
ਇਸੇ ਦੌਰਾਨ ਕਿਸੇ ਵਿਅਕਤੀ ਵੱਲੋਂ ਡਾ. ਬਾਂਸਲ ਦੇ ਸਹਿਜ ਹਸਪਤਾਲ ਨਕੋਦਰ ਇੱਕ ਹੋਰ ਨਸ਼ਾ ਛੁਡਾਊ ਕੇਂਦਰ ਦੀ ਵੀਡੀਓ ਵਾਇਰਲ ਕੀਤੀ ਗਈ ਸੀ, ਜਿਸ ਦਾ ਤਤਕਾਲੀ ਡਿਪਟੀ ਕਮਿਸ਼ਨਰ ਜਲੰਧਰ ਨੇ ਨੋਟਿਸ ਲੈਂਦਿਆਂ ਇਸ ਸਬੰਧੀ ਥਾਣਾ ਸਿਟੀ, ਨਕੋਦਰ ਵਿੱਚ 8 ਜੂਨ 2024 ਨੂੰ ਪਰਚਾ ਦਰਜ ਕੀਤਾ ਗਿਆ ਸੀ। ਉਕਤ ਸਹਿਜ ਨਸ਼ਾ ਛੁਡਾਊ ਕੇਂਦਰ ਦੀ ਚੈਕਿੰਗ ਦੌਰਾਨ ਐਡਨੋਕ-ਐਨ ਦੀਆਂ ਕਰੀਬ 144000 ਗੋਲੀਆਂ ਘੱਟ ਪਾਈਆਂ ਗਈਆਂ ਸਨ। ਜਾਂਚ ਪੂਰੀ ਹੋਣ ਤੱਕ ਉਕਤ ਹਸਪਤਾਲ/ਨਸ਼ਾ ਛੁਡਾਊ ਕੇਂਦਰ ਦੇ ਆਨਲਾਈਨ ਪੋਰਟਲ ਨੂੰ ਫ੍ਰੀਜ਼ ਕਰਨ ਅਤੇ ਇਸ ਦਾ ਲਾਇਸੈਂਸ ਮੁਅੱਤਲ ਕਰਨ ਦੇ ਹੁਕਮ ਦਿੱਤੇ ਗਏ ਸਨ। ਇਸ ਤੋਂ ਬਾਅਦ ਡਾ. ਅਮਿਤ ਬਾਂਸਲ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲੀਭੁਗਤ ਕਰਕੇ ਇਸ ਮਾਮਲੇ ਨੂੰ ਦਬਾ ਦਿੱਤਾ। ਇਹ ਵੀ ਪਤਾ ਲੱਗਾ ਹੈ ਕਿ ਡਾ. ਬਾਂਸਲ ਦੀ ਮਾਲਕੀ ਵਾਲੇ ਇੱਕ ਹੋਰ ਆਦਰਸ਼ ਹਸਪਤਾਲ/ਨਸ਼ਾ ਛੁਡਾਊ ਕੇਂਦਰ ਪਟਿਆਲਾ ਦੇ ਮੁਲਾਜ਼ਮਾਂ ਵਿਰੁੱਧ ਥਾਣਾ ਅਨਾਜ ਮੰਡੀ, ਪਟਿਆਲਾ ਵਿੱਚ 11 ਨਵੰਬਰ 2024 ਨੂੰ ਵੱਖਰਾ ਪਰਚਾ ਦਰਜ ਕੀਤਾ ਗਿਆ ਸੀ।