nabaz-e-punjab.com

ਵਿਜੀਲੈਂਸ ਵੱਲੋਂ ਸਾਬਕਾ ਮੰਤਰੀ ਧਰਮਸੋਤ ਤੇ ਦੋ ਦਲਾਲ ਗ੍ਰਿਫ਼ਤਾਰ, ਸਾਬਕਾ ਮੰਤਰੀ ਗਿਲਜੀਆ ਸਣੇ 9 ਨਾਮਜ਼ਦ

ਠੇਕੇਦਾਰ ਹਰਮੋਹਿੰਦਰ ਸਿੰਘ ਦੀ ਡਾਇਰੀ ਨੇ ਖੋਲ੍ਹੇ ਰਿਸ਼ਵਤਖ਼ੋਰੀ ਦੇ ਸਾਰੇ ਗੁੱਝੇ ਭੇਤ

ਵਿਜੀਲੈਂਸ ਦੀ ਜਾਂਚ: ਰਿਸ਼ਵਤ ਤੋਂ ਬਿਨਾਂ ਡੱਕਾ ਵੀ ਨਹੀਂ ਤੋੜਦਾ ਸੀ ਸਾਧੂ ਸਿੰਘ ਧਰਮਸੋਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜੂਨ:
ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਜੰਗਲਾਤ ਤੇ ਸਮਾਜ ਭਲਾਈ ਵਿਭਾਗ ਦੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਕੇਸ ਵਿੱਚ ਸਾਬਕਾ ਮੰਤਰੀ ਦੇ ਓਐਸਡੀ ਚਮਕੌਰ ਸਿੰਘ ਅਤੇ ਪੱਤਰਕਾਰ ਕਮਲਜੀਤ ਸਿੰਘ ਖੰਨਾ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਵਿਜੀਲੈਂਸ ਦੇ ਮੁਹਾਲੀ ਥਾਣੇ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਕਈ ਹੋਰਨਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਛੇ ਪੰਨਿਆਂ ਦੀ ਐਫ਼ਆਈਆਰ ਵਿੱਚ ਉਕਤ ਤਿੰਨਾਂ ਤੋਂ ਇਲਾਵਾ ਚੰਨੀ ਵਜ਼ਾਰਤ ਵਿੱਚ ਜੰਗਲਾਤ ਮੰਤਰੀ ਰਹੇ ਸੰਗਤ ਸਿੰਘ ਗਿਲਜੀਆ ਸਮੇਤ ਉਸ ਦਾ ਪੀਏ ਕੁਲਵਿੰਦਰ ਸਿੰਘ ਸ਼ੇਰਗਿੱਲ, ਵਣ ਮੰਡਲ ਅਫ਼ਸਰ ਅਮਿਤ ਚੌਹਾਨ, ਡੀਐਫ਼ਓ ਗੁਰਅਮਨਪ੍ਰੀਤ ਸਿੰਘ ਬੈਂਸ, ਵਣ ਗਾਰਡ ਦਿਲਪ੍ਰੀਤ ਸਿੰਘ ਅਤੇ ਸਚਿਨ ਕੁਮਾਰ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਵਿਜੀਲੈਂਸ ਦੀਆਂ ਤਿੰਨ ਟੀਮਾਂ ਨੇ ਅੱਜ ਇਸ ਕਾਰਵਾਈ ਨੂੰ ਅੰਜਾਮ ਦਿੱਤਾ। ਸਭ ਤੋਂ ਪਹਿਲਾਂ ਸਾਬਕਾ ਮੰਤਰੀ ਨੂੰ ਅਮਲੋਹ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਸਵੇਰੇ ਤੜਕੇ ਕਰੀਬ 3 ਵਜੇ ਗ੍ਰਿਫ਼ਤਾਰ ਕੀਤਾ ਗਿਆ। ਇਸ ਮਗਰੋਂ ਖੰਨਾ ਤੋਂ ਜਲੰਧਰੀ ਅਖ਼ਬਾਰ ਦੇ ਪੱਤਰਕਾਰ ਕਮਲਜੀਤ ਸਿੰਘ ਦੀ ਗ੍ਰਿਫ਼ਤਾਰੀ ਪਾਈ ਗਈ, ਜੋ ਕਾਂਗਰਸ ਸਰਕਾਰ ਸਮੇਂ ਖ਼ੁਦ ਨੂੰ ਮੰਤਰੀ ਦਾ ਪੀਏ ਦੱਸ ਕੇ ਲੋਕਾਂ ਦੇ ਕੰਮ ਕਰਵਾਉਂਦਾ ਸੀ ਉਪਰੰਤ ਤੀਜੀ ਟੀਮ ਨੇ ਪਟਿਆਲਾ ਤੋਂ ਚਮਕੌਰ ਸਿੰਘ ਦੀ ਗ੍ਰਿਫ਼ਤਾਰੀ ਪਾਈ ਗਈ। ਇਸ ਕੇਸ ਵਿੱਚ ਸ਼ਿਕਾਇਤ ਕਰਤਾ ਡੀਐਸਪੀ ਹਰਵਿੰਦਰਪਾਲ ਸਿੰਘ ਨੂੰ ਬਣਾਇਆ ਗਿਆ ਹੈ।
ਵਿਜੀਲੈਂਸ ਬਿਊਰੋ ਦੇ ਮੁਖੀ ਤੇ ਏਡੀਜੀਪੀ ਵਰਿੰਦਰ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮੁਲਜ਼ਮ ਚਮਕੌਰ ਸਿੰਘ ਅਤੇ ਕਮਲਜੀਤ ਸਿੰਘ ਖੰਨਾ ਸਾਬਕਾ ਮੰਤਰੀ ਲਈ ਪੈਸਿਆਂ ਦੀ ਦਲਾਲੀ ਕਰਦੇ ਸੀ। ਸਾਬਕਾ ਮੰਤਰੀ ਨੇ ਖੈਰ ਦੇ ਦਰਖ਼ਤ ਵੇਚਣ ਤੋਂ ਲੈ ਕੇ ਜੰਗਲਾਤ ਵਿਭਾਗ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਬਦਲੀਆਂ ਅਤੇ ਤਾਇਨਾਤੀਆਂ ਪੈਸੇ ਲੈ ਕੇ ਕੀਤੀਆਂ ਜਾਂਦੀਆਂ ਸਨ। ਰਿਸ਼ਵਤ ਦਾ ਸਾਰਾ ਪੈਸਾ ਕਮਲਜੀਤ ਅਤੇ ਚਮਕੌਰ ਰਾਹੀਂ ਇਕੱਠਾ ਕੀਤਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਗ੍ਰਿਫ਼ਤਾਰ ਕੀਤੇ ਡੀਐਫ਼ਓ ਅਤੇ ਠੇਕੇਦਾਰ ਦੀ ਪੁੱਛਗਿੱਛ ਤੋਂ ਬਾਅਦ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਇਨ੍ਹਾਂ ਤਿੰਨਾਂ ਮੁਲਜ਼ਮਾਂ ਤੋਂ ਮੁਹਾਲੀ ਸਥਿਤ ਵਿਜੀਲੈਂਸ ਭਵਨ ਵਿਖੇ ਸੀਨੀਅਰ ਅਫ਼ਸਰਾਂ ਦੀ ਨਿਗਰਾਨੀ ਹੇਠ ਪਹਿਲਾਂ ਇੱਕ ਇੱਕ ਕਰਕੇ ਪੁੱਛਗਿੱਛ ਕੀਤੀ ਗਈ। ਫਿਰ ਤਿੰਨਾਂ ਨੂੰ ਇਕੱਠੇ ਬਿਠਾ ਕੇ ਕਰਾਸ ਪੁੱਛਗਿੱਛ ਕੀਤੀ ਗਈ।
ਵਿਜੀਲੈਂਸ ਦੀ ਮੁੱਢਲੀ ਪੜਤਾਲ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪਿਛਲੇ ਦਿਨੀਂ ਡੀਐਫ਼ਓ ਨਾਲ ਗ੍ਰਿਫ਼ਤਾਰ ਕੀਤੇ ਗਏ ਠੇਕੇਦਾਰ ਹਰਮੋਹਿੰਦਰ ਸਿੰਘ ਨੇ ਆਪਣੇ ਬਿਆਨਾਂ ਵਿੱਚ ਕਿਹਾ ਕਿ ਸਾਲ 2017 ਤੋਂ ਲੈ ਕੇ ਹੁਣ ਤੱਕ ਰਿਸ਼ਵਤ ਦਾ ਪੈਸਾ ਉੱਚ ਅਧਿਕਾਰੀਆਂ ਅਤੇ ਰਾਜਨੀਤਿਕ ਵਿਅਕਤੀਆਂ ਨੂੰ ਦਿੱਤਾ ਜਾਂਦਾ ਰਿਹਾ ਹੈ। ਇਸ ਸਬੰਧੀ ਠੇਕੇਦਾਰ ਨੇ ਸਾਰਾ ਰਿਕਾਰਡ ਆਪਣੀ ਡਾਇਰੀ ਵਿੱਚ ਲਿਖਿਆ ਹੋਇਆ ਸੀ, ਇਹ ਡਾਇਰੀ ਵੀ ਵਿਜੀਲੈਂਸ ਦੇ ਹੱਥ ਲੱਗ ਗਈ ਹੈ, ਜੋ ਠੇਕੇਦਾਰ ਨੇ ਆਪਣੇ ਘਰ ਦੀ ਬੇਸਮੈਂਟ ਵਿੱਚ ਛੁਪਾ ਕੇ ਰੱਖੀ ਹੋਈ ਸੀ।
ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪਿਛਲੇ 10 ਸਾਲਾਂ ਵਿੱਚ ਠੇਕੇਦਾਰ ਤੋਂ ਖੈਰ ਦੇ ਦਰਖ਼ਤਾਂ ਦੀ ਕਟਾਈ ਕਰਦਾ ਆ ਰਿਹਾ ਹੈ। ਇਸ ਤੋਂ ਪਹਿਲਾਂ ਵੀ ਵੱਖਵੱਖ ਠੇਕੇਦਾਰਾਂ ਨਾਲ ਕਮਿਸ਼ਨ ’ਤੇ ਕੰਮ ਕੀਤਾ ਜਾਂਦਾ ਸੀ। ਹੁਣ ਪਿਛਲੇ 5 ਸਾਲਾਂ ਤੋਂ ਉਸ ਵੱਲੋਂ ਗੁਰਹਰ ਐਸੋਸੀਏਟ ਦੇ ਨਾਮ ’ਤੇ ਠੇਕੇਦਾਰੀ ਕੀਤੀ ਜਾ ਰਹੀ ਹੈ। ਹਰ ਸੀਜ਼ਨ ਵਿੱਚ ਠੇਕੇਦਾਰ ਵੱਲੋਂ 7 ਹਜ਼ਾਰ ਖੈਰ ਦੇ ਰੁੱਖਾਂ ਦੀ ਕਟਾਈ ਕੀਤੀ ਜਾਂਦੀ ਸੀ ਅਤੇ ਇਸ ਬਦਲੇ ਧਰਮਸੋਤ ਨੂੰ ਪ੍ਰਤੀ ਰੁੱਖ 500 ਰੁਪਏ, ਵਣ ਅਫ਼ਸਰ ਨੂੰ 200 ਰੁਪਏ ਅਤੇ ਰੇਂਜ ਅਫ਼ਸਰ ਤੇ ਬਲਾਕ ਅਫ਼ਸਰ ਅਤੇ ਵਣ ਗਾਰਡ ਨੂੰ 100-100 ਰੁਪਏ ਰਿਸ਼ਵਤ ਦਿੱਤੀ ਜਾਂਦੀ ਸੀ। ਕਹਿਣ ਤੋਂ ਭਾਵ ਹਰੇਕ ਸੀਜ਼ਨ ਵਿੱਚ 70 ਲੱਖ ਰੁਪਏ ਰਿਸ਼ਵਤ ਦਿੱਤੀ ਜਾਂਦੀ ਸੀ। ਇਸ ਤੋ ਇਲਾਵਾ ਇਕੱਲੇ ਮੁਹਾਲੀ ਖੇਤਰ ਵਿੱਚ 15 ਹੋਰ ਠੇਕੇਦਾਰ ਖੈਰ ਦੇ ਦਰਖਤਾਂ ਦੀ ਕਟਾਈ ਕਰਦੇ ਹਨ, ਉਨ੍ਹਾਂ ਤੋਂ ਵੀ ਪ੍ਰਤੀ ਰੁੱਖ ਰਿਸ਼ਵਤ ਲਈ ਜਾਂਦੀ ਹੈ। ਜੇਕਰ ਠੇਕੇਦਾਰ ਰਿਸ਼ਵਤ ਨਹੀਂ ਸੀ ਦਿੰਦੇ ਤਾਂ ਉਨ੍ਹਾਂ ਨੂੰ ਰੁੱਖ ਕੱਟਣ ਲਈ ਪਰਮਿੰਟ ਦੇਣ ਵਿੱਚ ਖੱਜਲਖੁਆਰ ਕੀਤਾ ਜਾਂਦਾ ਸੀ ਅਤੇ ਵੱਡੇ ਜੁਰਮਾਨੇ ਕੀਤੇ ਜਾਂਦੇ ਸਨ।

Load More Related Articles

Check Also

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ ਬਹੁ-ਕ…