
ਵਿਜੀਲੈਂਸ ਵੱਲੋਂ ਉੱਚ ਅਧਿਕਾਰੀ ਨੂੰ 50 ਹਜ਼ਾਰ ਦੀ ਰਿਸ਼ਵਤ ਦਿੰਦਾ ਜਲੰਧਰ ਦਾ ਵਸਨੀਕ ਗ੍ਰਿਫ਼ਤਾਰ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ\ਜਲੰਧਰ, 11 ਮਈ:
ਪੰਜਾਬ ’ਚੋਂ ਭ੍ਰਿਸ਼ਟਾਚਾਰ ਦੀ ਰੋਕਥਾਮ ਦੇ ਯਤਨਾਂ ਵਜੋਂ ਚਲਾਈ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਇਕ ਪੁੱਠਾ ਟਰੈਪ ਲਗਾ ਕੇ ਜਲੰਧਰ ਨਿਵਾਸੀ ਇਕ ਪ੍ਰਾਈਵੇਟ ਵਿਅਕਤੀ ਨੂੰ ਉਸ ਵੇਲੇ ਕਾਬੂ ਕਰ ਲਿਆ ਜਦ ਉਹ ਵਧੀਕ ਕਮਿਸ਼ਨਰ (ਸਟੇਟ ਟੈਕਸ) ਜਲੰਧਰ ਨੂੰ 50 ਹਜ਼ਾਰ ਰੁਪਏ ਦੀ ਰਿਸਵਤ ਧੱਕੇ ਨਾਲ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਚੀਫ਼ ਡਾਇਰਕੈਟਰ-ਕਮ-ਡੀਜੀਪੀ ਵਿਜੀਲੈਂਸ ਬਿਊਰੋ ਬੀਕੇ ਉੱਪਲ ਨੇ ਦੱਸਿਆ ਕਿ ਪ੍ਰਾਈਵੇਟ ਵਿਅਕਤੀ ਵਰੁਣ ਮਹਾਜਨ ਨੂੰ ਸ਼ਿਕਾਇਤਕਰਤਾ ਵਧੀਕ ਕਮਿਸ਼ਨਰ ਸਟੇਟ ਟੈਕਸ (ਏਸੀਐਸਟੀ) (ਜੀਐਸਟੀ) ਜਲੰਧਰ ਦੀਪੇਂਦਰ ਸਿੰਘ ਗਰਚਾ ਦੀ ਸ਼ਿਕਾਇਤ ਉੱਤੇ 50 ਹਜ਼ਾਰ ਰੁਪਏ ਦੀ ਰਿਸ਼ਵਤ ਦਿੰਦਿਆਂ ਕਾਬੂ ਕੀਤਾ ਹੈ। ਸ਼ਿਕਾਇਤਕਰਤਾ ਅਧਿਕਾਰੀ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਜਲੰਧਰ ਰੇਲਵੇ ਸਟੇਸ਼ਨ ਉੱਤੇ ਆਈ ਤੰਬਾਕੂ ਪਦਾਰਥਾਂ ਦੀ ਖੇਪ ਨੂੰ ਬਿਨਾਂ ਜੀਐਸਟੀ ਦਾ ਭੁਗਤਾਨ ਕੀਤੇ ਛੱਡਣ ਦੇ ਇਵਜ ਵਿੱਚ ਮੁਲਜ਼ਮ ਵਰੁਣ ਮਹਾਜਨ ਵੱਲੋਂ ਉਸ ਨੂੰ 50 ਹਜ਼ਾਰ ਰੁਪਏ ਰਿਸ਼ਵਤ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ ਅਤੇ ਉਹ ਇਸ ਬਾਰੇ ਪ੍ਰੇਸ਼ਾਨ ਕਰ ਰਿਹਾ ਹੈ।
ਵਿਜੀਲੈਂਸ ਵੱਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਮੁਲਜ਼ਮ ਵਰੁਣ ਮਹਾਜਨ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਵਧੀਕ ਕਮਿਸ਼ਨਰ ਸਟੇਟ ਟੈਕਸ ਨੂੰ 50 ਹਜ਼ਾਰ ਰੁਪਏ ਦੀ ਰਿਸਵਤ ਦਿੰਦਿਆਂ ਮੌਕੇ ਉੱਤੇ ਹੀ ਦਬੋਚ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਭ੍ਰਿਸਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਵਿੱਚ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।