ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫ਼ਤਾਰ
ਬੀਡੀਪੀਓ ਧਨਵੰਤ ਸਿੰਘ ਦੀ ਭਾਲ ਵਿੱਚ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ
ਨਬਜ਼-ਏ-ਪੰਜਾਬ, ਮੁਹਾਲੀ, 5 ਮਾਰਚ:
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਮੁਹਾਲੀ ਦੇ ਬਲਾਕ ਕੁਰੜਾ ਵਿਖੇ ਤਾਇਨਾਤ ਪੰਚਾਇਤ ਸਕੱਤਰ ਅਵਨੀਤ ਸਿੰਘ ਬਾਜਵਾ ਨੂੰ 20 ਹਜ਼ਾਰ ਰੁਪਏ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਮੁਲਜ਼ਮ ਵਿਰੁੱਧ ਵਿਜੀਲੈਂਸ ਬਿਊਰੋ ਦੇ ਮੁਹਾਲੀ ਸਥਿਤ ਫਲਾਇੰਗ ਸਕੁਐਡ-1 ਥਾਣੇ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ ਬੀਐਨਐਸ ਦੀ ਧਾਰਾ 61 (2) ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਰਿਸ਼ਵਤਖੋਰੀ ਦੇ ਇਸ ਮਾਮਲੇ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ (ਬੀਡੀਪੀਓ) ਮੁਹਾਲੀ ਧਨਵੰਤ ਸਿੰਘ ਨੂੰ ਵੀ ਸਹਿ-ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ।
ਅੱਜ ਸ਼ਾਮ ਇਹ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਵੇਂ ਮੁਲਾਜ਼ਮਾਂ ਖ਼ਿਲਾਫ਼ ਇਹ ਕਾਰਵਾਈ ਇੱਕ ਸਰਪੰਚ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਸਰਪੰਚ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਮੁਹਾਲੀ ਬਲਾਕ ਦੇ ਬੀਡੀਪੀਓ ਧਨਵੰਤ ਸਿੰਘ ਅਤੇ ਪੰਚਾਇਤ ਸਕੱਤਰ ਅਵਨੀਤ ਸਿੰਘ ਬਾਜਵਾ ਨੇ ਸਾਲ 2018-2023 ਤੱਕ ਗਰਾਮ ਪੰਚਾਇਤ ਵੱਲੋਂ ਕੀਤੇ ਵਿਕਾਸ ਕਾਰਜਾਂ ਲਈ ਵਰਤੀਆਂ ਗਈਆਂ ਗਰਾਂਟਾਂ ਸਬੰਧੀ ਵਰਤੋਂ ਸਰਟੀਫਿਕੇਟ (ਯੂਸੀ) ਜਾਰੀ ਕਰਨ ਬਦਲੇ ਉਸ ਕੋਲੋਂ 20 ਹਜ਼ਾਰ ਰੁਪਏ ਰਿਸ਼ਵਤ ਦੇਣ ਦੀ ਮੰਗ ਕੀਤੀ ਗਈ ਹੈ।
ਵਿਜੀਲੈਂਸ ਅਨੁਸਾਰ ਸਰਪੰਚ ਦੀ ਸ਼ਿਕਾਇਤ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕੀਤੀ ਗਈ ਅਤੇ ਮੁੱਢਲੀ ਜਾਂਚ ਵਿੱਚ ਉਕਤ ਦੋਵੇਂ ਅਧਿਕਾਰੀਆਂ ਨੂੰ ਦੋਸ਼ ਪਾਇਆ ਗਿਆ। ਇਸ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਪੰਚਾਇਤ ਸਕੱਤਰ ਅਵਨੀਤ ਸਿੰਘ ਬਾਜਵਾ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਕੋਲੋਂ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮ ਨੂੰ ਭਲਕੇ ਵੀਰਵਾਰ ਨੂੰ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ। ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਬੀਡੀਪੀਓ ਧਨਵੰਤ ਸਿੰਘ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਸ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾਰ ਹੀ ਹੈ।