Nabaz-e-punjab.com

ਵਿਜੀਲੈਂਸ ਜਾਗਰੂਕਤਾ ਹਫ਼ਤਾ: ਰਿਸ਼ਵਤਖ਼ੋਰਾਂ ਦਾ ਪਰਦਾਫਾਸ਼ ਕਰਨ ਵਾਲੇ 24 ਵਿਅਕਤੀਆਂ ਦਾ ਸਨਮਾਨ

ਵਿਜੀਲੈਂਸ ਮੁਖੀ ਬੀਕੇ ਉੱਪਲ ਨੇ ਮੁਹਾਲੀ ਵਿੱਚ ਸਮਾਗਮ ਦੌਰਾਨ ਸੌਂਪੇ ਪ੍ਰਸੰਸਾ ਪੱਤਰ

ਸਰਕਾਰੀ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਬੀਕੇ ਉੱਪਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਨਵੰਬਰ:
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਵਿਸ਼ੇਸ਼ ਮੁਹਿੰਮ ਨੂੰ ਹੋਰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਵਿਜੀਲੈਂਸ ਜਾਗਰੂਕਤਾ ਹਫ਼ਤਾ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਦੋ ਵਿਦਿਆਰਥੀਆਂ ਸਮੇਤ ਰਿਸ਼ਵਤਖ਼ੋਰਾਂ ਦਾ ਪਰਦਾਫਾਸ਼ ਕਰਨ ਵਾਲੇ 24 ਵਿਅਕਤੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਅੱਜ ਇੱਥੇ ਵਿਜੀਲੈਂਸ ਭਵਨ ਮੁਹਾਲੀ ਵਿੱਚ ਇਕ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਕੀਤਾ ਗਿਆ। ਜਿਸ ਵਿੱਚ ਏਡੀਜੀਪੀ-ਕਮ-ਵਿਜੀਲੈਂਸ ਬਿਊਰੋ ਦੇ ਚੀਫ਼ ਡਾਇਰੈਕਟਰ ਬੀਕੇ ਉੱਪਲ ਨੇ ਰਿਸ਼ਵਤਖ਼ੋਰਾਂ ਨੂੰ ਨੱਥ ਪਾਉਣ ਲਈ ਵਿਜੀਲੈਂਸ ਨੂੰ ਸਹਿਯੋਗ ਦੇਣ ਵਾਲੇ ਵਿਅਕਤੀਆਂ ਨੂੰ ਪ੍ਰਸੰਸਾ ਪੱਤਰ ਦੇ ਕੇ ਨਿਵਾਜਿਆ ਗਿਆ।
ਵਿਜੀਲੈਂਸ ਮੁਖੀ ਨੇ ਕਿਹਾ ਕਿ ਅਦਾਲਤਾਂ ਵਿੱਚ ਭ੍ਰਿਸ਼ਟ ਸਰਕਾਰੀ ਅਧਿਕਾਰੀ/ਮੁਲਾਜ਼ਮਾਂ ਖ਼ਿਲਾਫ਼ ਸਫਲ ਮੁਕੱਦਮੇ ਚਲਾਉਣ ਲਈ ਰਿਸ਼ਵਤਖ਼ੋਰਾਂ ਦਾ ਪਰਦਾਫਾਸ਼ ਕਰਨ ਵਾਲੇ ਸਮਾਜ ਸੇਵੀ ਆਗੂ ਕਾਫ਼ੀ ਮਹੱਤਵਪੂਰਨ ਸਿੱਧ ਹੋਏ ਹਨ। ਉਨ੍ਹਾਂ ਅਜਿਹੇ ਸੁਚੇਤਕ ਸਮਾਜ ਸੇਵਕਾਂ ਨੂੰ ਅਪੀਲ ਕੀਤੀ ਕਿ ਉਹ ਭਵਿੱਖ ਵਿੱਚ ਵੀ ਇਸੇ ਉਤਸ਼ਾਹ ਅਤੇ ਭਾਵਨਾ ਨਾਲ ਰਿਸ਼ਵਤਖ਼ੋਰਾਂ ਦਾ ਪਰਦਾਫਾਸ਼ ਕਰਨ ਲਈ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਇਸ ਕਾਰਜ ਵਿੱਚ ਵਿਅਕਤੀਗਤ ਦਲੇਰੀ ਭ੍ਰਿਸ਼ਟਾਚਾਰ ਮੁਕਤ ਭਾਰਤ ਨੂੰ ਯਕੀਨੀ ਬਣਾਉਣ ਸਬੰਧੀ ਫਰਜਾਂ ਪ੍ਰਤੀ ਸ਼ਲਾਘਾਯੋਗ ਵਚਨਬੱਧਤਾ ਪ੍ਰਗਟਾਉਂਦੀ ਹੈ।
ਸਮਾਜ ’ਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਬੀਕੇ ਉੱਪਲ ਨੇ ਕਿਹਾ ਕਿ ਵਿਜੀਲੈਂਸ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਯਤਨ ਬਿਊਰੋ ਅਤੇ ਆਮ ਲੋਕਾਂ ਵਿੱਚ ਪਾੜੇ ਨੂੰ ਦੂਰ ਕਰਨ ਵਿੱਚ ਸਹਾਈ ਹੋਣਗੇ। ਉਨ੍ਹਾਂ ਕਿਹਾ ਕਿ ਸਮਾਜ ’ਚੋਂ ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਸੁਚੇਤਕ ਲੋਕ ਵਿਜੀਲੈਂਸ ਲਈ ਕਾਫ਼ੀ ਮਦਦਗਾਰ ਸਿੱਧ ਹੋਏ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਸਫਲ ਮੁਹਿੰਮ ਲਈ ਲੋਕਾਂ ਦੀ ਭਾਗੀਦਾਰੀ ਬਹੁਤ ਅਹਿਮ ਹੁੰਦੀ ਹੈ। ਉਨ੍ਹਾਂ ਆਪਣੇ ਸਾਰੇ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ। ਜਿਨ੍ਹਾਂ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਲੋਕ ਲਹਿਰ ਪੈਦਾ ਕਰਨ ਲਈ ਪੁਰੀ ਤਨਦੇਹੀ ਅਤੇ ਇਮਾਨਦਾਰੀ ਅਤੇ ਸੇਵਾ ਭਾਵਨਾ ਨਾਲ ਡਿਊਟੀ ਨਿਭਾਈ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜਿਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਨੂੰ ਕਾਨੂੰਨ ਮੁਤਾਬਕ ਸਖ਼ਤ ਸਜ਼ਾਵਾਂ ਦਿਵਾਉਣ ਲਈ ਪੁਰੀ ਇਮਾਨਦਾਰੀ ਨਾਲ ਕੇਸਾਂ ਦੀ ਪੈਰਵੀ ਕੀਤੀ ਜਾਵੇਗੀ।
ਸਮਾਗਮ ਵਿੱਚ ਜਿਨ੍ਹਾਂ ਸੁਚੇਤਕਾਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਦਵਿੰਦਰਪਾਲ ਸਿੰਘ, ਦੇਵ ਪ੍ਰਕਾਸ ਸ਼ਰਮਾ ਸਮੇਤ ਮੁਹਾਲੀ ਤੋਂ ਜੋਗਿੰਦਰ ਸਿੰਘ, ਬਠਿੰਡਾ ਤੋਂ ਖੁਸਕਰਨ ਸਿੰਘ, ਕੁਲਵਿੰਦਰ ਸਿੰਘ ਤੇ ਸੰਦੀਪ ਸਿੰਘ, ਮੋਗਾ ਤੋਂ ਸੁਬੇਗ ਸਿੰਘ, ਲੁਧਿਆਣਾ ਤੋਂ ਜਗਜੀਤ ਸਿੰਘ ਅਤੇ ਰਣਜੀਤ ਸਿੰਘ, ਰੂਪਨਗਰ ਤੋਂ ਸੁਰਿੰਦਰ ਕੁਮਾਰ, ਪਟਿਆਲਾ ਤੋਂ ਪਵਨ ਕੁਮਾਰ ਅਤੇ ਗੁਰਜੀਤ ਸਿੰਘ, ਮੁਕਤਸਰ ਸਾਹਿਬ ਤੋਂ ਮਹਿੰਗਾ ਸਿੰਘ, ਜਲੰਧਰ ਤੋਂ ਜਰਨੈਲ ਸਿੰਘ ਅਤੇ ਲਲਿਤ ਕੁਮਾਰ ਅਤੇ ਗੁਰਦਾਸਪੁਰ ਤੋਂ ਦੀਪ ਕੁਮਾਰ ਸ਼ਾਮਲ ਹਨ। ਇਸੇ ਤਰ੍ਹਾਂ ਹੁਸ਼ਿਆਰਪੁਰ ਤੋਂ ਸੋਮਾ ਦੇਵੀ, ਵਰਿੰਦਰ ਕੁਮਾਰ ਅਤੇ ਮੱਖਣ ਸਿੰਘ, ਮਾਨਸਾ ਤੋਂ ਰਾਜਪ੍ਰੀਤ ਸਿੰਘ, ਫਤਹਿਗੜ੍ਹ ਸਾਹਿਬ ਤੋਂ ਡਾ. ਕੁਲਦੀਪ ਸਿੰਘ ਦੀਪ ਅਤੇ ਬੇਅੰਤ ਸਿੰਘ, ਤਰਨ ਤਾਰਨ ਤੋਂ ਮਨਜੀਤ ਸਿੰਘ ਸ਼ਾਮਲ ਹਨ। ਇਸ ਮੌਕੇ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਐਲਕੇ ਯਾਦਵ, ਆਈਜੀ (ਆਰਥਿਕ ਅਪਰਾਧ ਵਿੰਗ) ਵੀਬੀ ਮੋਹਨੀਸ ਚਾਵਲਾ ਅਤੇ ਵਿਜੀਲੈਂਸ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

Load More Related Articles
Load More By Nabaz-e-Punjab
Load More In Vigilance

Check Also

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ ਬਹੁ-ਕ…