
ਵਿਜੀਲੈਂਸ ਨੇ ਧਰਮਸੋਤ ਦੀ ਨਾਮੀ ਤੇ ਬੇਨਾਮੀ ਜਾਇਦਾਦ ਵਾਲੀਆਂ ਫਾਈਲਾਂ ਤੋਂ ਮਿੱਟੀ ਝਾੜਨੀ ਸ਼ੁਰੂ
ਧਰਮਸੋਤ, ਓਐਸਡੀ, ਮੀਡੀਆ ਸਲਾਹਕਾਰ, ਡੀਐਫ਼ਓ ਤੇ ਠੇਕੇਦਾਰ ਤੋਂ ਕੀਤੀ ਕਰਾਸ ਪੁੱਛਗਿੱਛ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜੂਨ:
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਪਿਛਲੇ ਦਿਨੀਂ ਵੱਡੀ ਕਾਰਵਾਈ ਕਰਦਿਆਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਜੰਗਲਾਤ ਵਿਭਾਗ ਦੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਓਐਸਡੀ ਚਮਕੌਰ ਸਿੰਘ, ਮੀਡੀਆ ਸਲਾਹਕਾਰ ਕਮਲਜੀਤ ਸਿੰਘ ਖੰਨਾ, ਜ਼ਿਲ੍ਹਾ ਜੰਗਲਾਤ ਅਫ਼ਸਰ (ਡੀਐਫ਼ਓ) ਗੁਰਅਮਨਪ੍ਰੀਤ ਸਿੰਘ ਬੈਂਸ ਅਤੇ ਠੇਕੇਦਾਰ ਹਰਮੋਹਿੰਦਰ ਸਿੰਘ ਨੂੰ ਆਹਮੋ ਸਾਹਮਣੇ ਬਿਠਾ ਕੇ ਕਰਾਸ ਪੁੱਛਗਿੱਛ ਕੀਤੀ ਗਈ ਹੈ। ਹਾਲਾਂਕਿ ਜਾਂਚ ਦੌਰਾਨ ਵਿਜੀਲੈਂਸ ਨੂੰ ਠੇਕੇਦਾਰ ਦੇ ਘਰੋਂ ਮਿਲੀ ਡਾਇਰੀ ਨੇ ਭ੍ਰਿਸ਼ਟਾਚਾਰ ਦੇ ਗੋਰਖ-ਧੰਦੇ ਬਾਰੇ ਅਹਿਮ ਖ਼ੁਲਾਸੇ ਕੀਤੇ ਸਨ ਪ੍ਰੰਤੂ ਬਾਅਦ ਵਿੱਚ ਓਐਸਡੀ ਅਤੇ ਮੀਡੀਆ ਸਲਾਹਕਾਰ ਨੇ ਵੀ ਕਾਫ਼ੀ ਗੁੱਝੇ ਭੇਤ ਖੋਲ੍ਹੇ ਹਨ। ਉਕਤ ਸਾਰੇ ਮੁਲਜ਼ਮ 13 ਜੂਨ ਤੱਕ ਪੁਲੀਸ ਰਿਮਾਂਡ ’ਤੇ ਹਨ।
ਉਧਰ, ਕਾਂਗਰਸ ਵਜ਼ਾਰਤ ਦੌਰਾਨ ਧਰਮਸੋਤ ਵੱਲੋਂ ਕਥਿਤ ਤੌਰ ’ਤੇ ਵੱਖ-ਵੱਖ ਥਾਵਾਂ ’ਤੇ ਨਾਮੀ ਅਤੇ ਬੇਨਾਮੀ ਜਾਇਦਾਦ ਬਣਾਉਣ ਦੀ ਵੀ ਗੱਲ ਕਹੀ ਜਾ ਰਹੀ ਹੈ। ਸੂਤਰ ਦੱਸਦੇ ਹਨ ਕਿ ਵਿਜੀਲੈਂਸ ਨੇ ਰੈਵੀਨਿਊ ਵਿਭਾਗ ਦੀ ਮਦਦ ਨਾਲ ਹੁਣ ਧਰਮਸੋਤ ਦੀਆਂ ਨਾਮੀ ਅਤੇ ਬੇਨਾਮੀਆਂ ਜਾਇਦਾਦਾਂ ਦੀਆਂ ਫਾਈਲਾਂ ਤੋਂ ਮਿੱਟੀ ਝਾੜਨੀ ਸ਼ੁਰੂ ਕਰ ਦਿੱਤੀ ਹੈ। ਸਾਬਕਾ ਮੰਤਰੀ ਵੱਲੋਂ ਆਮਦਨ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਅਤੇ ਰਿਸ਼ਵਤਾਂ ਲੈ ਕੇ ਕਾਫ਼ੀ ਧੰਨ ਇਕੱਠਾ ਕਰਨ ਬਾਰੇ ਵੀ ਸੁਰਾਗ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਜੀਲੈਂਸ ਅਨੁਸਾਰ ਮੁਲਜ਼ਮਾਂ ਦੀ ਪੁੱਛਗਿੱਛ ਤੋਂ ਹੋਰ ਅਹਿਮ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ।
ਵਿਜੀਲੈਂਸ ਦੀ ਤਫ਼ਤੀਸ਼ ਵਿੱਚ ਪਾਇਆ ਗਿਆ ਕਿ ਧਰਮਸੋਤ ਕਰੀਬ ਤਿੰਨ ਸਾਲ ਜੰਗਲਾਤ ਮੰਤਰੀ ਰਹੇ ਹਨ। ਉਸ ਨੇ ਮੁਲਜ਼ਮ ਠੇਕੇਦਾਰ ਕੋਲੋਂ ਖੈਰ ਦੇ ਦਰਖ਼ਤ ਕੱਟਣ ਦੇ ਪਰਮਿਟ ਜਾਰੀ ਕਰਨ ਲਈ ਕਥਿਤ ਤੌਰ ’ਤੇ ਮੀਡੀਆ ਸਲਾਹਕਾਰ ਰਾਹੀਂ ਕਰੀਬ ਇੱਕ ਕਰੋੜ ਰੁਪਏ ਹਾਸਲ ਕੀਤੇ। ਵਣ ਮੰਡਲ ਅਫ਼ਸਰ ਅਮਿਤ ਚੌਹਾਨ ਨੇ ਵੀ ਠੇਕੇਦਾਰ ਨਾਲ ਮਿਲ ਕੇ ਘਪਲੇਬਾਜ਼ੀ ਕੀਤੀ। ਇੰਜ ਹੀ ਇਨ੍ਹਾਂ ਨੇ ਸ਼ਾਮਲਾਤ ਜ਼ਮੀਨ ਵਿੱਚ ਖੜੇ ਰੁੱਖਾਂ ਦੀ ਗਿਣਤੀ ਘੱਟ ਦਿਖਾਏ ਗਏ ਪ੍ਰੰਤੂ ਠੇਕੇਦਾਰ ਵੱਲੋਂ ਵੱਧ ਰੁੱਖ (ਅਸਲ ਗਿਣਤੀ ਮੁਤਾਬਕ) ਕੱਟ ਕੇ ਮੋਟੇ ਪੈਸੇ ਕਮਾਏ ਗਏ। ਇਹ ਸਾਰਾ ਮੁਨਾਫ਼ਾ ਡੀਐਫ਼ਓ ਅਤੇ ਠੇਕੇਦਾਰ ਆਪਸ ਵਿੱਚ ਵੰਡ ਲੈਂਦੇ ਸਨ। ਇਸ ਤਰ੍ਹਾਂ ਗਰਾਮ ਪੰਚਾਇਤ ਨੂੰ ਕਾਫ਼ੀ ਵਿੱਤੀ ਘਾਟਾ ਪਿਆ ਹੈ। ਵਣ ਮੰਡਲ ਅਫ਼ਸਰ ਵੀ ਚੱਲਦੀ ਗੰਗਾ ਵਿੱਚ ਹੱਥ ਧੋਣ ਤੋਂ ਪਿੱਛੇ ਨਹੀਂ ਰਿਹਾ। ਉਸ ਨੇ ਆਪਣੇ ਜਾਣਕਾਰ ਨੂੰ ਵੱਧ ਬੋਲੀ ਲਗਾ ਕੇ ਰੁੱਖ ਕੱਟਣ ਦਾ ਠੇਕਾ ਦੁਆ ਕੇ ਨਾਲ ਲੱਗਦੇ ਜੰਗਲ ’ਚੋਂ ਵੱਧ ਰੁੱਖ ਕਟਵਾ ਦਿੱਤੇ ਜਾਂਦੇ ਸੀ।
ਇਹ ਵੀ ਪਤਾ ਲੱਗਾ ਹੈ ਕਿ ਧਰਮਸੋਤ ਨੇ ਕਲੋਨੀ ਮਾਲਕਾਂ, ਨਵੇਂ ਪੈਟਰੋਲ ਪੰਪ ਲਾਉਣ, ਵੱਡੇ ਪ੍ਰਾਜੈਕਟਾਂ ਦੇ ਰਸਤਿਆਂ, ਹੋਟਲਾਂ\ਰੈਸਟੋਰੈਂਟਾਂ ਨੂੰ ਜੰਗਲਾਤ ਏਰੀਆ ’ਚੋਂ ਸੜਕ ਤੱਕ ਰਸਤਾ ਦੇਣ ਲਈ ਐਨਓਸੀ ਜਾਰੀ ਕਰਨ ਬਦਲੇ ਆਪਣੇ ਓਐਸਡੀ ਅਤੇ ਮੀਡੀਆ ਸਲਾਹਕਾਰ ਰਾਹੀਂ ਰਿਸ਼ਵਤ ਲਈ ਜਾਂਦੀ ਸੀ।
ਉਧਰ, ਧਰਮਸੋਤ ਨੂੰ ਚੰਨੀ ਸਰਕਾਰ ਵੱਲੋਂ ਪੰਜਾਬ ਕੈਬਨਿਟ ’ਚੋਂ ਆਊਟ ਕਰਨ ਤੋਂ ਬਾਅਦ ਨਵੇਂ ਬਣੇ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆ ਦੇ ਸਮੇਂ ਦੌਰਾਨ ਵੀ ਠੇਕੇਦਾਰ ਹਰਮੋਹਿੰਦਰ ਸਿੰਘ ਨੂੰ ਪਿੰਡ ਨਾਢਾ (ਮੁਹਾਲੀ) ਵਿੱਚ ਖੈਰ ਦੇ ਦਰਖ਼ਤ ਕੱਟਣ ਸਬੰਧੀ ਪਰਮਿਟ ਜਾਰੀ ਕੀਤਾ ਗਿਆ। ਜਿਸ ਬਦਲੇ ਗਿਲਜੀਆ ਨੇ ਵੀ ਰਿਸ਼ਵਤ ਮੰਗੀ ਸੀ। ਰਿਸ਼ਵਤ ਵਜੋਂ 5 ਲੱਖ ਰੁਪਏ ਵਣ ਮੰਡਲ ਅਫ਼ਸਰ ਅਮਿਤ ਚੌਹਾਨ ਰਾਹੀਂ ਗਿਲਜੀਆ ਦੇ ਓਐਸਡੀ ਕੁਲਵਿੰਦਰ ਸਿੰਘ ਨੇ ਲਏ ਸੀ। ਇਸ ਤੋਂ ਇਲਾਵਾ ਟਰੀ ਗਾਰਡਾਂ ਦੀ ਖ਼ਰੀਦ ਲਈ 800 ਰੁਪਏ ਪ੍ਰਤੀ ਟਰੀ ਗਾਰਡ ਕਮਿਸ਼ਨ ਲਈ ਗਈ ਸੀ। ਇੰਜ ਹੀ ਕੰਡਾ ਤਾਰ ਖ਼ਰੀਦਣ ਲਈ ਵੀ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ ਗਿਆ ਹੈ।